ਚੰਡੀਗੜ੍ਹ 9 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਵੱਲੋਂ ਚੁਰਾਸੀ ‘ਚ ਕਤਲੇਆਮ ਕੀਤੇ ਸਿੱਖਾਂ ਦੀ ਯਾਦ ਤੇ ਇਨਸਾਫ਼ ਲਈ ਟੋਲ-ਪਲਾਜ਼ਾ ਬੜੌਦੀ ਵਿਖੇ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਮਿਸ਼ਨ ਮੈਂਬਰਾਂ ਵੱਲੋਂ ਬੜੌਦੀ ਟੋਲ ਤੇ ਇਕੱਤਰ ਹੋ ਕੇ ਹੱਥਾਂ ‘ਚ ਜਗਦੀਆਂ ਮੋਮਬੱਤੀਆਂ ਲੈ ਕੇ ਕਤਲੇਆਮ ‘ਚ ਸ਼ਹੀਦ ਹੋਏ ਸਮੂਹ ਸਿੱਖਾਂ ਨੂੰ ਸਰਧਾਂਜ਼ਲੀ ਭੇਂਟ ਕੀਤੀ ਗਈ।


ਇਸ ਦੌਰਾਨ ਮਿਸ਼ਨ ਆਗੂ ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਵਜੀਦਪੁਰ, ਹਰਜੀਤ ਸਿੰਘ ਹਰਮਨ, ਪਰਮਜੀਤ ਸਿੰਘ ਮਾਵੀ, ਰਾਮ ਸਿੰਘ ਅਭੀਪੁਰ, ਰਵਿੰਦਰ ਸਿੰਘ ਹੁਸ਼ਿਆਰਪੁਰ ਤੇ ਸੋਹਣ ਸਿੰਘ ਸੰਗਤਪੁਰਾ ਤੇ ਬਹਾਦਰ ਸਿੰਘ ਮੁੰਧੋਂ ਨੇ ਬੋਲਦਿਆਂ ਕਿਹਾ ਕਿ ਨਵੰਬਰ 84 ਦੌਰਾਨ ਸਰਕਾਰੀ ਸਹਿ ਹੇਠ ਕਾਂਗਰਸ ਦੇ ਆਗੂਆਂ ਦੀ ਅਗਵਾਈ ‘ਚ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਜ਼ਿੰਦਾ ਸਾੜਿਆ ਗਿਆ। ਸਿੱਖ ਬੀਬੀਆਂ ਦੀ ਬੇਪਤੀ ਕੀਤੀ ਗਈ। ਛੋਟੇ ਛੋਟੇ ਬੱਚਿਆਂ ਨੂੰ ਵੀ ਕੋਹ ਕੋਹ ਕੇ ਸ਼ਹੀਦ ਕੀਤਾ ਅਤੇ ਸਿੱਖਾਂ ਦੇ ਘਰ ਅਤੇ ਕਾਰੋਬਾਰ ਸਾੜ ਦਿੱਤੇ ਗਏ। ਸਿਰਫ਼ ਸਿੱਖ ਹੋਣ ਕਾਰਨ ਅਜ਼ਾਦ ਮੁਲਖ ‘ਚ ਮੁਗਲ ਰਾਜ ਨੂੰ ਮਾਤ ਪਾਉਦਾ ਜ਼ੁਲਮ ਕੀਤਾ। ਸਿੱਖਾਂ ਲਈ ਇਸ ਦੀ ਵੱਡੀ ਗੁਲਾਮੀ ਦਾ ਅਹਿਸਾਸ ਉਦੋਂ ਹੋਇਆ ਜਦੋਂ ਚਾਲੀ ਸਾਲ ਦੇ ਸਮੇਂ ਤੱਕ ਵੀ ਕਿਸੇ ਦੋਸ਼ੀ ਨੂੰ ਸਜ਼ਾ ਦੇ ਕੇ ਇਨਸਾਫ਼ ਦੇਣ ਦੀ ਬਜਾਇ ਉਨ੍ਹਾਂ ਨੂੰ ਸਰਕਾਰੀ ਰੁਤਬੇ ਦੇ ਕੇ ਨਿਵਾਜਿਆ ਜਾ ਰਿਹਾ ਹੈ।
ਇਸ ਦੌਰਾਨ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਅਤੇ ਸਿੱਖਾਂ ਦੇ ਇਨਸਾਫ਼ ਲਈ ਨਾਅਰੇ ਲਗਾਏ ਗਏ ਅਤੇ ਸ਼ਹੀਦਾਂ ਦੀ ਯਾਦ ‘ਚ ਸਿਮਰਨ ਕੀਤਾ ਗਿਆ। ਇਸ ਮੌਕੇ ਬਲਵਿੰਦਰ ਸਿੰਘ ਰੰਗੂਆਣਾ, ਗੁਰਮੀਤ ਸਿੰਘ ਮੀਆਂਪੁਰ, ਜਸਵੀਰ ਸਿੰਘ ਲਾਲਾ ਸਲੇਮਪੁਰ, ਬਲਿਹਾਰ ਸਿੰਘ ਮੁੰਧੋਂ, ਮਨਜਿੰਦਰ ਸਿੰਘ ਭੜੌਜੀਆਂ, ਦਾਰਾ ਸਿੰਘ ਮਾਜਰੀ, ਪ੍ਰਸ਼ੋਤਮ ਸਿੰਘ ਚੰਦਪੁਰ, ਸਰਬਜੀਤ ਸਿੰਘ ਸੰਗਤਪੁਰਾ, ਗੁਰਪ੍ਰੀਤ ਸਿੰਘ ਫਿਰੋਜ਼ਪੁਰ ਤੇ ਵਿੱਕੀ ਸਲੇਮਪੁਰ ਆਦਿ ਅਹੁਦੇਦਾਰ ਵੀ ਹਾਜ਼ਰ ਸਨ।

