ਖਰੜ ਤੋਂ ਮੋਰਿੰਡਾ ਮਾਰਗ ਦਾ ਨਾਂ ਸ਼ਹੀਦ ਕਾਂਸੀ ਰਾਮ ਮੜੌਲੀ ਮਾਰਗ ਰੱਖਿਆ ਜਾਵੇ
ਗ਼ਦਰੀ ਬਾਬੇ ਵਿਚਾਰਧਾਰਕ ਮੰਚ ਪੰਜਾਬ ਦੀ ਸਰਕਾਰ ਨੂੰ ਅਪੀਲ
ਖਰੜ/ਮੋਰਿੰਡਾ (ਸੁਰ ਸਾਂਝ ਡਾਟ ਕਾਮ ਬਿਊਰੋ), 09 ਅਕਤੂਬਰ:


ਗ਼ਦਰੀ ਬਾਬੇ ਵਿਚਾਰਧਾਰਕ ਮੰਚ (ਪੰਜਾਬ) ਖਰੜ ਵਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਦੇਸ਼ ਦੀ ਅਜ਼ਾਦੀ ਲਈ ਜਾਨ ਵਾਰਨ ਵਾਲੇ ਪੁਆਧ ਇਲਾਕੇ ਦੇ ਸਿਰਮੌਰ ਸ਼ਹੀਦ, ਸ਼ਹੀਦ ਕਾਂਸੀ ਰਾਮ ਮੜੌਲੀ ਦੇ ਨਾਂ ਉੱਤੇ ਖਰੜ ਤੋਂ ਮੋਰਿੰਡਾ ਮਾਰਗ ਦਾ ਨਾਂ ਰੱਖਿਆ ਜਾਵੇ। ਇਸ ਸਬੰਧੀ ਇੱਕ ਵਫਦ ਮੰਚ ਦੇ ਪ੍ਰਧਾਨ ਸ੍ਰੀ ਹਰਨਾਮ ਸਿੰਘ ਡੱਲਾ ਦੀ ਅਗਵਾਈ ਵਿੱਚ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਚੰਨੀ ਨੂੰ ਮਿਲਿਆ।
ਇਸ ਸਮੇਂ ਉਨ੍ਹਾਂ ਨਾਲ ਮੰਚ ਦੇ ਸਕੱਤਰ ਸੁਖਵਿੰਦਰ ਸਿੰਘ ਦੁਮਣਾ, ਖਜਾਨਚੀ ਕਾਮਰੇਡ ਯੋਗ ਰਾਜ, ਪ੍ਰਕਾਸ਼ ਸਿੰਘ ਰੰਗੀ, ਸ਼ਹੀਦ ਕਾਂਸੀ ਰਾਮ ਦੇ ਪੋਤਰੇ ਕੇਵਲ ਜੋਸ਼ੀ, ਕਾਮਰੇਡ ਦਿਨੇਸ਼ ਪ੍ਰਸਾਦ ਅਤੇ ਮੜੌਲੀ ਦੇ ਸਾਬਕਾ ਸਰਪੰਚ ਸ.ਦਲਜੀਤ ਸਿੰਘ ਵੀ ਹਾਜ਼ਰ ਸਨ। ਉਹਨਾਂ ਇੱਕ ਮੰਗ ਪੱਤਰ ਰਾਹੀਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੇਸ਼ ਦੀ ਅਜ਼ਾਦੀ ਲਹਿਰ ਚਲਾਉਂਣ ਲਈ ਗ਼ਦਰੀ ਬਾਬਿਆਂ ਨੇ ਬਦੇਸ਼ਾਂ ਅਤੇ ਆਪਣੇ ਘਰ ਦੀ ਚਿੰਤਾ ਨੂੰ ਛੱਡ ਕੇ ਅਪਣੇ ਵਤਨ ਦੀ ਅਜ਼ਾਦੀ ਨੂੰ ਪਹਿਲ ਦਿੱਤੀ ਸੀ। ਸ਼ਹੀਦ ਕਾਂਸੀ ਰਾਮ ਮੜੌਲੀ ਨੇ ਵੀ ਅਮਰੀਕਾ ਵਰਗੇ ਦੇਸ਼ ਨੂੰ ਛੱਡ ਕੇ ਦੇਸ਼ ਲਈ ਆਪਣੀ ਜਾਨ ਦੀ ਅਹੂਤੀ ਦਿੱਤੀ ਸੀ।

