ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 6 ਨਵੰਬਰ:
ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸੈਕਟਰ-41 ਸਥਿਤ ਦਫ਼ਤਰ ਤੋਂ ਰੀਲੀਜ਼ ਪ੍ਰੈਸ ਨੋਟ ਵਿਚ ਦੱਸਿਆ ਗਿਆ ਹੈ ਕਿ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਮੋਗਾ ਜ਼ਿਲ੍ਹੇ ਦੀ ਆਪਣੀ ਵਿਸ਼ੇਸ਼ ਫੇਰੀ ਸਮੇਂ, ਕਸਬਾ ਕੋਟ ਈਸੇ ਖਾ ਵਿਖੇ (ਮੋਗਾ) ਵਿਖੇ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਲਾਇਬ੍ਰੇਰੀ ਲਈ ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਦਾਨੀ ਨੂੰ ਪ੍ਰਿੰ. ਗੋਸਲ ਰਚਿਤ ਪੁਸਤਕਾਂ ਭੇਟ ਕੀਤੀਆਂ। ਇਸ ਮੌਕੇ ਹਾਜ਼ਰ ਵਿਅਕਤੀਆਂ ਵਿੱਚ ਸ੍ਰ. ਬਲਵਿੰਦਰ ਸਿੰਘ ਸੰਧੂ ਸਾਬਕਾ ਡੀ.ਈ.ਓ. ਮੋਗਾ, ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਰੁਪਿੰਦਰ ਕੌਰ ਅਤੇ ਕੋਆਰਡੀਨੇਟਰ ਸ੍ਰ. ਨਰਿੰਦਰ ਸਿੰਘ ਹਾਜ਼ਰ ਸਨ।


ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਦੱਸਿਆ ਕਿ ਉਹ ਇਸ ਨਾਮੀ ਸੰਸਥਾ ਵਿਚ ਵਿਸ਼ੇਸ਼ ਤੌਰ ਤੇ ਪਧਾਰੇ ਸਨ ਅਤੇ ਪ੍ਰਸਿੱਧ ਸਿੱਖਿਆ ਸ਼ਾਸਤਰੀਆਂ ਨਾਲ ਮਿਲ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੋਈ, ਕਿਉਂਕਿ ਸ੍ਰ. ਕੁਲਵੰਤ ਸਿੰਘ ਦਾਨੀ ਗਰੁੱਪ ਆਫ ਸਕੂਲਜ਼ ਅਤੇ ਕਾਲਜਾਂ ਦੇ ਮੁੱਖ ਪ੍ਰਬੰਧਕ ਹਨ ਅਤੇ ਇਲਾਕੇ ਵਿਚ ਸਿੱਖਿਆ ਦੇ ਪ੍ਰਸਾਰ ਲਈ ਵਧੀਆ ਕੰਮ ਕਰ ਰਹੇ ਹਨ| ਜਿਹੜੀਆਂ ਪੁਸਤਕਾਂ ਚੇਅਰਮੈਨ ਨੂੰ ਭੇਟ ਕੀਤੀਆਂ ਗਈਆਂ| ਉਹਨਾਂ ਵਿੱਚ “ਵਿਲੱਖਣ ਸਿੱਖਿਆ ਪ੍ਰੋਜੈਕਟ”, “ਮੇਰਾ ਸਾਹਿਤਕ ਸਫ਼ਰ”, “ਮਹਾਰਾਜਾ ਰਣਜੀਤ ਸਿੰਘ” ਅਤੇ ਹੋਰ ਬਾਲ ਪੁਸਤਕਾਂ ਸ਼ਾਮਲ ਸਨ।
ਸ੍ਰ. ਕੁਲਵੰਤ ਸਿੰਘ ਦਾਨੀ ਨੇ ਕਿਹਾ ਕਿ ਸਿੱਖਿਆ ਸ਼ਾਸਤਰੀ ਬਹਾਦਰ ਸਿੰਘ ਗੋਸਲ ਨਾਲ ਨਵੀਂ ਸਿੱਖਿਆ ਨੀਤੀ ਬਾਰੇ ਵਿਚਾਰ ਵਟਾਂਦਰਾ ਕਰਕੇ ਉਹਨਾਂ ਨੂੰ ਅਤਿਅੰਤ ਖੁਸ਼ੀ ਹੋਈ ਹੈ ਅਤੇ ਪ੍ਰਿੰ. ਗੋਸਲ ਵਲੋਂ 100 ਤੋਂ ਵੱਧ ਪੁਸਤਕਾਂ ਲਿਖਣ ਲਈ ਅਤੇ ਪੰਜਾਬ ਵਿੱਚ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੇ ਕੰਮਾਂ ਦੀ ਪ੍ਰਸੰਸਾ ਕਰਦੇ ਹੋਏ ਵਧਾਈ ਦਿੱਤੀ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਰੁਪਿੰਦਰ ਕੌਰ ਨੇ ਕਿਹਾ ਕਿ ਪ੍ਰਿੰ. ਗੋਸਲ ਰਚਿਤ ਪੁਸਤਕਾਂ, ਸਕੂਲ ਦੀ ਲਾਇਬ੍ਰੇਰੀ ਲਈ ਬਹੁਤ ਹੀ ਲਾਹੇਵੰਦ ਹੋਣਗੀਆਂ, ਕਿਉਂਕਿ ਅਧਿਆਪਕ ਅਤੇ ਬੱਚੇ ਇਹਨਾਂ ਪੁਸਤਕਾਂ ਨੂੰ ਪੜ੍ਹ ਕੇ ਸਿੱਖਿਆ ਸਬੰਧੀ ਨਵੀਂ ਜਾਣਕਾਰੀ ਪ੍ਰਾਪਤ ਕਰਨਗੇ। ਉਹਨਾਂ ਨੇ ਸਕੂਲ ਦੇ ਸਮੂਹ ਸਟਾਫ਼ ਅਤੇ ਬੱਚਿਆਂ ਵਲੋਂ ਲਾਇਬ੍ਰੇਰੀ ਲਈ ਪੁਸਤਕਾਂ ਭੇਟ ਕਰਨ ਲਈ ਪ੍ਰਿੰ. ਗੋਸਲ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਹਾਜ਼ਰ ਸਾਬਕਾ ਡੀ.ਈ.ਓ. ਸ੍ਰ. ਬਲਵਿੰਦਰ ਸਿੰਘ ਸੰਧੂ ਨੇ ਵੀ ਪ੍ਰਿੰ. ਗੋਸਲ ਦੀਆਂ ਰਚਿਤ ਪੁਸਤਕਾਂ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਪ੍ਰਿੰ. ਗੋਸਲ ਦੀਆਂ ਬਾਲ ਪੁਸਤਕਾਂ ਵੱਧ ਤੋਂ ਵੱਧ ਪੰਜਾਬੀ ਬੱਚਿਆਂ ਦੇ ਹੱਥਾਂ ਵਿਚ ਜਾਣੀਆਂ ਚਾਹੀਦੀਆਂ ਹਨ ਤਾਂ ਕਿ ਬੱਚਿਆਂ ਵਿੱਚ ਪੰਜਾਬੀ ਪੜ੍ਹਨ ਦਾ ਰੁਝਾਨ ਬਚਪਨ ਵਿੱਚ ਹੀ ਪੈਦਾ ਹੋ ਜਾਵੇ।
ਫੋਟੋ ਕੈਪਸ਼ਨ – ਪ੍ਰਿੰ. ਬਹਾਦਰ ਸਿੰਘ ਗੋਸਲ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਚੇਅਰਮੈਨ ਸ੍ਰ. ਕੁਲਵੰਤ ਸਿੰਘ ਦਾਨੀ ਨੂੰ ਲਾਇਬ੍ਰੇਰੀ ਲਈ ਪੁਸਤਕਾਂ ਭੇਟ ਕਰਦੇ ਹੋਏ।

