www.sursaanjh.com > ਅੰਤਰਰਾਸ਼ਟਰੀ > ਗਿਆਨੀ ਦਿੱਤ ਸਿੰਘ ਜੀ ਦੀ 123ਵੀਂ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ

ਗਿਆਨੀ ਦਿੱਤ ਸਿੰਘ ਜੀ ਦੀ 123ਵੀਂ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ

ਗਿਆਨੀ ਦਿੱਤ ਸਿੰਘ ਜੀ ਦੀ 123ਵੀਂ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ
ਮੁਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 8 ਸਤੰਬਰ:
ਸਿੱਖ ਕੌਮ ਦੇ ਮਹਾਨ ਵਿਦਵਾਨ, ਮਹਾਨ ਸਮਾਜ ਸੁਧਾਰਕ, ਪੰਜਾਬੀ ਪੱਤਰਕਾਰੀ ਦੇ ਪਿਤਾਮਾ, ਸਿੰਘ ਸਭਾ ਲਹਿਰ ਦੇ ਮੋਢੀ ਗਿਆਨੀ ਦਿੱਤ ਸਿੰਘ ਜੀ ਦੀ 123ਵੀਂ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਗੁਰਦੁਆਰਾ ਸਿੰਘ ਸਭਾ ਫੇਜ਼-1 ਮੁਹਾਲੀ ਵਿਖੇ 7 ਸਤੰਬਰ 2024 ਨੂੰ ਸ਼ਾਮ 7.00 ਵਜੇ ਤੋਂ 10.00 ਵਜੇ ਤੱਕ ਕਰਵਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਨਸੀਬ ਸਿੰਘ ਸੇਵਕ ਅਤੇ ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ ਨੇ ਦੱਸਿਆ ਕਿ ਧਾਰਮਿਕ ਸਮਾਗਮ ਸੰਨ 2001 ਤੋਂ ਹੁਣ ਤੀਕਰ ਲਗਾਤਾਰ ਹਰ ਸਾਲ ਅਲੱਗ-ਅਲੱਗ ਸਥਾਨਾਂ ’ਤੇ ਕਰਵਾਏ ਜਾਂਦੇ ਰਹੇ ਹਨ।
ਉਨ੍ਹਾਂ ਯਾਦ ਕਰਵਾਇਆ ਕਿ 6 ਸਤੰਬਰ ਨੂੰ ਗਿਆਨੀ ਦਿੱਤ ਸਿੰਘ ਜੀ ਦੀ ਬਰਸੀ ਹੁੰਦੀ ਹੈ। ਇਸ ਸਾਲ ਇਹ ਸਮਾਗਮ 7 ਸਤੰਬਰ ਨੂੰ ਗੁਰਦੁਆਰਾ ਸਿੰਘ ਸਭਾ ਫੇਜ਼-1 ਵਿਖੇ ਕਰਵਾਇਆ ਗਿਆ ਹੈ। ਇਸ ਸਮਾਗਮ ਵਿਚ ਪਹਿਲਾਂ ਹਜ਼ੂਰੀ ਰਾਗੀ ਭਾਈ ਅਮਰਜੀਤ ਸਿੰਘ ਖਾਲਸਾ ਦੁਆਰਾ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਉਪਰੰਤ ਉੱਘੇ ਵਿਦਵਾਨਾਂ ਵਲੋਂ ਆਪਣੇ ਵਿਚਾਰ ਰੱਖੇ ਗਏ।
ਇਸ ਮੌਕੇ ਸਮਾਗਮ ਦੌਰਾਨ ਕਥਾਵਾਚਕ ਭਾਈ ਸ਼ੁਭਦੀਪ ਸਿੰਘ ਜੀ ਨੇ ਗਿਆਨੀ ਦੱਤ ਸਿੰਘ ਦੇ ਜੀਵਨ ਅਤੇ ਉਨ੍ਹਾਂ ਦੁਆਰਾ ਕੀਤੇ ਵਿਲੱਖਣ ਕਾਰਜਾਂ ਬਾਰੇ ਰੋਸ਼ਨੀ ਪਾਈ ਅਤੇ ਗੁਰਮਤਿ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਜਗਤਾਰ ਸਿੰਘ ਜੋਗ ਅਤੇ ਹਰਬੰਸ ਸਿੰਘ ਸਾਨ ਨੇ ਅੱਜ ਦੇ ਹਾਲਾਤਾਂ ਬਾਰੇ ਆਪਣੀਆਂ ਆਪਣੀਆਂ ਕਵਿਤਾਵਾਂ ਤਰਨੰਮ ਵਿਚ ਗਾਈਆਂ।
ਸਭਾ ਦੇ ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ ਨੇ ਦੱਸਿਆ ਕਿ ਇਸ ਸਮਾਗਮ ਵਿਚ ਉੱਘੀ ਸ਼ਖਸ਼ੀਅਤ ਗੌਤਮ ਸਿੰਘ ਸੂਦਨ ਨੂੰ ਸਨਮਾਨਿਤ ਕੀਤਾ ਗਿਆ। ਅਵਤਾਰ ਸਿੰਘ ਮਹਿਤਪੁਰੀ ਨੇ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ ਬਾਰੇ ਸੰਖੇਪ ਵਿਚ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ ਅਤੇ ਸਟੇਜ ਦੀ ਕਾਰਵਾਈ ਬਾਖੂਬੀ ਨਿਭਾਈ।
ਇਸ ਮੌਕੇ ਸਮਾਗਮ ਵਿਚ ਪ੍ਰਿੰਸੀਪਲ ਨਸੀਬ ਸਿੰਘ ਸੇਵਕ, ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਸੁੱਚਾ ਸਿੰਘ ਕਲੌੜ, ਪ੍ਰੀਤਮ ਸਿੰਘ, ਰਣਜੋਧ ਸਿੰਘ ਰਾਣਾ, ਸੁਖਦੀਪ ਸਿੰਘ, ਬਲਜਿੰਦਰ ਕੌਰ ਸੇਰਗਿੱਲ, ਮਨਪ੍ਰੀਤ ਕੌਰ ਅਤੇ ਜਸਪਾਲ ਕਲੌੜ ਦੇ ਨਾਲ ਬਹੁਤ ਸਾਰੀ ਸੰਗਤ ਨੇ ਨੰਦਪੁਰ ਕਲੌੜ ਤੋਂ ਆ ਕੇ ਸਮਾਗਮ ਵਿਚ ਹਾਜ਼ਰੀ ਭਰੀ। ਸਮਾਗਮ ਦੇ ਅਖੀਰ ਵਿਚ ਪ੍ਰਿੰ ਨਸੀਬ ਸਿੰਘ ਸੇਵਕ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *