ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 16 ਨਵੰਬਰ:
ਉੱਘਾ ਲੇਖਕ ਪਿਆਰਾ ਸਿੰਘ ਰਾਹੀ, ਮੂਲ ਰੂਪ ਵਿੱਚ ਗੀਤਕਾਰ ਹੈ, ਭੰਗੜਚੀ ਹੈ, ਕਵੀ ਹੈ ਤੇ ਸਿਰੇ ਦਾ ਸਟੇਜ ਸੰਚਾਲਕ ਵੀ। ਪਿਛਲੇ ਸਮਿਆਂ ਵਿੱਚ ਉਹਦੇ ਲਿਖੇ ਬਹੁਤ ਸਾਰੇ ਗੀਤ ਤਤਕਾਲੀਨ ਗਾਇਕਾਂ ਦੀ ਆਵਾਜ਼ ਬਣੇ। ਨਿਪੱਤਰੇ ਰੁੱਖ, ਟੁੱਟੀਆਂ ਵੰਗਾਂ ਦਾ ਕੱਚ ਤੇ ਤੁਰਦੇ ਰਹੋ (ਕਾਵਿ-ਸੰਗ੍ਰਹਿ) ਤੋਂ ਬਾਅਦ ਸੁਪਨਿਆਂ ਦੀ ਗੱਲ ਉਸਦਾ ਚੌਥਾ ਕਾਵਿ-ਸੰਗ੍ਰਹਿ ਹੈ, ਪਰੰਤੂ ਸਮੇਂ-ਸਮੇਂ ਛਪਦੇ ਰਹੇ ਬਹੁਤ ਸਾਰੇ ਸਾਂਝੇ ਕਾਵਿ-ਸੰਗ੍ਰਹਿ ਓਹਦੀਆਂ ਬਹੁਤ ਸਾਰੀਆਂ ਅਨਮੋਲ ਰਚਨਾਵਾਂ ਸਾਂਭੀ ਬੈਠੇ ਹਨ।
ਉੱਘੇ ਵਿਦਵਾਨ ਚਿੰਤਕ ਜਲੌਰ ਸਿੰਘ ਖੀਵਾ, ਪਿਆਰਾ ਸਿੰਘ ਰਾਹੀ ਦੇ ਕਾਵਿ-ਅਨੁਭਵ ਬਾਰੇ ਲਿਖਦੇ ਹਨ, ‘ਕਵਿਤਾ ਮਨੁੱਖ ਅਥਵਾ ਕਵੀ ਮਨ ਦੇ ਵਧੇਰੇ ਨੇੜੇ ਹੁੰਦੀ ਹੈ। ਕਵੀ ਸਵੈ ਨੂੰ ਮੁਖਾਤਿਬ ਹੁੰਦਾ ਹੈ, ਤੇ ਸਮਾਜ ਨੂੰ ਸੰਬੋਧਿਤ। ਜੇ ਕਵੀ ਤੇ ਕਵਿਤਾ ਇਕੱਠੇ ਬੋਲਣ ਲੱਗ ਪੈਣ ਤਾਂ ਕਵਿਤਾ ਸ਼ੋਰ ਬਣ ਜਾਂਦੀ ਹੈ। ਕਵਿਤਾ ਸ਼ੋਰ ਨਹੀਂ ਹੁੰਦੀ।‘


ਪਿਆਰਾ ਸਿੰਘ ਰਾਹੀ ਦੀ ਕਵਿਤਾ ਤਲ਼ੀ ‘ਤੇ ਦੀਵਾ ਧਰ ਨ੍ਹੇਰੇ ਦੇ ਘਰ ਜਾਣਾ, ਬੱਦਲ਼ ਬਣ ਲੂਸਦੀ ਧੁੱਪ ਦੇ ਪਿੰਡੇ, ਵਰ੍ਹ ਜਾਣਾ ਲੋਚਦੀ ਹੈ। ਉਹ ਦੂਸਰਿਆਂ ਤੋਂ ਸਾਰੀ ਦੀ ਸਾਰੀ ਕੁੜੱਤਣ ਲੈ ਕੇ ਬਦਲੇ ਵਿੱਚ ਉਸ ਨੂੰ ਮਿਸ਼ਰੀ ਘੋਲ਼ ਪਿਲਾਉਂਦੀ ਹੈ, ਸਾਥੀ ਦੇ ਰਾਹਾਂ ਦੇ ਕੰਡੇ ਚੁਗ ਕੇ ਓਥੇ ਸੂਹੇ ਫੁੱਲ ਵਿਛਾ ਦੇਣ ਦਾ ਜ਼ੇਰਾ ਕਰਦੀ ਹੈ। ਇੰਝ ਰਾਹੀ ਦੀ ਕਵਿਤਾ ਪਰ-ਹਿੱਤ ਲਈ ਕਾਰਜਸ਼ੀਲ ਹੁੰਦੀ ਦਿਖਾਈ ਦਿੰਦੀ ਹੈ।
ਇਸ ਕਾਵਿ-ਸੰਗ੍ਰਹਿ ਦੇ ਸਿਰਲੇਖ ਵਾਲ਼ੀ ਕਵਿਤਾ ‘ਸੁਪਨਿਆਂ ਦੀ ਗੱਲ‘ ਵਿੱਚ ਕਵੀ ਦਾ ਵਿਆਕੁਲ ਮਨ ਆਪਣੇ ਮਹਿਬੂਬ ਨੂੰ ਕਹਿੰਦਾ ਹੈ, ‘ਤੇਰੇ ਨੈਣਾਂ ਦੇ ਸੁਪਨਿਆਂ ਦੀ ਗੱਲ ਵੀ ਕਰਾਂਗੇ ਪਰ ਅਜੇ ਨਹੀਂ/ ਖਿੜੇ ਫੁੱਲਾਂ ਜਿਹਾ ਗੀਤ ਤੇਰੇ ਹੋਠਾਂ ‘ਤੇ ਧਰਾਂਗੇ ਪਰ ਅਜੇ ਨਹੀਂ।‘ ਹੁਣ ਸਵਾਲ ਪੈਦਾ ਹੁੰਦਾ ਹੈ ਕਿਉਂ? ਕਵੀ ਅਜਿਹਾ ਕਿਉਂ ਸੋਚਦਾ ਹੈ? ਕਿਉਂਕਿ, ‘ਰੋਟੀ ਮੰਗਦੇ ਲੋਕਾਂ ‘ਤੇ ਹੁੰਦੇ ਲਾਠੀਚਾਰਜ ਦੀ ਪੀੜ/ ਆਟੇ ਵਾਂਗ ਗੁੰਨ੍ਹ ਦਿੰਦੀ ਹੈ।‘
ਅੱਜੋਕੇ ਸਮਿਆਂ ਵਿੱਚ ਕਵੀ ਸੋਚਦਾ ਹੈ, ਸੰਸਾਰੀ ਵਰਤਾਰਿਆਂ ਨੁੰ ਨਿਰਖਦਾ-ਪਰਖਦਾ ਹੈ। ਆਪਣੇ ਪਿੰਡੇ ‘ਤੇ ਹੰਢਾਉਂਦਾ ਹੈ। ਲੋਕਾਂ ‘ਤੇ ਹੋ ਰਿਹਾ ਜ਼ਬਰ ਉਹ ਆਪਣੇ ਪਿੰਡੇ ‘ਤੇ ਮਹਿਸੂਸਦਾ ਹੈ। ਇਸ ਤਰ੍ਹਾਂ ਪਿਆਰਾ ਸਿੰਘ ਰਾਹੀ ਦੀ ਕਵਿਤਾ ਲੋਕ-ਪੀੜ ਨਾਲ਼ ਪਰੁੱਚੀ ਕਵਿਤਾ ਕਹੀ ਜਾ ਸਕਦੀ ਹੈ।
ਪਿਆਰਾ ਸਿੰਘ ਰਾਹੀ ਦੇ ਗੀਤ ਕਲ ਕਲ ਵਗਦੇ ਕਿਸੇ ਝਰਨੇ ਵਾਂਗ ਹਨ। ਓਹਦੇ ਗੀਤਾਂ ਵਿੱਚ ਸੁਰ ਹੈ, ਤਾਲ ਹੈ, ਲੈਅ ਹੈ, ਰਸ ਹੈ ਤੇ ਜਸ ਵੀ। ਆਓ ਓਹਦਾ ਇਹ ਗੀਤ ਪੜ੍ਹਦੇ ਹਾਂ, ‘ਨਦੀਆਂ ਦੇ ਪਾਣੀ ਜਿਹੜੇ ਰਹਿਣ ਸਦਾ ਚੱਲਦੇ/ ਉਹੀ ਇੱਕ ਦਿਨ ਜਾ ਕੇ ਸਾਗਰਾਂ ‘ਚ ਰਲ਼ਦੇ/ ‘ਟੇਸ਼ਨਾਂ ਨੂੰ ਖੜ੍ਹੇ ਛੱਡ ਲੰਘ ਜਾਂਦੀ ਰੇਲ ਵੇ/ ਦੀਵੇ ਵਿੱਚੋਂ ਜਦੋਂ ਯਾਰਾ ਮੁੱਕ ਗਿਆ ਤੇਲ ਵੇ/ ਲਾਟ ‘ਤੇ ਭਮੱਕੜਾਂ ਦਾ ਮੁੱਕ ਜਾਂਦਾ ਖੇਲ੍ਹ ਵੇ/ ਦੀਵੇ ਵਿੱਚੋਂ ਜਦੋਂ ਯਾਰਾ ਮੁੱਕ ਗਿਆ ਤੇਲ ਵੇ।‘
ਪਿਆਰਾ ਸਿੰਘ ਰਾਹੀ ਦੇ ਕਾਵਿ-ਸੰਗ੍ਰਹਿ ‘ਸੁਪਨਿਆਂ ਦੀ ਗੱਲ‘ ਨੂੰ ਵਾਚਦਿਆਂ ਮੈਨੂੰ ਉਹਦੀਆਂ ਨਜ਼ਮਾਂ ਤੇ ਗੀਤ ਓਹਦੀ ਕਾਵਿ-ਪਰਪੱਕਤਾ ਦਾ ਉੱਤਮ ਨਮੂਨਾ ਜਾਪੇ ਹਨ। ਇਸ ਕਾਵਿ-ਸੰਗ੍ਰਹਿ ਲਈ ਉੱਘੇ ਲੇਖਕ ਪਿਆਰਾ ਸਿੰਘ ਰਾਹੀ ਨੂੰ ਮੁਬਾਰਕ।
ਸੁਰਜੀਤ ਸੁਮਨ – 98144 30874
ਸੁਪਨਿਆਂ ਦੀ ਗੱਲ (ਕਾਵਿ–ਸੰਗ੍ਰਹਿ)
ਪਿਆਰਾ ਸਿੰਘ ਰਾਹੀ
ਪੰਨੇ: 112, ਮੁੱਲ: 220 ਰੁਪਏ
ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
94638 36591

