ਚੰਡੀਗੜ੍ਹ 5 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਮਾ ਬਿਊਰੋ):


ਨਿਊ ਚੰਡੀਗੜ੍ਹ ਦੀ ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਵਿਕਸਤ ਰਿਹਾਇਸ਼ੀ ਕਾਲੋਨੀ ਈਕੋ ਸਿਟੀ 2 ਦੇ ਵਸਨੀਕਾਂ ਵੱਲੋਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਇਕ ਸੁਸਾਇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿੱਚ ਫਤਿਹਦੀਪ ਸਿੰਘ ਜਸਟਿਸ ਨੂੰ ਸੁਸਾਇਟੀ ਦਾ ਚੇਅਰਮੈਨ, ਸਾਬਕਾ ਸਰਪੰਚ ਸੁਦਾਗਰ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਪ੍ਰਵੀਨ ਖੋਸਲਾ ਜਨਰਲ ਸਕੱਤਰ, ਪਰਵਿੰਦਰ ਸੈਣੀ ਵਾਇਸ ਪ੍ਰਧਾਨ, ਅਵਤਾਰ ਸਿੰਘ ਵਾਲੀਆ ਜੁਆਇੰਟ ਸਕੱਤਰ, ਅਨੀਤਾ ਕੁਮਾਰੀ ਖਜ਼ਾਨਚੀ ਅਤੇ ਸਤਨਾਮ ਸਿੰਘ ਨੂੰ ਮੁੱਖ ਸਲਾਹਕਾਰ ਚੁਣਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਸੁਸਾਇਟੀ ਨੂੰ ਪ੍ਰਾਈਮ ਵੈਲਫੇਅਰ ਰੈਜ਼ੀਡੈਂਸ਼ੀਅਲ ਸੁਸਾਇਟੀ ਦੇ ਨਾਂ ਅਧੀਨ ਰਜਿ ਕਰਵਾ ਲਿਆ ਗਿਆ ਹੈ। ਸੁਸਾਇਟੀ ਦੇ ਅਹੁਦੇਦਾਰਾਂ ਵੱਲੋਂ ਗਮਾਡਾ ਦੇ ਮੁੱਖ ਪ੍ਰਸ਼ਾਸਕ ਮੁਨੀਸ਼ ਕੁਮਾਰ ਨਾਲ ਮੀਟਿੰਗ ਕਰਕੇ ਆ ਰਹੀਆਂ ਦਰਪੇਸ਼ ਸਮੱਸਿਆਵਾਂ ਜਿਵੇਂ ਕਿ ਪਿਛਲੇ 11 ਸਾਲਾਂ ਤੋਂ ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਵਿਚ ਹੋ ਰਹੀ ਦੇਰੀ, ਫਲੈਟਾਂ ਨੂੰ ਜਾਣ ਲਈ ਰੋਡ ਕੱਟ ਅਤੇ ਟ੍ਰੈਫਿਕ ਲਾਈਟਾਂ ਦਾ ਪ੍ਰਬੰਧ ਕਰਨ ਆਦਿ ਸਬੰਧੀ ਮਸਲੇ ਵਿਚਾਰੇ ਗਏ ਅਤੇ ਮੁੱਖ ਪ੍ਰਸ਼ਾਸਕ ਵੱਲੋਂ ਜ਼ਰੂਰੀ ਨਿਰਦੇਸ਼ ਸਬੰਧਤ ਅਫਸਰਾਂ ਨੂੰ ਦਿੱਤੇ ਗਏ। ਹੁਣ ਸੁਸਾਇਟੀ ਵੱਲੋਂ ਜਲਦ ਹੀ ਸ਼ਹਿਰੀ ਵਿਕਾਸ ਮੰਤਰੀ ਅਤੇ ਸਕੱਤਰ ਨਾਲ ਇਸ ਸਬੰਧੀ ਮੀਟਿੰਗ ਤੈਅ ਕੀਤੀ ਜਾਵੇਗੀ ਤਾਂ ਜੋ ਆ ਰਹੀਆਂ ਮੁਸਕਲਾਂ ਦਾ ਸਮਾਂਬੱਧ ਹੱਲ ਹੋ ਸਕੇ।

