www.sursaanjh.com > ਅੰਤਰਰਾਸ਼ਟਰੀ > ਪੰਜਾਬ ਸਕੱਤਰੇਤ ਸਾਹਿਤ ਸਭਾ ਨੇ ਉਘੇ ਗਜ਼ਲਗੋ ਸਵ. ਅਜਮੇਰ ਸਾਗਰ ਦੀ ਯਾਦ ਵਿੱਚ ਕਵੀ ਦਰਬਾਰ ਕਰਵਾਇਆ – ਮਲਕੀਤ ਸਿੰਘ ਔਜਲਾ 

ਪੰਜਾਬ ਸਕੱਤਰੇਤ ਸਾਹਿਤ ਸਭਾ ਨੇ ਉਘੇ ਗਜ਼ਲਗੋ ਸਵ. ਅਜਮੇਰ ਸਾਗਰ ਦੀ ਯਾਦ ਵਿੱਚ ਕਵੀ ਦਰਬਾਰ ਕਰਵਾਇਆ – ਮਲਕੀਤ ਸਿੰਘ ਔਜਲਾ 

ਪੰਜਾਬ ਸਕੱਤਰੇਤ ਸਾਹਿਤ ਸਭਾ ਨੇ ਉਘੇ ਗਜ਼ਲਗੋ ਸਵ. ਅਜਮੇਰ ਸਾਗਰ ਦੀ ਯਾਦ ਵਿੱਚ ਕਵੀ ਦਰਬਾਰ ਕਰਵਾਇਆ – ਮਲਕੀਤ ਸਿੰਘ ਔਜਲਾ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਅਕਤੂਬਰ:
ਪੰਜਾਬ ਸਕੱਤਰੇਤ ਸਾਹਿਤ ਸਭਾ (ਰਜਿ:) ਚੰਡੀਗੜ ਵੱਲੋਂ ਮਲਕੀਤ ਸਿੰਘ ਔਜਲਾ ਦੀ ਪ੍ਰਧਾਨਗੀ ਹੇਠ ਸਭਾ ਦੇ ਸਾਬਕਾ ਪ੍ਰਧਾਨ ਅਤੇ ਗਜ਼ਲਗੋ ਸਵ. ਅਜਮੇਰ ਸਾਗਰ ਦੀ ਨਿੱਘੀ ਯਾਦ ਵਿੱਚ ਪੰਜਾਬ ਕਲਾ ਭਵਨ ਚੰਡੀਗੜ ਵਿਖੇ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਤੀਹ ਤੋਂ ਵੱਧ ਸ਼ਾਇਰਾਂ ਨੇ ਰਚਨਾਵਾਂ ਪੇਸ਼ ਕੀਤੀਆਂ। ਇਸ ਕਵੀ ਦਰਬਾਰ ਵਿੱਚ ਆਦਿ ਕਵੀ ਮਹਾਰਿਸ਼ੀ ਬਾਲਮੀਕ ਜੀ ਨੂੰ ਵੀ ਸਿਜਦਾ ਕੀਤਾ ਗਿਆ। ਇਸ ਮੌਕੇ ਸਵ. ਅਜਮੇਰ ਸਾਗਰ ਦੇ ਪਰਿਵਾਰ ਨੂੰ ਯਾਦ ਚਿੰਨ੍ਹ, ਲੋਈ ਅਤੇ ਕਾਵਿਕ ਲਕੀਰਾਂ ਪੁਸਤਕ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਯੋਗੀ ਆਯੁਰਵੈਦਾ ਦੀ ਤਰਫੋਂ ਵੈਦ ਸੁਖਜਿੰਦਰ ਸਿੰਘ ਯੋਗੀ ਨੇ ਤੋਹਫੇ ਦੇ ਰੂਪ ਵਿੱਚ ਦੀਵਾਰ ਘੜੀਆਂ ਅਤੇ ਅਰੋਗ ਰਹਿਣ ਲਈ ਕਿੱਟਾਂ ਅਦਬ ਨਾਲ ਪ੍ਰਧਾਨਗੀ ਮੰਡਲ ਰਾਹੀਂ ਸ਼ਾਇਰਾਂ ਨੂੰ ਭੇਟ ਕੀਤੀਆਂ। ਡਾ. ਦਵਿੰਦਰ ਸਿੰਘ ਬੋਹਾ, ਜਿਲ੍ਹਾ ਭਾਸ਼ਾ ਆਫਸਰ (ਰਿਟਾ.), ਸ੍ਰੀ ਭਗਤ ਰਾਮ ਰੰਗਾੜਾ, ਪ੍ਰਧਾਨ ਕਵੀ ਮੰਚ (ਰਜਿ:) ਮੋਹਾਲੀ ਅਤੇ ਲੇਖਕ ਤੇ ਸ਼ਾਇਰ ਰਾਜ ਕੁਮਾਰ ਸਾਹੋਵਾਲੀਆ, ਉਪ ਸਕੱਤਰ (ਰਿਟਾ.) ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਏ ਅਤੇ ਮੰਚ ਸੰਚਾਲਕ ਦੀ ਭੂਮਿਕਾ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ ਵੱਲੋਂ ਖੁਦ ਨਿਭਾਈ ਗਈ।
ਪ੍ਰੋਗਰਾਮ ਦੇ ਮੁੱਢਲੇ ਦੌਰ ਵਿੱਚ ਪੰਜਾਬ ਸਿਵਲ ਸਕੱਤਰੇਤ ਦੇ ਲੇਖਕਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ, ਜਿਸ ਵਿੱਚ ਸਭਾ ਦੇ ਵਿੱਤ ਸਕੱਤਰ ਬਲਜਿੰਦਰਪਾਲ ਸਿੰਘ ਬੱਲੀ, ਨਿੱਜੀ ਸਕੱਤਰ ਵੱਲੋਂ ਧਾਰਮਿਕ ਗੀਤ “ਸਤਿਗੁਰੂ ਨਾਨਕ ਆ ਜਾ” ਗਾ ਕੇ ਕੀਤੀ। ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਝੱਜ, ਸੁਪਰਡੰਟ ਗਰੇਡ-1 ਵੱਲੋਂ “ਰੁੱਖਾਂ ਨੂੰ ਸੁਣਾ ਦੇ ਕੋਈ ਨਗਮਾ ਜੋ ਛਾਵਾਂ ਦਿੰਦੇ ਧੁੱਪਾਂ ਚ ਖੜੇ”, “ਪੀੜ ਤੇਰੇ ਜਾਣ ਦੀ”  ਅਤੇ “ਕਵੀਸਰੀ” ਗਾ ਕੇ ਰੰਗ ਬੰਨਿਆ। ਹਰਪ੍ਰੀਤ ਸਿੰਘ ਬਲੱਗਣ, ਸਟੈਨੋਗ੍ਰਾਫਰ ਵੱਲੋਂ  “ਬੇਮੌਸਮੀ ਬਰਸਾਤ ਦੇ ਨੁਕਸਾਨ” ਬਾਰੇ ਰਚਨਾ ਪੇਸ਼ ਕੀਤੀ ਗਈ। ਜਤਿੰਦਰ ਕੌਰ ਬਿੰਦਰਾ ਵੱਲੋਂ ਜ਼ਿੰਦਗੀ ਬਾਰੇ ਕਵਿਤਾ ਪੇਸ਼ ਕੀਤੀ ਗਈ। ਜਰਨੈਲ ਹੁਸ਼ਿਆਰਪੁਰੀ ਵੱਲੋਂ ਅਜਮੇਰ ਸਾਗਰ ਅਤੇ ਸੁਰਜੀਤ ਪਾਤਰ ਦੀ ਯਾਦ ਵਿੱਚ ਲਿਖੀ ਰਚਨਾ “ਗਏ ਸਾਗਰ ਪਾਤਰ ਮਾਰ ਉਡਾਰੀ, ਖੌਰੇ ਕੱਲ ਨੂੰ ਕਿਸ ਦੀ ਵਾਰੀ” ਪੇਸ਼ ਕੀਤੀ ਗਈ।  ਸ਼ਾਇਰ ਸੁਰਜੀਤ ਸੁਮਨ ਵੱਲੋਂ ਅਜਮੇਰ ਸਾਗਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ ਅਤੇ ਤਾਜ਼ਾ ਰਚਨਾ ਪੇਸ਼ ਕੀਤੀ ਗਈ। ਕਹਾਣੀਕਾਰ ਗੁਰਮੀਤ ਸਿੰਗਲ ਵੱਲੋਂ “ਜਿਥੇ ਵੀ ਜਾਂਦੇ ਹੋ ਲਹੂ ਦੀ ਲਕੀਰ ਖਿੱਚੀ ਜਾਂਦੇ ਹੋ” ਕਵਿਤਾ ਸੁਣਾਈ ਗਈ। ਜਸਬੀਰ ਸਿੰਘ ਵੱਲੋਂ “ਬੜਾ ਚੰਗਾ ਵੇਲਾ ਸੀ”, ਜੌਹਨ ਪਾਲ ਵੱਲੋਂ ਕਰਵਾ ਚੌਥ ਦੀ ਕਵਿਤਾ “ਕਿਸ ਨੇ ਸਮਝਿਆ”,  ਪੇਸ਼ ਕੀਤੀਆਂ ਗਈਆਂ।
ਹਰਦੇਵ ਸਿੰਘ ਸੈਣੀ, ਵਿਸ਼ੇਸ਼ ਸਕੱਤਰ/ਮੰਤਰੀ (ਰਿਟਾ.) ਵੱਲੋਂ ਕਵਿਤਾ “ਵੋਟਰਾਂ ਨੂੰ ਪਹਿਲਾਂ ਆਟੇ ਦਾਲ ਤੇ ਲਾਇਆ ਫੇਰ ਚਾਹ ਪੱਤੀ ਤੇ ਭਰਮਾਇਆ”, ਹਰਬੰਸ ਸਿੰਘ ਕਲੇਰ, ਸਕੱਤਰ/ਮੰਤਰੀ (ਰਿਟਾ.) ਵੱਲੋਂ “ਸੱਜਣਾ ਵੇ ਸੱਜਣਾ“ ਗੀਤ ਆਪਣੀ ਬੁਲੰਦ ਆਵਾਜ਼ ਵਿੱਚ ਪੇਸ਼ ਕੀਤਾ। ਇਸੇ ਤਰ੍ਹਾਂ ਸ਼ੁਦੇਸ਼ ਕੁਮਾਰੀ ਨਿੱਜੀ ਸਕੱਤਰ ਵੱਲੋਂ “ਕਿਹੋ ਜਿਹਾ ਸਮਾਂ ਬੀਤ ਰਿਹਾ ਹੈ” ਕਵਿਤਾ ਸੁਣਾਈ ਗਈ,  ਸੁਖਚਰਨ ਸਿੰਘ ਸਾਹੋਕੇ ਅਧੀਨ ਸਕੱਤਰ (ਰਿਟਾ.) ਵੱਲੋਂ ਵਿਚਾਰ ਪੇਸ਼ ਕੀਤੇ ਗਏ।  ਗਗਨ ਝੱਜ ਦੁਰਾਲੀ ਵੱਲੋਂ “ਮੈਂ ਚਾਹੁੰਦਾ ਗੀਤ ਓਹ ਲਿਖਣਾ ਜਿਸ ਵਿੱਚ ਤੇਰੇ ਚਰਚੇ ਹੋਣ” ਕਵਿਤਾ ਪੇਸ਼ ਕੀਤੀ ਅਤੇ  ਜਸਪ੍ਰੀਤ ਰੰਧਾਵਾ ਸਾਬਕਾ ਪ੍ਰਧਾਨ ਵੱਲੋਂ ਵਿਚਾਰ ਪੇਸ਼ ਕੀਤੇ ਗਏ। ਡਾ. ਪੰਨਾ ਲਾਲ ਮੁਸਤਫਾਬਾਦੀ ਵੱਲੋਂ “ਕੁੜੀ ਮੁੰਡੇ ਵਿੱਚ ਫਰਕ ਨਾ ਕਾਈ ਸਭ ਨੂੰ ਦਿਓ ਪੜਾਈ” ਕਵਿਤਾ ਸੁਣਾਈ ਗਈ। ਉੱਘੇ ਗੀਤਕਾਰ ਭੁਪਿੰਦਰ ਮਟੌਰ ਵਾਲਾ ਵੱਲੋਂ ਆਪਣਾ ਲਿਖਿਆ ਅਤੇ ਬਿੰਦਰਖੀਏ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਗੀਤ “ਨੱਚਣਾ ਭੰਬੀਰੀ ਬਣ ਕੇ” ਅਤੇ “ਵੇ ਸਾਨੂੰ ਸਾਡਾ ਦਿਲ ਮੋੜ ਦੇ” ਪੇਸ਼ ਕੀਤੇ ਗਏ।
ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਨੇ “ਮਾਂ ਬਾਰੇ ਪਿਆਰ” ਕਵਿਤਾ ਰਾਹੀਂ ਵਿਦੇਸ਼ ਗਏ ਪੁੱਤਰ ਦੀ ਦਾਸਤਾਨ ਬਿਆਨ ਕੀਤੀ। ਮਹਿੰਦਰ ਸਿੰਘ ਗੋਸਲ ਨੇ ਦੁਸਹਿਰੇ ਤੇ ਨਿਵੇਕਲੀ ਕਵਿਤਾ ਸੁਣਾਈ।  ਗੁਰਬਖਸ਼ ਕੌਰ ਵੱਲੋਂ “ਜਿੰਦਾ ਨੇ ਮਲੂਕ ਜਿਹੀਆਂ ਉਮਰਾਂ ਨਾਦਾਨ ਨੇ” ਧਾਰਮਿਕ ਰਚਨਾ ਪੇਸ਼ ਕੀਤੀ। ਪਿਆਰਾ ਸਿੰਘ ਰਾਹੀ ਨੇ “ਕੱਖਾਂ ਥੱਲੇ ਅੱਗ ਛੁਪਾਈ ਫਿਰਦੇ ਹਾਂ” ਅਤੇ ਗੱਜਣ ਸਿੰਘ ਵੱਲੋਂ “ਹੀਰ” ਸੁਣਾਈ ਗਈ।  ਪਾਲ ਅਜਨਬੀ ਵੱਲੋਂ “ਵੇਖ ਫੁੱਲਾਂ ਨੂੰ ਖੁਸ਼ਬੂ ਲੈ” ਅਤੇ ਦਰਸ਼ਨ ਤਿਓਣਾ ਵੱਲੋਂ “ਕੌਣ ਗਿਆਂ ਨੂੰ ਮੋੜੇ ਵੇ ਲੋਕੋ” ਰਚਨਾ ਪੇਸ਼ ਬਾਖੂਬੀ ਕੀਤੀ ਗਈ।
ਅਲੀ ਰਾਜਪੁਰਾ ਵੱਲੋਂ “ਵਸ ਗਈ ਤੂੰ ਦੂਸਰੇ ਜਹਾਨ ਚ, ਪਿਛੋਂ ਰੁਲਿਆ ਜਵਾਨ ਪੁੱਤ ਤੇਰਾ” ਗਾ ਕੇ ਮਾਂ ਨੂੰ ਭਾਵ ਭਿੰਨਾ ਸਜਦਾ ਕੀਤਾ ਗਿਆ। ਭਗਤ ਰਾਮ ਰੰਗਾੜਾ ਪ੍ਰਧਾਨ ਕਵੀ ਮੰਚ ਮੋਹਾਲੀ ਵੱਲੋਂ ਸਕੱਤਰੇਤ ਸਾਹਿਤ ਸਭਾ ਦੇ ਉਪਰਾਲਿਆਂ ਦੀ ਪ੍ਰਸ਼ੰਸ਼ਾ  ਕੀਤੀ ਗਈ ਤੇ ਮਿਆਰੀ ਰੁਬਾਈਆਂ ਸੁਣਾਈਆਂ ਗਈਆਂ। ਡਾ. ਦਵਿੰਦਰ ਸਿੰਘ ਬੋਹਾ, ਜਿਲ੍ਹਾ ਭਾਸ਼ਾ ਅਫਸਰ ਰਿਟਾ. ਵੱਲੋਂ ਵੀ ਸਾਹਿਤਕਾਰੀ ਦੀਆਂ ਪੁਖਤਾਂ ਰਮਜ਼ਾਂ ਸਾਂਝੀਆਂ ਕੀਤੀਆਂ ਗਈਆਂ।  ਲੇਖਕ ਤੇ ਸ਼ਾਇਰ ਰਾਜ ਕੁਮਾਰ ਸਾਹੋਵਾਲੀਆ ਵੱਲੋਂ ਸਾਰੇ ਪ੍ਰੋਗਰਾਮ ਨੂੰ ਇੱਕ ਸ਼ਾਨਦਾਰ ਸਮਾਗਮ ਦੱਸਦਿਆਂ, ਮਹਾਰਿਸ਼ੀ ਬਾਲਮੀਕ ਆਦਿ ਕਵੀ ਜੀ ਦੇ ਪ੍ਰਕਾਸ਼ ਉਤਸਵ ਨੂੰ ਮੁੱਖ ਰੱਖਦੇ ਹੋਏ ਸਜਦਾ ਕੀਤਾ ਅਤੇ ਆਪਣੀ ਕਵਿਤਾ “ਕਾਫੀਆਂ ਵੀ ਜਰੂਰੀ ਹੈ” ਰਾਹੀਂ ਕਵਿਤਾ ਲਿੱਖਣ ਦੇ ਕੁੱਝ ਗੁਰ ਸਰੋਤਿਆਂ ਨਾਲ ਸਾਂਝੇ ਕੀਤੇ ਤੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਭ ਦਾ ਧੰਨਵਾਦ ਕੀਤਾ।  ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਵੈਦ ਸੁਖਜਿੰਦਰ ਸਿੰਘ ਯੋਗੀ ਦਾ ਵਿਸ਼ੇਸ਼ ਤੌਰ ਤੇ  ਸਭਾ ਵੱਲੋਂ ਯਾਦ ਚਿੰਨ, ਲੋਈ ਅਤੇ ਕਾਵਿਕ ਲਕੀਰਾਂ, ਕਾਵਿ ਪੋਟਲੀ ਅਤੇ ਅਲੀ ਰਾਜਪੁਰਾ ਦੀ ਪੁਸਤਕ “ਸਿੱਖਾਂ ਤੇ ਮੁਸਲਮਾਨਾਂ ਦਾ ਇਤਹਾਸਕ ਸਾਂਝ” ਵੀ  ਵੈਦ ਸੁਖਜਿੰਦਰ ਸਿੰਘ ਯੋਗੀ ਨੂੰ ਭੇਂਟ ਕੀਤੀਆਂ ਗਈਆਂ। ਸਮਾਗਮ ਦੇ ਅਖੀਰ ਵਿੱਚ ਹਾਜਰ ਸ਼ਾਇਰਾਂ ਵੱਲੋਂ ਕੀਤੀ ਮੰਗ ਨੂੰ ਮੁੱਖ ਰੱਖਦੇ ਹੋਏ ਸਹਿਤ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ ਵੱਲੋਂ ਚੰਡੀਗੜ ਵਸਾਉਣ ਵੇਲੇ ਉਜਾੜੇ ਗਏ 28 ਪਿੰਡਾਂ ਦੇ ਦਾ ਨਾਵਾਂ ਨੂੰ ਲੜੀ ਵਿੱਚ ਪਰੋ ਕੇ ਲਿਖਿਆ ਆਪਣਾ ਗੀਤ “ਵੰਡ ਵੇਲ੍ਹੇ ਦੋ ਟੁੱਕੜੇ ਕੀਤਾ” ਸੁਣਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਰਪਾਲ ਸਿੰਘ ਸਾਗਰ, ਭੁਪਿੰਦਰ ਮਲਿਕ, ਮਨਪ੍ਰੀਤ ਸਿੰਘ ਸਾਗਰ, ਗੁਰਮੀਤ ਸਿੰਘ, ਵਰਿੰਦਰ ਚੱਠਾ, ਕਰਨੈਲ ਸਿੰਘ ਸਬਦਲਪੁਰੀ, ਭੁਪਿੰਦਰ ਸਿੰਘ ਮਲਿਕ, ਹਰਜਿੰਦਰ ਸਿੰਘ ਗੋਬਿੰਦਗੜ, ਕਰਨ ਕੈਲੋਂ, ਮਹਿੰਦਰ ਸਿੰਘ, ਰਘਬੀਰ ਭੁੱਲਰ, ਅਮਰੀਕ ਸਿੰਘ, ਰਜਿੰਦਰ ਕੌਰ, ਅਰਵਿੰਦ ਭਾਟੀਆ, ਅਮਰੀਕ ਸਿੰਘ ਸੇਠੀ, ਡਾ. ਏ.ਕੇ.ਸ਼ਰਮਾਂ ਸਮੇਤ ਹੋਰ ਬਹੁਤ ਸਾਰੇ ਸੂਝਵਾਨ ਸਰੋਤਿਆਂ ਨੇ ਲੰਮਾ ਸਮਾਂ ਹਾਜ਼ਰੀ ਭਰਕ ਕੇ ਚੰਗੇ ਸਰੋਤੇ ਹੋਣ ਦਾ ਸਬੂਤ ਦਿੱਤਾ।  ਸਭਾ ਵੱਲੋਂ ਮਹਿਮਾਨ ਨਿਵਾਜ਼ੀ ਲਈ ਚਾਹ ਪਾਣੀ ਦਾ ਵਧੀਆ ਪ੍ਰਬੰਧ ਕੀਤਾ ਗਿਆ।  ਇਸ ਤਰਾਂ ਆਪਣੀ ਨਿਵੇਕਲੀ ਪਹਿਚਾਣ ਛੱਡਦਾ ਹੋਇਆ ਪੰਜਾਬ ਸਕੱਤਰੇਤ ਸਾਹਿਤ ਸਭਾ ਦਾ ਕਵੀ ਦਰਬਾਰ ਸੰਪੰਨ ਹੋਇਆ।
ਮਲਕੀਤ ਸਿੰਘ ਔਜਲਾ, ਪ੍ਰਧਾਨ, ਪੰਜਾਬ ਸਕੱਤਰੇਤ ਸਾਹਿਤ ਸਭਾ (ਰਜਿ.), ਚੰਡੀਗੜ੍ਹ।

Leave a Reply

Your email address will not be published. Required fields are marked *