ਸੈਕਟਰ-56 ਚੰਡੀਗੜ੍ਹ ਵਿਖੇ ਵਾਲਮੀਕਿ ਜੈਯੰਤੀ ਸ਼ਰਧਾ ਨਾਲ ਮਨਾਈ ਗਈ
ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਜੋਤੀ ਜਗਾ ਕੇ ਆਰੰਭਤਾ ਕੀਤੀ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਅਕਤੂਬਰ:
ਚੰਡੀਗੜ੍ਹ ਸੈਕਟਰ-56 ਵਿਖੇ ਡਾ. ਅੰਬੇਦਕਰ ਕਲੌਨੀ ਵਿਖੇ ਵਾਲਮੀਕਿ ਜੈਯੰਤੀ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਈ ਗਈ| ਇਸ ਸਮਾਗਮ ਦਾ ਪ੍ਰਬੰਧ ਡਾ. ਅੰਬੇਦਕਰ ਅਵਾਸ ਕਲੌਨੀ ਭਲਾਈ ਸੰਸਥਾ ਵਲੋਂ ਕੀਤਾ ਗਿਆ, ਜਿਸ ਵਿਚ ਦਿਵਿਆਂਗ ਬੱਚਿਆਂ ਦੀ ਭਲਾਈ ਸੰਸਥਾ ਦੇ ਚੇਅਰਮੈਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ ਅਤੇ ਭਗਵਾਨ ਵਾਲਮੀਕਿ ਜੀ ਨੂੰ ਨਤਮਸਤਕ ਹੁੰਦੇ ਹੋਏ ਜੋਤੀ ਜਗਾ ਕੇ ਸਮਾਗਮ ਦੀ ਆਰੰਭਤਾ ਕੀਤੀ|


ਸਮਾਗਮ ਨੂੰ ਸ਼ੁਰੂ ਕਰਦਿਆਂ ਡਾ. ਅੰਬੇਦਕਰ ਅਵਾਸ ਕਲੌਨੀ ਭਲਾਈ ਸੰਸਥਾ ਦੇ ਪ੍ਰਧਾਨ ਸ੍ਰੀ ਰਾਮੇਸ਼ ਚਨੌਲੀਆ ਨੇ ਵਿਸ਼ੇਸ਼ ਮਹਿਮਾਨ ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਦੂਜੇ ਮਹਿਮਾਨਾਂ ਨੂੰ ਜੀ ਆਇਆਂ ਆਖਦੇ ਹੋਏ ਭਗਵਾਨ ਵਾਲਮੀਕਿ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਦੇ ਜੀਵਨ ਬਾਰੇ ਵਿਸਥਾਰ ਵਿਚ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਇਹ ਸੰਸਥਾ ਪਿਛਲੇ 40 ਸਾਲ ਤੋਂ ਹਰ ਸਾਲ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਉਂਦੀ ਆ ਰਹੀ ਹੈ ਅਤੇ ਸੰਗਤਾਂ ਵੱਡੀ ਗਿਣਤੀ ਵਿੱਚ ਭਗਵਾਨ ਦੇ ਚਰਨਾਂ ਵਿਚ ਨਤਮਸਤਕ ਹੁੰਦੀਆਂ ਹਨ|
ਵਿਸ਼ੇਸ਼ ਮਹਿਮਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਸੰਗਤਾਂ ਨੂੰ ਸੰਬੋਧਿਤ ਹੁੰਦੇ ਹੋਏ ਦਸਿਆ ਕਿ ਮਹਾਂਰਿਸ਼ੀ ਵਾਲਮੀਕਿ ਜੀ ਨੇ ਪਵਿੱਤਰ ਰਮਾਇਣ ਦੀ ਰਚਨਾ ਕਰਕੇ ਇਕ ਮਹਾਂਕਵੀ ਦੇ ਰੂਪ ਵਿਚ ਅਵਾਮ ਨੂੰ ਅਦੁੱਤੀ ਸਿੱਖਿਆ ਦਿੱਤੀ ਹੈ| ਸਭ ਮਨੁੱਖਾਂ ਨੂੰ ਉਨ੍ਹਾਂ ਦੀ ਦਿੱਤੀ ਸਿੱਖਿਆ ਤੇ ਚਲਦੇ ਹੋਏ ਆਪਣਾ ਜੀਵਨ ਸਫ਼ਲ ਕਰਨਾ ਚਾਹੀਦਾ ਹੈ| ਉਨ੍ਹਾਂ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਪ੍ਰਾਪਤ ਕਰਨ ਦੀ ਅਪੀਲ ਵੀ ਕੀਤੀ|
ਇਸ ਮੌਕੇ ਤੇ ਉੱਤਰਾਚਲ ਭਲਾਈ ਐਸੋਸੀਏਸ਼ਨ, ਹਿਮਾਚਲ ਭਲਾਈ ਐਸੋਸੀਏਸ਼ਨ ਦੇ ਅਹੁਦੇਦਾਰਾਂ ਤੋਂ ਇਲਾਵਾ, ਪ੍ਰਮੁੱਖ ਵਿਅਕਤੀਆਂ ਵਿਚ ਵੀਰ ਸਿੰਘ, ਗੁਰਜੀਤ ਸਿੰਘ, ਨੱਥਾ ਸਿੰਘ, ਤ੍ਰਿਲੋਕ ਸਿੰਘ, ਚੰਚਲਾ ਦੇਵੀ, ਸੁਨੀਤਾ ਦੇਵੀ, ਨਿਲਾਭਰਦੱਤ ਜੋਸ਼ੀ, ਕੰਵਰ ਸਿੰਘ, ਅਜੈਬ ਬਿਸਟ, ਦੌਲਤ ਰਾਮ, ਬਹਾਦਰ ਸਿੰਘ ਗੋਸਲ, ਚੁੰਨੀ ਲਾਲ, ਰਾਮ ਕੁਮਾਰ ਰਾਜਭਾਨ, ਨਵੀਨ ਅਤੇ ਬਲਵਿੰਦਰ ਸਿੰਘ ਵੀ ਸ਼ਾਮਲ ਸਨ| ਔਰਤਾਂ ਵੱਡੀ ਗਿਣਤੀ ਵਿੱਚ ਪੰਡਾਲ ਵਿਚ ਹਾਜ਼ਰ ਸਨ, ਜਿਨ੍ਹਾਂ ਵਿਚ ਪ੍ਰਸਿੱਧ ਸਮਾਜ ਸੇਵੀ ਬੀਬੀ ਸਰਬਜੀਤ ਕੌਰ ਨੇ ਵੀ ਸ਼ਿਰਕਤ ਕੀਤੀ| ਅੰਤ ਵਿੱਚ ਵੱਡੇ ਪੱਧਰ ਤੇ ਸੰਸਥਾ ਵਲੋਂ ਚਲਾਏ ਗਏ ਅਤੁੱਟ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਲੰਗਰ ਛਕਿਆ ਅਤੇ ਇਸ ਤੋਂ ਪਹਿਲਾਂ ਭਗਵਾਨ ਵਾਲਮੀਕਿ ਨੂੰ ਸਮਰਪਿਤ ਔਰਤਾਂ ਵਲੋਂ ਵੱਖ-ਵੱਖ ਭਜਨ ਗਾਏ, ਜਿਨ੍ਹਾਂ ਦਾ ਸਮੂਹ ਸੰਗਤਾਂ ਨੇ ਭਰਪੂਰ ਅਨੰਦ ਮਾਣਿਆ।
ਫੋਟੋ ਕੈਪਸ਼ਨ -ਵਾਲਮੀਕਿ ਜੈਯੰਤੀ ਸਮਾਗਮ ਮੌਕੇ ਵਿਸ਼ੇਸ਼ ਮਹਿਮਾਨ ਬਹਾਦਰ ਸਿੰਘ ਗੋਸਲ ਜਯੋਤੀ ਪ੍ਰਚੰਡ ਕਰਦੇ ਹੋਏ। ਨਾਲ ਖੜ੍ਹੇ ਹਨ ਰਾਮੇਸ਼ ਚਨੌਲੀਆਂ ਅਤੇ ਹੋਰ।

