www.sursaanjh.com > ਅੰਤਰਰਾਸ਼ਟਰੀ > ‘ਨਵੀਆਂ ਕਲਮਾਂ ਨਵੀਂ ਉਡਾਣ’ ਅਧੀਨ ਦੋ ਰੋਜ਼ਾ ਰਾਸ਼ਟਰੀ ਪੰਜਾਬੀ ਬਾਲ ਲੇਖਕ ਸੱਭਿਆਚਾਰਕ ਕਾਨਫਰੰਸ ਸ੍ਰੀ ਗੰਗਾ ਨਗਰ, ਰਾਜਸਥਾਨ ਵਿਖੇ ਹੋਈ ਸੰਪੰਨ ਸੰਪੰਨ

‘ਨਵੀਆਂ ਕਲਮਾਂ ਨਵੀਂ ਉਡਾਣ’ ਅਧੀਨ ਦੋ ਰੋਜ਼ਾ ਰਾਸ਼ਟਰੀ ਪੰਜਾਬੀ ਬਾਲ ਲੇਖਕ ਸੱਭਿਆਚਾਰਕ ਕਾਨਫਰੰਸ ਸ੍ਰੀ ਗੰਗਾ ਨਗਰ, ਰਾਜਸਥਾਨ ਵਿਖੇ ਹੋਈ ਸੰਪੰਨ ਸੰਪੰਨ

ਪੰਜਾਬ ਭਵਨ, ਸਰੀ (ਕੈਨੇਡਾ) (ਸੁਰ ਸਾਂਝ ਡਾਟ ਕਾਮ ਬਿਊਰੋ), 1 ਫਰਵਰੀ:
ਪੰਜਾਬ ਭਵਨ, ਸਰੀ (ਕੈਨੇਡਾ) ਵੱਲੋਂ ਬਾਲ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੇ ਗਏ ਪ੍ਰੋਜੈਕਟ ‘ਨਵੀਆਂ ਕਲਮਾਂ ਨਵੀਂ ਉਡਾਣ’ ਅਧੀਨ ਦੋ ਰੋਜ਼ਾ ਰਾਸ਼ਟਰੀ ਪੰਜਾਬੀ ਬਾਲ ਲੇਖਕ ਸੱਭਿਆਚਾਰਕ ਕਾਨਫਰੰਸ 2025 ਦਾ ਆਯੋਜਨ 31 ਜਨਵਰੀ ਅਤੇ 1 ਫਰਵਰੀ 2025 ਨੂੰ ਸ੍ਰੀ ਗੰਗਾ ਨਗਰ, ਰਾਜਸਥਾਨ ਵਿਖੇ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋਜੈਕਟ ‘ਨਵੀਆਂ ਕਲਮਾਂ ਨਵੀਂ ਉਡਾਣ’ ਦੇ ਇੰਚਾਰਜ ਓਂਕਾਰ ਸਿੰਘ ਤੇਜੇ ਨੇ ਦੱਸਿਆ ਕਿ ਪੰਜਾਬ ਭਵਨ ਕੈਨੇਡਾ ਦੇ ਸੰਸਥਾਪਕ ਸੁਖੀ ਬਾਠ ਵੱਲੋਂ ਸ਼ੁਰੂ ਕੀਤਾ ਗਿਆ ਇਹ ਉਪਰਾਲਾ ਪੰਜਾਬ ਤੋਂ ਬਾਅਦ ਜਿੱਥੇ ਹੋਰ ਰਾਜਾਂ ਅਤੇ ਹੋਰ ਮੁਲਕਾਂ ਵਿੱਚ ਪੈਰ ਪਸਾਰ ਰਿਹਾ ਹੈ, ਉੱਥੇ ਰਾਜਸਥਾਨ ਵਿੱਚ ਵੀ ਇਹ ਪ੍ਰੋਜੈਕਟ ਕਾਫੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਅਧੀਨ ਬਾਲ ਲੇਖਕਾਂ ਦੀਆਂ ਮੌਲਿਕ ਰਚਨਾਵਾਂ ਦੀਆਂ ਦੋ ਕਿਤਾਬਾਂ ਰਾਜਸਥਾਨ ਵਿੱਚ ਰਿਲੀਜ਼ ਹੋ ਚੁੱਕੀਆਂ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਮੈਡਮ ਰਾਜਿੰਦਰ ਕੌਰ ਮੋਹਾਲੀ ਨੇ ਦੱਸਿਆ ਕਿ ਮੋਹਾਲੀ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਸੁਰਿੰਦਰ ਕੁਮਾਰ ਜਿੰਦਲ ਦੀ ਅਗਵਾਈ ਵਿੱਚ ਮੋਹਾਲੀ ਤੋਂ ਵੀ ਇੱਕ ਭਰਵੇਂ ਡੈਲੀਗੇਸ਼ਨ ਨੇ ਇਸ ਕਾਨਫਰੰਸ ਵਿੱਚ ਸ਼ਮੂਲੀਅਤ ਕੀਤੀ, ਜਿਸ ਵਿੱਚ ਮੈਡਮ ਲਖਵੀਰ ਕੌਰ, ਗੁਤਿੰਦਰ ਕੌਰ, ਕਾਕਾ ਪਰਮਵੀਰ ਸਿੰਘ ਸਵੈਨ ਸਹੋਤਾ ਅਤੇ ਹੋਰ ਬਾਲ ਲੇਖਕ ਸ਼ਾਮਲ ਸਨ।
ਕਾਨਫਰੰਸ ਗੰਗਾਨਗਰ ਦੇ ਇੰਚਾਰਜ ਡਾਕਟਰ ਨਵਦੀਪ ਕੌਰ ਨੇ ਦੱਸਿਆ ਕਿ ਕਾਨਫਰੰਸ ਦੇ ਪਹਿਲੇ ਦਿਨ ਬਾਲ ਲੇਖਕਾਂ ਲਈ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਪੰਜਾਬੀ ਸੱਭਿਆਚਾਰਕ ਗਤੀਵਿਧੀਆਂ ਅਤੇ ਲੇਖਣ ਕਲਾਵਾਂ ਨਾਲ ਸਬੰਧਿਤ ਸਨ। ਕਾਨਫਰੰਸ ਦੇ ਦੂਜੇ ਦਿਨ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਅਧਿਆਪਕਾਂ ਅਤੇ ਹੋਰ ਮਾਹਰਾਂ ਦੀ ਇੱਕ ਵਿਚਾਰ ਗੋਸ਼ਠੀ ਆਯੋਜਿਤ ਕੀਤੀ ਗਈ ਜਿਸ ਦੀ ਪ੍ਰਧਾਨਗੀ ਸੁੱਖੀ ਬਾਠ ਵੱਲੋਂ ਕੀਤੀ ਗਈ। ਪੰਜਾਬੀ ਮਾਹਿਰਾਂ ਨੇ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਲਈ ਚੁੱਕੇ ਜਾਣ ਵਾਲੇ ਕਦਮਾਂ ਉੱਪਰ ਚਰਚਾ ਕੀਤੀ। ਸਾਰੇ ਹੀ ਵਕਤਾਵਾਂ ਨੇ ਇਸ ਗੱਲ ਉੱਪਰ ਸਹਿਮਤੀ ਜਤਾਈ ਕਿ ਨਵੀਆਂ ਕਲਮਾਂ ਨਵੀਂ ਉਡਾਨ ਵਰਗੇ ਪ੍ਰੋਜੈਕਟ ਭਵਿੱਖ ਦੇ ਵੱਡੇ ਲੇਖਕ ਪੈਦਾ ਕਰ ਸਕਦੇ ਹਨ।
ਇਸ ਮੌਕੇ ਸੁੱਖੀ ਬਾਠ ਨੇ ਸਰੋਤਿਆਂ ਨੂੰ ਇਸ ਗੱਲ ਦੀ ਜਾਣਕਾਰੀ ਵੀ ਦਿੱਤੀ ਕਿ ਅੱਜ ਕੱਲ ਕੈਨੇਡਾ ਦੇ ਹਾਲਾਤ ਸੁਖਾਵੇਂ ਨਹੀਂ ਹਨ। ਇਸ ਕਾਰਨ ਕੁਝ ਸਾਲਾਂ ਲਈ ਪੰਜਾਬ ਤੋਂ ਕੈਨੇਡਾ ਦਾ ਪ੍ਰਵਾਸ ਕਰਨ ਬਾਰੇ ਸੋਚਿਆ ਵੀ ਨਹੀਂ ਜਾਣਾ ਚਾਹੀਦਾ। ਉਨਾਂ ਨੇ ਇਹ ਵੀ ਦੱਸਿਆ ਕਿ ਇੱਕ ਦੂਜੇ ਦੀ ਦੇਖਾ-ਦੇਖੀ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਨੌਜਵਾਨਾਂ ਅਤੇ ਮੁਟਿਆਰਾਂ ਨੂੰ ਕਿਸ ਤਰ੍ਹਾਂ ਦੀਆਂ ਮਾੜੀਆਂ ਹਾਲਤਾਂ ਵਿੱਚ ਮਜ਼ਬੂਰੀਆਂ ਅਧੀਨ ਜੀਵਨ ਬਤੀਤ ਕਰਨਾ ਪੈਂਦਾ ਹੈ। ਇਹਨਾਂ ਮਜ਼ਬੂਰੀਆਂ ਅਤੇ ਤੰਗੀਆਂ-ਤੁਰਸ਼ੀਆਂ ਕਾਰਨ ਬਹੁਤੇ ਬੱਚੇ ਉਥੇ ਜਾ ਕੇ ਮਾੜੇ ਰਾਹ ਜਾਂ ਨਸ਼ਿਆਂ ਦੇ ਗੁਲਾਮ ਹੋ ਜਾਂਦੇ ਹਨ।

Leave a Reply

Your email address will not be published. Required fields are marked *