ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 9 ਨਵੰਬਰ:


ਪੰਜਾਬੀ ਸਾਹਿਤ ਸਭਾ ਖਰੜ ਦੀ ਮਾਸਿਕ ਇਕੱਤਰਤਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਹੋਈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਇਸੇ ਇਕੱਤਰਤਾ ਵਿੱਚ ਵਿਸ਼ੇਸ਼ ਤੌਰ ਤੇ ਅਧਿਆਪਕ ਤੇ ਲੇਖਕ ਅਜਮੇਰ ਸਿੰਘ ਦੀ ਅੰਗਰੇਜ਼ੀ ਭਾਸ਼ਾ ‘ਚ ਲਿਖੀ ਗਿਆਨ ਵਿਗਿਆਨ ਦੀ ਪੁਸਤਕ ‘ਦ ਸਨ, ਦ ਅਰਥ ਐਂਡ ਦ ਮੈਨ’ ਲੋਕ ਅਰਪਣ ਕੀਤੀ ਗਈ ਅਤੇ ਲੇਖਕਾ ਜਤਿੰਦਰ ਕੌਰ ਮਾਹਲ ਰੂਪਨਗਰ ਦਾ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ।ਪ੍ਰਧਾਨਗੀ ਮੰਡਲ ਵਿੱਚ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ, ਪ੍ਰਧਾਨ ਡਾ. ਜਸਪਾਲ ਜੱਸੀ ,ਅਜਮੇਰ ਸਿੰਘ, ਯਤਿੰਦਰ ਕੌਰ ਮਾਹਲ ਸ਼ਾਮਿਲ ਹੋਏ, ਜਦਕਿ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਸੁਨੀਤਾ ਰਾਣੀ ਵੱਲੋਂ ਕੀਤੀ ਗਈ। ਡਾ.ਜਸਪਾਲ ਜੱਸੀ ਵੱਲੋਂ ਸਵਾਗਤੀ ਸ਼ਬਦਾਂ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਸਭ ਤੋਂ ਪਹਿਲਾਂ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਅਜਮੇਰ ਸਿੰਘ ਦੀ ਪੁਸਤਕ “ਦ ਸਨ, ਦ ਅਰਥ ਐਂਡ ਦ ਮੈਨ” ਲੋਕ ਅਰਪਣ ਕਰਨ ਉਪਰੰਤ ਸਤਵਿੰਦਰ ਸਿੰਘ ਮੜੌਲਵੀ ਵੱਲੋਂ ਪੁਸਤਕ ‘ਤੇ ਪਰਚਾ ਪੜ੍ਹਿਆ ਗਿਆ। ਉਹਨਾਂ ਇਸ ਪੁਸਤਕ ਨੂੰ ਗਿਆਨ ਵਿਗਿਆਨ ਦੀ ਜਾਣਕਾਰੀ ਦੇਣ ਵਾਲੀ ਅਤੇ ਵਿਦਿਆਰਥੀਆਂ ਵਾਸਤੇ ਲਾਹੇਵੰਦ ਪੁਸਤਕ ਦੱਸਿਆ।
ਪ੍ਰੋਗਰਾਮ ਦੇ ਦੂਜੇ ਦੌਰ ਵਿੱਚ ਰੂਬਰੂ ਪ੍ਰੋਗਰਾਮ ਦੌਰਾਨ ਯਤਿੰਦਰ ਕੌਰ ਮਾਹਲ ਨੇ ਆਪਣੇ ਜੀਵਨ ਸੰਘਰਸ਼ ਅਤੇ ਰਚਨਾ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਉਹ ਵਾਤਾਵਰਨ, ਕੁਦਰਤ ਪ੍ਰੇਮ ਦੇ ਨਾਲ ਨਾਲ ਸਿਹਤ ਨਾਲ ਸੰਬੰਧਿਤ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਵੀ ਜੁੜੇ ਹੋਏ ਹਨ। ਇਸ ਮੌਕੇ ਉਨਾਂ ਨੇ ਆਪਣੀ ਕਹਾਣੀ ਕਲਾ ਬਾਰੇ ਜਾਣਕਾਰੀ ਦਿੱਤੀ ਅਤੇ ਕੁਝ ਰਚਨਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਇਸ ਦੌਰਾਨ ਹਾਜ਼ਰ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਵੀ ਪੇਸ਼ ਕੀਤੀਆਂ, ਜਿਨਾਂ ਵਿੱਚ ਗੀਤਕਾਰ ਹਰਜਿੰਦਰ ਸਿੰਘ ਗੋਪਾਲੋਂ, ਦਲਬੀਰ ਸਰੋਆ, ਜਸਪਾਲ ਸਿੰਘ ਕੰਵਲ, ਡਾਕਟਰ ਰੁਪਿੰਦਰ ਕੌਰ, ਨਿਰਮਲ ਸਿੰਘ ਅਧਰੇੜਾ, ਅਮਰਜੀਤ ਕੌਰ ਮੋਰਿੰਡਾ, ਬਲਵਿੰਦਰ ਸਿੰਘ ਢਿੱਲੋ, ਨਾਗਰ ਸਿੰਘ ਸਹੌੜਾਂ, ਐਡਵੋਕੇਟ ਨੀਲਮ ਨਾਰੰਗ, ਮਲਕੀਤ ਸਿੰਘ ਨਾਗਰਾ, ਜਗਦੇਵ ਸਿੰਘ ਰਡਿਆਲਾ, ਜਗਤਾਰ ਸਿੰਘ ਜੋਗ, ਕਾਕਾ ਸਿੰਘ ਵਡਾਲਾ ਅਤੇ ਬਜ਼ੁਰਗ ਸਾਹਿਤਕਾਰ ਸੁੱਚਾ ਸਿੰਘ ਅਧਰੇੜਾ ਆਦਿ ਨੇ ਆਪਣੀਆਂ ਬਹੁਤ ਖ਼ੂਬਸੂਰਤ ਰਚਨਾਵਾਂ ਪੇਸ਼ ਕੀਤੀਆਂ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਪ੍ਰਿੰਸੀਪਲ ਗੁਰਮੀਤ ਸਿੰਘ, ਸੁਰਜਨ ਸਿੰਘ ਜੱਸਲ, ਗੁਰਮੀਤ ਸਿੰਘ ਸਿੰਗਲ, ਸਿਮਰਨਜੀਤ ਸਿੰਘ ਅਤੇ ਜਗਤਾਰ ਸਿੰਘ ਨੇ ਵੀ ਆਪਣੀ ਹਾਜ਼ਰੀ ਲਵਾਈ। ਸਭਾ ਵੱਲੋਂ ਯਤਿੰਦਰ ਕੌਰ ਮਾਹਲ ਅਤੇ ਅਜਮੇਰ ਸਿੰਘ ਦਾ ਸਨਮਾਨ ਕੀਤਾ ਗਿਆ। ਪ੍ਰਧਾਨਗੀ ਭਾਸ਼ਣ ਵਿੱਚ ਮਨਮੋਹਨ ਸਿੰਘ ਦਾਊ ਅਤੇ ਡਾਕਟਰ ਸੁਨੀਤਾ ਰਾਣੀ ਨੇ ਪ੍ਰੋਗਰਾਮ ਬਾਰੇ ਆਪਣੇ ਖ਼ੂਬਸੂਰਤ ਵਿਚਾਰ ਪੇਸ਼ ਕੀਤੇ ਅਤੇ ਆਪਣੀਆਂ ਰਚਨਾਵਾਂ ਵੀ ਸੁਣਾਈਆਂ। ਪ੍ਰੋਗਰਾਮ ਦਾ ਮੰਚ ਸੰਚਾਲਨ ਸਭਾ ਦੇ ਜਨਰਲ ਸਕੱਤਰ ਸਤਵਿੰਦਰ ਸਿੰਘ ਮੜੌਲਵੀ ਵੱਲੋਂ ਕੀਤਾ ਗਿਆ।

