ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਨਵੰਬਰ:
ਸ੍ਰੀ ਮਸਤੂਆਣਾ ਸਾਹਿਬ ਦੇ ਅਕਾਲ ਕਾਲਜ ਆਫ ਫ਼ਿਜੀਕਲ ਐਜੂਕੇਸ਼ਨ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਸਮੇਂ ਪੰਜਾਬ ਭਵਨ-ਸਰੀ ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਵਲੋਂ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਪ੍ਰਿੰ. ਗੋਸਲ ਨੂੰ ਸਨਮਾਨਿਤ ਕਰਨ ਲਈ ਉਹਨਾਂ ਨੂੰ ਇੱਕ ਮੋਮੈਂਟੋ ਅਤੇ ਕੈਸ਼ ਰਾਸ਼ੀ ਸਨਮਾਨ-ਪੂਰਵਕ ਦਿੱਤੀ ਗਈ। ਸੁਰ ਸਾਂਝ ਪ੍ਰਿੰ. ਬਹਾਦਰ ਸਿੰਘ ਗੋਸਲ਼ ਨੇ ਸੁਰ ਡਾਟ ਕਾਮ ਨਾਲ਼ ਵਿਸ਼ੇਸ਼ ਤੌਰ ਤੇ ਗੱਲਬਾਤ ਦੌਰਾਨ ਇਸ ਖੁਸ਼ੀ ਦਾ ਇਜ਼ਹਾਰ ਸ੍ਰੀ ਸੁੱਖਾ ਬਾਠ ਜੀ ਦਾ ਉੱਚੇਚਾ ਧੰਨਵਾਦ ਕੀਤਾ।


ਸ੍ਰੀ ਮਸਤੂਆਣਾ ਸਾਹਿਬ ਵਿਖੇ ਇਹ ਦੋ-ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਪੰਜਾਬ ਭਰ ਦੇ ਬਾਲ ਲੇਖਕਾਂ ਲਈ ਰੱਖੀ ਗਈ ਸੀ ਤਾਂ ਕਿ ਬੱਚਿਆਂ ਨੂੰ ਉਤਸ਼ਾਹਿਤ ਕਰਕੇ ਛੋਟੀ ਉਮਰ ਤੋਂ ਹੀ ਉਹਨਾਂ ਅੰਦਰ ਛੁਪੀ ਲਿਖਣ ਕਲਾ ਨੂੰ ਉਭਾਰਨਾ ਅਤੇ ਬੱਚਿਆਂ ਦੇ ਦਿਲਾਂ ਵਿਚ ਮਾਂ ਬੋਲੀ ਪੰਜਾਬੀ ਲਈ ਪਿਆਰ-ਸਤਿਕਾਰ ਪੈਦਾ ਕਰਨਾ ਸੀ। ਇਸ ਦੋ ਰੋਜ਼ਾ ਕਾਨਫ਼ਰੰਸ ਵਿਚ ਬੱਚਿਆਂ ਦੇ ਕਾਵਿ-ਉਚਾਰਣ ਮੁਕਾਬਲੇ, ਲੇਖ, ਕਹਾਣੀਆਂ ਲਿਖਣਾ ਅਤੇ ਭੰਗੜਾ ਆਦਿ ਦੇ ਮੁਕਾਬਲੇ ਕਰਵਾਏ ਗਏ। ਪੰਜਾਬੀ ਦੇ ਪ੍ਰਸਿੱਧ ਲੇਖਕ ਅਤੇ ਨਾਮੀ ਬਾਲ-ਸਾਹਿਤਕਾਰ ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ਬਤੌਰ ਜੱਜ ਵਿਸ਼ੇਸ਼ ਸੱਦਾ ਪੱਤਰ ਭੇਜਿਆ ਗਿਆ ਸੀ। ਇਸੇ ਸਬੰਧ ਵਿੱਚ ਪ੍ਰਿੰ. ਬਹਾਦਰ ਸਿੰਘ ਗੋਸਲ, ਡਾ. ਦਰਸ਼ਨ ਸਿੰਘ ਆਸ਼ਟ ਅਤੇ ਬਲਜਿੰਦਰ ਮਾਨ ਨੇ ਜੱਜਮੈਂਟ ਲਈ ਵਿਸ਼ੇਸ਼ ਭੂਮਿਕਾ ਨਿਭਾਈ।
ਬਾਲ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਨਿਭਾਉਣ ਅਤੇ ਉੱਘੇ ਸਾਹਿਤਕਾਰ ਹੋਣ ਕਰਕੇ ਪੰਜਾਬ-ਭਵਨ ਸਰੀ ਕੈਨੇਡਾ ਦੇ ਪ੍ਰਬੰਧਕਾਂ ਵਲੋਂ ਪ੍ਰਿੰਸੀਪਲ ਗੋਸਲ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਦੇ ਨਾਲ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ, ਮੁੱਖ ਸਲਾਹਕਾਰ ਅਤੇ ਨਾਮੀ ਸਾਹਿਤਕਾਰ ਬਲਜਿੰਦਰ ਕੌਰ ਸ਼ੇਰਗਿੱਲ ਵੀ ਹਾਜ਼ਰ ਸਨ। ਪ੍ਰਬੰਧਕਾਂ ਵਿਚ ਪੰਜਾਬ ਭਵਨ-ਸਰੀ ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ, ਸ੍ਰ.ਓਕਾਰ ਸਿੰਘ ਤੇਜੀ, ਹਰਜਿੰਦਰ ਸਿੰਘ ਸੰਧੂ, ਮਨਪ੍ਰੀਤ ਕੌਰ ਮੁੰਬਈ, ਮਨਦੀਪ ਕੌਰ, ਬਲਜਿੰਦਰ ਮਾਨ ਅਤੇ ਕਾਲਜ ਦੇ ਪ੍ਰਬੰਧਕ ਸ਼ਾਮਲ ਸਨ।
ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਇਸ ਵਿਸ਼ੇਸ਼ ਸਨਮਾਨ ਲਈ ਸ੍ਰੀ ਸੁੱਖੀ ਬਾਠ ਅਤੇ ਦੂਜੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਸ੍ਰੀ ਜਗਤਾਰ ਸਿੰਘ ਜੋਗ ਅਤੇ ਸਾਹਿਤਕਾਰ ਬਲਜਿੰਦਰ ਕੌਰ ਸ਼ੇਰਗਿੱਲ ਨੇ ਇਸ ਮੌਕੇ ਕਿਹਾ ਕਿ ਪ੍ਰਿੰਸੀਪਲ ਗੋਸਲ ਦਾ ਅਜਿਹਿਆਂ ਮੌਕਿਆਂ ਤੇ ਅੰਤਰਰਾਸ਼ਟਰੀ ਸੰਸਥਾ ਵਲੋਂ ਸਨਮਾਨ ਕਰਨਾ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦਾ ਸਮੁੱਚੇ ਤੌਰ ਤੇ ਸਨਮਾਨ ਹੋਇਆ ਹੈ ਅਤੇ ਉਹਨਾਂ ਨੇ ਪ੍ਰਿੰ. ਗੋਸਲ ਨੂੰ ਇਸ ਸਨਮਾਨ ਦੀ ਪ੍ਰਾਪਤੀ ਲਈ ਵਧਾਈ ਦਿੱਤੀ। ਇਹ ਦੱਸਣਯੋਗ ਹੈ ਕਿ ਇਸ ਦੋ-ਰੋਜ਼ਾ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਅਤੇ ਰਾਜਸਥਾਨ ਗੰਗਾਨਗਰ ਤੋਂ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਬੱਚੇ ਆਪਣੇ ਅਧਿਆਪਕਾਂ ਦੀ ਨਿਗਰਾਨੀ ਵਿੱਚ ਆਏ ਹੋਏ ਸਨ, ਜਿਹਨਾਂ ਦੇ ਰਹਿਣ-ਸਹਿਣ ਅਤੇ ਖਾਣ-ਪੀਣ ਦਾ ਉੱਚ ਪੱਧਰੀ ਪ੍ਰਬੰਧ ਕੀਤਾ ਗਿਆ ਸੀ। ਇਹ ਬੱਚੇ ਵੱਖ ਵੱਖ ਵੰਨਗੀਆਂ ਲਈ ਵੱਖ ਵੱਖ ਉਮਰ ਵਰਗਾਂ ਵਿੱਚ ਵੰਡੇ ਹੋਏ ਸਨ ਅਤੇ ਹਰ ਵੰਨਗੀ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਲਈ ਵੱਡੇ ਵੱਡੇ ਕੈਸ਼ ਇਨਾਮ ਰੱਖੇ ਗਏ ਸਨ, ਜਿਸ ਕਾਰਨ ਬੱਚੇ ਪੂਰੀ ਤਿਆਰੀ ਅਤੇ ਵੱਡੀ ਗਿਣਤੀ ਵਿੱਚ ਆਏ ਹੋਏ ਸਨ।
ਫੋਟੋ ਕੈਪਸ਼ਨ – ਪੰਜਾਬ ਭਵਨ-ਸਰੀ ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਅਤੇ ਦੂਜੇ ਪ੍ਰਬੰਧਕ ਪ੍ਰਿੰ. ਬਹਾਦਰ ਸਿੰਘ ਗੋਸਲ ਨੂੰ ਸਨਮਾਨਿਤ ਕਰਦੇ ਹੋਏ।

