www.sursaanjh.com > Uncategorized > ਸ਼ਾਨਦਾਰ ਰਿਹਾ ਮਹਾਂ ਉਤਸਵ ਦਾ ਉਦਘਾਟਨੀ ਸਮਾਰੋਹ

ਸ਼ਾਨਦਾਰ ਰਿਹਾ ਮਹਾਂ ਉਤਸਵ ਦਾ ਉਦਘਾਟਨੀ ਸਮਾਰੋਹ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 2 ਫਰਵਰੀ:
ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਵੱਲੋਂ ਪੰਜਾਬ ਦੀ ਨਵ ਸਿਰਜਣਾ ਲਈ ਮਹਿੰਦਰ ਸਿੰਘ ਰੰਧਾਵਾ, ਸੁਰਜੀਤ ਪਾਤਰ ਅਤੇ ਮਾਤ ਭਾਸ਼ਾ ਨੂੰ ਸਮਰਪਿਤ ਮਹਾਂ ਉਤਸਵ ਦਾ ਉਦਘਾਟਨ ਅੱਜ ਪੰਜਾਬ ਕਲਾ ਭਵਨ ਸੈਕਟਰ 16, ਚੰਡੀਗੜ੍ਹ ਵਿਖੇ ਕਰਵਾਇਆ ਗਿਆ। ਇਹ ਉਤਸਵ 29 ਮਾਰਚ ਤਕ ਪੰਜਾਬ ਦੇ ਵੱਖ ਵੱਖ ਖੇਤਰਾਂ ਵਿਚ ਹੋਵੇਗਾ। ਸਮਾਗਮ ਦੇ ਸ਼ੁਰੂਆਤ ਵਿਚ ਵਿਜ਼ੇ ਓਜ਼ੋ ਵੱਲੋਂ ਲਗਾਈ ਪ੍ਰਦਰਸ਼ਨੀ ਦਾ ਉਪ-ਕੁਲਪਤੀ ਐਸ. ਐਸ. ਗੋਸਲ ਨੇ ਉਦਘਾਟਨ ਕੀਤਾ। ਇਸ ਉਪਰੰਤ ਸੁਆਗਤੀ ਸ਼ਬਦ ਬੋਲਦੇ ਹੋਏ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਹੋਰਾਂ ਨੇ ਕਿਹਾ ਕਿ ਇਹ ਦੋ ਮਹੀਨਿਆਂ ਦੇ ਸਮਾਗਮਾਂ ਲਈ ਅਸੀਂ ਨੌਜਵਾਨੀ ਨੂੰ ਕੇਂਦਰਤ ਕੀਤਾ ਹੈ ਅਤੇ ਇਹ ਪੰਜਾਬ ਦੇ 9 ਸ਼ਹਿਰਾਂ ਵਿਚ ਕਰਵਾਏ ਜਾਣਗੇ। ਇਸ ਤੋਂ ਬਾਅਦ ਉੱਘੇ ਚਿੰਤਕ ਅਮਰਜੀਤ ਗਰੇਵਾਲ ਨੇ ਕਿਹਾ ਕਿ ਇਹ ਸਮਾਗਮ ਲੜੀ ਅਸੀਂ ਯੂਥ ਨੂੰ ਧਿਆਨ ਵਿਚ ਰੱਖ ਕੇ ਯੋਜਨਾਬੱਧ ਕੀਤੀ ਹੈ; ਉਹ ਹੀ ਆਉਣ ਵਾਲ਼ੇ ਸਮੇਂ ਨਾਲ ਦਸਤਪੰਜਾ ਲੈ ਸਕਣਗੇ।
ਇਸ ਉਪਰੰਤ ਡਾ. ਐੱਸ. ਐੱਸ ਗੋਸਲ, ਉਪ-ਕੁਲਪਤੀ, ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਡਾ. ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਲੈਕਚਰ-2025 ‘ਪੰਜਾਬ  ਵਿਚ ਖੇਤੀ ਅਤੇ ਪੇਂਡੂ ਵਿਕਾਸ ਦਾ ਭਵਿੱਖ’ ਦਿੱਤਾ ਗਿਆ। ਉਹਨਾਂ ਆਪਣੇ ਭਾਸ਼ਣ ਵਿਚ ਪਹਿਲਾਂ ਮਹਿੰਦਰ ਸਿੰਘ ਰੰਧਾਵਾ ਹੋਰਾਂ ਦੇ ਜੀਵਨ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਉਹਨਾਂ ਵੱਲੋਂ ਪੰਜਾਬ ਦੀ ਖੇਤੀ ਵਿਚ ਪਾਏ ਯੋਗਦਾਨ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਰੰਧਾਵਾ ਹੋਰਾਂ  ਦੇ ਸਾਹਿਤ ਤੇ ਹੋਰ ਖੇਤਰਾਂ ਵਿਚ ਪਾਏ ਯੋਗਦਾਨਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ ਵਰਤਮਾਨ ਪੰਜਾਬ ਵਿਚ ਹੋ ਰਹੀ ਅਨਾਜ ਦੀ ਉਪਜ ਨੂੰ ਦੁਨੀਆ ਵਿਚ ਸਭ ਨਾਲੋਂ ਵੱਧ ਦੱਸਿਆ। ਉਹਨਾਂ ਨੇ ਕੁਝ ਖਦਸ਼ੇ ਵੀ ਜ਼ਾਹਿਰ ਵੀ ਕੀਤੇ ਕਿ ਪੰਜਾਬ ਦਾ ਧਰਤੀ ਹੇਠਲਾ ਪਾਣੀ ਥੱਲੇ ਜਾ ਰਿਹਾ ਹੈ; ਉਹਨਾਂ ਅੱਗੇ ਜੋੜਿਆ ਕਿ ਵਾਤਾਵਰਣ ਦੇ ਵਿਗਾੜ ਨਾਲ ਵੀ ਪੰਜਾਬ ਦੀ ਖੇਤੀ ਪ੍ਰਭਾਵਿਤ ਹੋ ਰਹੀ ਹੈ। ਉਹਨਾਂ ਅਗਾਂਹ ਕਿਹਾ ਕਿ ਪੰਜਾਬ ਦੀ ਖੇਤੀਯੋਗ ਜ਼ਮੀਨ ਤੇਜ਼ੀ ਨਾਲ ਸੜਕਾਂ ਤੇ ਹੋਰ ਨਿਰਮਾਣ ਅਧੀਨ ਆ ਰਹੀ ਹੈ। ਉਹਨਾਂ ਖੇਤੀਬਾੜੀ ਯੂਨੀਵਰਸਿਟੀ ਦੀਆਂ ਭਵਿੱਖੀ ਯੋਜਨਾਵਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਦਘਾਟਨੀ ਸ਼ਬਦ ਪ੍ਰੋ.ਕਰਮਜੀਤ ਸਿੰਘ, ਉਪ-ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਕਹੇ ਗਏ। ਉਹਨਾਂ ਕਿਹਾ ਕਿ ਇਹ ਮਹਾਂ ਉਤਸਵ ਦੋ ਪੰਜਾਬੀ ਨਾਇਕਾਂ ਮਹਿੰਦਰ ਸਿੰਘ ਰੰਧਾਵਾ ਤੇ ਸੁਰਜੀਤ ਪਾਤਰ ਦੇ ਨਾਂ ‘ਤੇ ਆਯੋਜਤ ਕੀਤਾ ਜਾ ਰਿਹਾ। ਉਹਨਾਂ ਗੋਸਲ ਸਾਹਿਬ ਦੇ ਭਾਸ਼ਣ ਨੂੰ ਮਹੱਤਵਪੂਰਨ ਦੱਸਦੇ ਹੋਏ ਕਿਹਾ ਕਿ ਇਹ ਗੱਲਾਂ ਨਵੀਆਂ ਲੀਹਾਂ ਪਾਉਣਗੀਆਂ ਤੇ ਇਸ ਮਹਾਂ ਉਤਸਵ ਨੂੰ ਸੇਧ ਦੇਣਗੀਆਂ।
ਇਸ ਸਮਾਗਮ ਦੀ ਪ੍ਰਧਾਨਗੀ ਨਿਰਲੇਪ ਸਿੰਘ, ਸਾਬਕਾ CMD NFL ਵੱਲੋਂ ਕੀਤੀ ਗਈ; ਉਹਨਾਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਗੋਸਲ ਸਾਹਿਬ ਨੇ ਬੜੇ ਮਹੱਤਵਪੂਰਨ ਵਿਸ਼ੇ ਛੋਹੇ ਨੇ ਤੇ ਇਹਦੇ ਸਾਨੂੰ ਜ਼ਰੂਰ ਫਇਦੇ ਹੋਣਗੇ; ਉਹਨਾਂ ਅੱਗੇ ਕਿਹਾ ਕਿ ਪ੍ਰੋ. ਕਰਮਜੀਤ ਨੇ ਜਿਹੜੇ ਆਪਣੀ ਯੂਨੀਵਰਸਿਟੀ ਵਿਚ ਕੰਮ ਕਰਨ ਦੇ ਵਾਅਦੇ ਕੀਤੇ ਨੇ ਤੇ ਉਹਨਾਂ ਦਾ ਲੋਕਾਂ ਨੂੰ ਸੁਝਾਅ ਦੇਣ ਲਈ ਕਹਿਣਾ ਬੜਾ ਮਹੱਤਵਪੂਰਨ ਹੈ। ਸਮਾਗਮ ਦੇ ਅਗਲੇ ਦੌਰ ਵਿਚ ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਰਾਜਿਦਰ ਸਿੰਘ ਵੱਲੋਂ ਗਾਇਨ ਕੀਤਾ ਗਿਆ। ਇਸ ਤੋਂ ਬਾਅਦ ਉੱਘੇ ਡਾਇਰੈਕਟਰ ਹਰਜੀਤ ਸਿੰਘ ਵੱਲੋਂ ਮਰਹੂਮ ਸ਼ਾਇਰ ਸੁਰਜੀਤ ਪਾਤਰ ਦੀਆਂ ਕਵਿਤਾਵਾਂ ‘ਆਧਾਰਿਤ ਦਸਤਾਵੇਜ਼ੀ ਫਿਲਮ ‘ਮੈਂ ਫਿਰ ਆਵਾਂਗਾ’ ਦਿਖਾਈ ਗਈ, ਜਿਸ ਨੇ ਦਰਸ਼ਕਾਂ ਦੀ ਅੱਖਾਂ ਨਮ ਕਰ ਦਿੱਤੀਆਂ।
ਪ੍ਰੀਤਮ ਰੁਪਾਲ ਤੇ ਗਰੁੱਪ ਵੱਲੋਂ  ਲੋਕ ਗਥਾਵਾਂ ਦੀ ਪੇਸ਼ਕਾਰੀ ਕੀਤੀ ਗਈ। ਉਦਘਾਟਨੀ ਸਮਾਗਮ ਦੇ ਸਿਖ਼ਰ ‘ਤੇ ਏ. ਆਈ ਨੂੰ ਲੈ ਕੇ ਅਮਰਜੀਤ ਸਿੰਘ ਗਰੇਵਾਲ ਵੱਲੋਂ ਰਚਿਤ ਤੇ ਰਾਜਵਿੰਦਰ ਸਮਰਾਲਾ ਵੱਲੋਂ ਨਿਰਦੇਸ਼ਤ ਨਾਟਕ ‘ਦੇਹੀ’ ਖੇਡਿਆ ਗਿਆ, ਜਿਸ ਨੂੰ ਦਰਸ਼ਕਾਂ ਵੱਲੋਂ ਤਾੜੀਆਂ ਨਾਲ ਭਰਪੂਰ ਹੁੰਗਾਰਾ ਦਿੱਤਾ। ਇਸ ਸਮਾਗਮ ਦਾ ਸਮੁੱਚਾ ਸੰਚਾਲਨ ਕਲਾ ਪਰਿਸ਼ਦ ਦੇ ਉਪ-ਚੇਅਰਮੈਨ ਡਾ. ਯੋਗ ਰਾਜ ਨੇ ਬਾਖੂਬੀ ਨਿਭਾਇਆ। ਇਸ ਸਮਾਗਮ ਵਿਚ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ, ਗੁਲਜ਼ਾਰ ਸੰਧੂ, ਪਾਲ ਅਜਨਬੀ, ਸਤਨਾਮ ਸ਼ੋਕਰ, ਸਰੂਪ ਸਿਆਲਵੀ, ਦਰਸ਼ਨ ਤਿਉਣਾ, ਗੁਰਮੀਤ ਸਿੰਗਲ, ਗੁਰਦੇਵ ਗਿੱਲ, ਹਰਬੰਸ ਗਿੱਲ, ਸੁਰਿੰਦਰ ਗਿੱਲ, ਹਰਪ੍ਰੀਤ ਚੰਨੂ, ਪਲਵੀ ਸ਼ਰਮਾ, ਪ੍ਰੀਤਮ ਰੁਪਾਲ, ਜਗਦੀਪ ਸਿੱਧੂ, ਪ੍ਰਤਾਪ ਪਾਰਸ, ਚਰਨਜੀਤ ਬਾਠ, ਗੋਰਜੋਧ ਕੌਰ, ਪਿਆਰਾ ਸਿੰਘ ਰਾਹੀ, ਲਾਭ ਸਿੰਘ ਲਹਿਲੀ, ਡਾ. ਅਮਰਜੀਤ, ਅਰਵਿੰਦਰ ਢਿੱਲੋਂ ਆਦਿ ਸ਼ਾਮਿਲ ਹੋਏ।

Leave a Reply

Your email address will not be published. Required fields are marked *