www.sursaanjh.com > ਅੰਤਰਰਾਸ਼ਟਰੀ > ਸ਼ਾਇਰ ਰਘਬੀਰ ਸਿੰਘ ਰਚਿਤ ਪੁਸਤਕ ‘ਰੁਤਬਾ’ ਦਾ ਲੋਕ ਅਰਪਣ ਕੀਤਾ ਗਿਆ – ਹਰਨਾਮ ਸਿੰਘ ਡੱਲਾ

ਸ਼ਾਇਰ ਰਘਬੀਰ ਸਿੰਘ ਰਚਿਤ ਪੁਸਤਕ ‘ਰੁਤਬਾ’ ਦਾ ਲੋਕ ਅਰਪਣ ਕੀਤਾ ਗਿਆ – ਹਰਨਾਮ ਸਿੰਘ ਡੱਲਾ

ਸ਼ਾਇਰ ਰਘਬੀਰ ਸਿੰਘ ਰਚਿਤ ਪੁਸਤਕ ‘ਰੁਤਬਾ’ ਦਾ ਲੋਕ ਅਰਪਣ ਕੀਤਾ ਗਿਆ – ਹਰਨਾਮ ਸਿੰਘ ਡੱਲਾ
ਲੇਖ ਰਾਜ ਧੀਰ, ਡਾਕਟਰ ਤੇਜਪਾਲ ਸਿੰਘ ਕੰਗ, ਰਾਬਿੰਦਰ ਸਿੰਘ ਰੱਬੀ, ਮਨਦੀਪ ਕੌਰ ਰਿੰਪੀ, ਬੀਬਾ ਯਤਿੰਦਰ ਕੌਰ ਮਾਹਲ, ਰਾਜਵੀਰ ਸਿੰਘ ਚੌਂਤਾ ਅਤੇ ਪੁਸਤਕ ਦੇ ਲੇਖਕ ਸ੍ਰੀ ਰਘਬੀਰ ਸਿੰਘ ਪ੍ਰਧਾਨਗੀ ਮੰਡਲ ਵਿੱਚ ਹੋਏ ਸ਼ਾਮਿਲ
ਬਹਿਰਾਮਪੁਰ ਬੇਟ (ਸੁਰ ਸਾਂਝ ਡਾਟ ਕਾਮ ਬਿਊਰੋ), 18 ਸਤੰਬਰ:
ਸਾਹਿਤ ਸਭਾ ਰਜਿ: ਬਹਿਰਾਮਪੁਰ ਬੇਟ ਨੇ ਸ੍ਰੀ ਰਘਬੀਰ ਸਿੰਘ ਦੀ ਕਾਵਿ ਪੁਸਤਕ ‘ਰੁਤਬਾ’ ਦਾ ਲੋਕ ਅਰਪਣ ਸਮਾਗਮ ਸਭਾ ਦੇ ਦਫ਼ਤਰ ਕੰਪਲੈਕਸ ਵਿਖੇ ਕਰਵਾਇਆ, ਜਿਸ ਦੀ ਪ੍ਰਧਾਨਗੀ ਗੀਤਕਾਰ ਸ੍ਰੀ ਹਰਬੰਸ ਮਾਲਵਾ ਨੇ ਕੀਤੀ। ਇਸ ਸਮੇਂ ਮੰਚ ਉੱਤੇ ਲੇਖ ਰਾਜ ਧੀਰ, ਡਾਕਟਰ ਤੇਜਪਾਲ ਸਿੰਘ ਕੰਗ, ਰਾਬਿੰਦਰ ਸਿੰਘ ਰੱਬੀ, ਮਨਦੀਪ ਕੌਰ ਰਿੰਪੀ, ਬੀਬਾ ਯਤਿੰਦਰ ਕੌਰ ਮਾਹਲ, ਰਾਜਵੀਰ ਸਿੰਘ ਚੌਂਤਾ ਅਤੇ ਪੁਸਤਕ ਦੇ ਲੇਖਕ ਸ੍ਰੀ ਰਘਬੀਰ ਸਿੰਘ ਸ਼ਸ਼ੋਭਿਤ ਸਨ। ਸਭ ਤੋਂ ਪਹਿਲਾਂ ਸੁਰਿੰਦਰ ਰਸੂਲਪੁਰ ਨੇ ਆਏ ਸਾਹਿਤਕਾਰਾਂ ਨੂੰ ਜੀ ਆਇਆਂ ਕਹਿੰਦਿਆਂ ਸਭਾ ਦੀਆਂ ਗਤੀਵਿਧੀਆਂ ਉੱਤੇ ਪੰਛੀ ਝਾਤ ਪੁਆਈ‌। ਇਸ ਸਮਾਗਮ ਦੀ ਸ਼ੁਰੂਆਤ ਖੁਸ਼ਪ੍ਰੀਤ ਸਿੰਘ ਮਨਜੀਤਪੁਰਾ ਦੇ‌ ਗੀਤ ਨਾਲ ਹੋਈ। ਉਪਰੰਤ ਰਾਜਵੀਰ ਸਿੰਘ ਚੌਂਤਾ ਨੇ ਰਲੀਜ਼ ਕੀਤੇ ਜਾਣ ਵਾਲੇ ਕਾਵਿ ਸੰਗ੍ਰਹਿ ਉੱਤੇ ਭਾਵਪੂਰਤ ਪੇਪਰ ਪੜ੍ਹਦਿਆਂ ਕਿਹਾ ਕਿ ਕਵੀ ਰਘਵੀਰ ਸਿੰਘ ਨੇ ਕਾਵਿ ਪੁਸਤਕ ‘ਰੁਤਬਾ’ ਵਿੱਚ ਕੁਦਰਤ ਦੇ ਕਾਦਰ ਦੀਆਂ ਅਨਮੋਲ ਦਾਤਾਂ ਦੀ ਪ੍ਰਸੰਸਾ, ਕੁਦਰਤ ਦੀ ਸਥਿਰਤਾ ਅਤੇ ਮਨੁੱਖੀ ਸਰੀਰ ਦੇ ਬਣਨ ਬਿਨਸਣ ਦਾ ਵਿਖਿਆਨ ਵੱਖ-ਵੱਖ ਬਿੰਬਾਂ, ਪ੍ਰਤੀਕਾਂ, ਅਲੰਕਾਰਾਂ, ਮੁਹਾਵਰਿਆਂ ਦੇ ਜ਼ਰੀਏ ਬਾ-ਖੂਬੀ ਕੀਤਾ ਹੈ। ਉਸ ਨੇ ਆਪਣੀਆਂ ਬਹੁਤ ਸਾਰੀਆਂ ਕਵਿਤਾਵਾਂ ਵਿੱਚ ਦੁਨੀਆਵੀ ਸੱਚਾਈ ਨੂੰ ਅਧਿਆਤਮਿਕ ਅਤੇ ਰਹੱਸਮਈ ਲਹਿਜ਼ੇ ਵਿੱਚ ਪੇਸ਼ ਕਰਕੇ ਇੱਕ ਵੱਖਰੇ ਕਿਸਮ ਦੀ ਸ਼ਾਇਰੀ ਨੂੰ ਅੰਜ਼ਾਮ ਦਿੱਤਾ ਹੈ।
ਇਸ ਕਿਤਾਬ ਦੀ ਗੱਲ ਨੂੰ ਅੱਗੇ ਤੋਰਦਿਆਂ ਮਨਦੀਪ ਰਿੰਪੀ ਨੇ ਭਾਵ ਪੂਰਤ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਨਵੀਨ ਸਾਹਿਤ ਵਿੱਚ ਸਮਾਜਿਕਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਲੇਖਕ ਨੇ ਆਪਣੀਆਂ ਕਵਿਤਾਵਾਂ ਵਿੱਚ ਰੁਹਾਨੀਅਤ ਨੂੰ ਸਥਾਨ ਦਿੱਤਾ ਹੈ। ਅੱਜ ਦਾ ਸਮਾਂ ਸਮਾਜਿਕ ਸਰੋਕਾਰਾਂ ਦੀ ਕਵਿਤਾ ਲਿਖਣ ਦੀ ਸਮਾਂ ਮੰਗ ਕਰਦਾ ਹੈ। ਰਾਬਿੰਦਰ ਸਿੰਘ ਰੱਬੀ ਨੇ ਪੁਸਤਕ ਵਿਚਲੀਆਂ ਕਵਿਤਾਵਾਂ ਉੱਤੇ ਗੱਲ ਕਰਦਿਆਂ ਕਿਹਾ ਕਿ ਰਘਬੀਰ ਸਿੰਘ ਦੀ ਪੁਸਤਕ ਦੀਆਂ ਕਵਿਤਾਵਾਂ ਵਿੱਚ ਆਪਣੇ ਕਿਸਮ ਦੀ ਸ਼ਾਇਰੀ ਹੈ, ਜਿਸ ਨੂੰ ਪੜ੍ਹਦਿਆਂ ਆਨੰਦ ਆਉਂਦਾ ਹੈ। ਉਨ੍ਹਾਂ ਨੇ ਕਵੀ ਨੂੰ ਵਿਆਕਰਣਕ ਊਣਤਾਈਆਂ ਅਤੇ ਭਾਸ਼ਾ ਦਾ ਸੰਜਮ ਵਰਤਣ ਦੀ ਸਲਾਹ ਦਿੱਤੀ। ਉਨ੍ਹਾਂ ਹਾਜ਼ਰ ਲੇਖਕਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਸਾਨੂੰ ਨਵੇਂ ਲੇਖਕਾਂ ਦੀਆਂ ਰਚਨਾਵਾਂ ਉੱਤੇ ਪੁਸਤਕ ਛਪਣ ਤੋਂ ਪਹਿਲਾਂ ਵੀ ਗੋਸ਼ਟੀਆਂ ਕਰਾਉਂਣੀਆਂ ਚਾਹੀਦੀਆਂ ਹਨ। ਬੀਬਾ ਯਤਿੰਦਰ ਕੌਰ ਮਾਹਲ ਨੇ ਪੁਸਤਕ ‘ਰੁਤਬਾ’ ਵਿੱਚਲੀਆਂ ਕਵਿਤਾਵਾਂ ਨੂੰ ਇੱਕ ਵੱਖਰੇ ਦ੍ਰਿਸ਼ਟੀਕੋਨ ਤੋਂ ਵਾਚਦਿਆਂ ਕਿਹਾ ਕਿ ਲੇਖਕ ਦੀਆਂ ਕਵਿਤਾਵਾਂ ਵਿੱਚ ਭਾਵੇਂ ਰੁਹਾਨੀਅਤ ਭਾਰੂ ਹੈ, ਪਰ ਉਸ ਵਲੋਂ ਸਮਾਜਿਕ ਛਾਪ ਰੱਖਦੀਆਂ ਕਵਿਤਾਵਾਂ ਵਿੱਚ ਵਧੀਆ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਨਵੇਂ ਲੇਖਕ ਦੀ ਸਾਨੂੰ ਪ੍ਰਸੰਸਾ ਕਰਨੀ ਬਣਦੀ ਹੈ।
ਇਸ ਉਪਰੰਤ ਸ਼ਾਇਰ ਰਘਬੀਰ ਸਿੰਘ ਨੇ ਬੁਲਾਰਿਆਂ ਦੀਆਂ ਟਿੱਪਣੀਆਂ ਅਤੇ ਸੁਝਾਵਾਂ ਨੂੰ ਖਿੜੇ ਮੱਥੇ ਪ੍ਰਵਾਨਦਿਆਂ ਪੁਸਤਕ ਵਿੱਚੋਂ ਕੁਝ ਕਵਿਤਾਵਾਂ ਵੀ ਸੁਣਾਈਆਂ। ਹਰਬੰਸ ਮਾਲਵਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਸਾਨੂੰ ਨਵੇਂ ਸਾਹਿਤਕਾਰਾਂ ਦੀ ਰਾਹਨੁਮਾਈ ਕਰਨੀ ਚਾਹੀਦੀ ਹੈ। ਸਾਹਿਤ ਸਭਾ ਬਹਿਰਾਮਪੁਰ ਬੇਟ ਨੂੰ ਮਾਣ ਜਾਂਦਾ ਹੈ ਕਿ ਉਹ ਨਵੇਂ ਲੇਖਕ ਅਤੇ ਪਾਠਕ ਪੈਦਾ ਕਰ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੀ ਹੈ। ਇਸੇ ਦੌਰਾਨ ਕਵੀ ਦਰਬਾਰ ਦੀ ਸ਼ੁਰੁਆਤ ਕੁਲਵਿੰਦਰ ਖੈਰਾਬਾਦ ਦੇ ਗੀਤ ਨਾਲ ਹੋਈ। ਨਵੇਂ ਲੇਖਕ ਅਮਨਦੀਪ ਸਿੰਘ ਫਤਿਹਪੁਰ ਨੇ ਗੀਤ, ਕਰਤਿਕਾ ਸਿੰਘ ਨੇ ਹਿੰਦੀ ਨਜ਼ਮ, ਨੇਤਰ ਸਿੰਘ ਮੁੱਤੋਂ ਨੇ ਗੀਤ, ਸਿਕੰਦਰ ਸਿੰਘ ਨੇ ਲੋਕ ਤੱਥ, ਸੁਰਜੀਤ ਸਿੰਘ ਜੀਤ ਅਤੇ‌ ਅਮਰਜੀਤ ਕੌਰ ਮੋਰਿੰਡਾ ਨੇ ਗ਼ਜ਼ਲਾਂ ਸੁਣਾ ਕੇ ਸਰੋਤਿਆਂ ਤੋਂ ਵਾਹ ਵਾਹ ਖੱਟੀ। ਇਸ ਸਮੇਂ ਕਿਤਾਬ ਦੇ ਲੇਖਕ ਰਘਬੀਰ ਸਿੰਘ, ਪਰਚਾ ਲੇਖਕ ਰਾਜਵੀਰ ਸਿੰਘ ਚੌਂਤਾ ਅਤੇ ਹਰਬੰਸ ਮਾਲਵਾ ਨੂੰ ਯਾਦ ਚਿੰਨ੍ਹ ਅਤੇ ਲੋਈ ਭੇਟ ਕਰਕੇ ਸਨਮਾਨ ਵੀ ਕੀਤਾ। ਸਮਾਗਮ ਵਿੱਚ ਤੇਜਪਾਲ ਸਿੰਘ ਕੰਗ, ਰਾਣਾ ਮਨਮੋਹਣ ਸਿੰਘ, ਪੱਤਰਕਾਰ ਰੈੱਕਟਰ ਕਥੂਰੀਆ, ਗੁਰਜੰਟ ਸਿੰਘ, ਸੁਖਬੀਰ ਸਿੰਘ, ਸਰਬਜੀਤ ਸਿੰਘ, ਅਵਤਾਰ ਸਿੰਘ ਮਹਿਤੋਤ, ਸੰਤੋਖ ਸਿੰਘ, ਪਵਿੱਤਰ ਸਿੰਘ, ਮੇਜਰ ਸਿੰਘ ਮਾਨ, ਤੁਸੱਵਰਜੀਤ ਸਿੰਘ, ਅਜਮੇਰ ਸਿੰਘ ਅਤੇ ਕੁਲਵਿੰਦਰ ਤੋਂ ਇਲਾਵਾ ਬਹੁਤ ਸਾਰੇ ਹੋਰ ਸਰੋਤੇ ਵੀ ਹਾਜ਼ਰ ਸਨ।

Leave a Reply

Your email address will not be published. Required fields are marked *