www.sursaanjh.com > ਅੰਤਰਰਾਸ਼ਟਰੀ > ਨੌਜਵਾਨਾਂ ਲਈ ਰੋਜ਼ਗਾਰ ਮੁਹੱਈਆ ਕਰਵਾਏ ਸਰਕਾਰ – ਰਵੀ ਸ਼ਰਮਾ

ਨੌਜਵਾਨਾਂ ਲਈ ਰੋਜ਼ਗਾਰ ਮੁਹੱਈਆ ਕਰਵਾਏ ਸਰਕਾਰ – ਰਵੀ ਸ਼ਰਮਾ

ਚੰਡੀਗੜ੍ਹ 17 ਫਰਵਰੀ (ਅਵਤਾਰ ਨਗਲੀਆ-ਸੁਰ ਸਾਂਝ ਡਾਟ ਕਾਮ ਬਿਊਰੋ):
ਵਿਦੇਸ਼ਾਂ ਦੀ ਧਰਤੀ ‘ਤੇ ਜਾ ਕੇ ਰੋਜ਼ੀ ਰੋਟੀ ਲਈ ਕੰਮ ਕਰਨਾ ਸਾਡੇ ਨੌਜਵਾਨਾਂ ਦੀ ਮਜਬੂਰੀ ਹੈ, ਕਿਉਂਕਿ ਸਾਡੇ ਇਥੇ ਢੁੱਕਵੇਂ ਪ੍ਰਬੰਧ ਨਹੀਂ ਹਨ। ਨੌਜਵਾਨਾਂ ਲਈ ਰੋਜ਼ਗਾਰ ਮੁਹੱਈਆ ਕਰਵਾਉਣਾ ਸਰਕਾਰਾਂ ਦਾ ਮੁੱਢਲਾ ਫਰਜ਼ ਬਣਦਾ ਹੈ।’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵੀ ਖੇਡ ਪ੍ਰਮੋਟਰ ਅਤੇ ਦਾਸ ਐਸੋਸੀਏਟ ਨਿਊ ਚੰਡੀਗੜ੍ਹ ਦੇ ਸੰਚਾਲਕ ਰਵੀ ਸ਼ਰਮਾ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਪੜ੍ਹੇ ਲਿਖੇ ਨੌਜਵਾਨਾਂ ਨੂੰ ਸਮੇਂ ਸਿਰ ਕੋਈ ਰੁਜ਼ਗਾਰ ਮਿਲਦਾ ਤਾਂ ਪੰਜਾਬ ਦੀ ਨੌਜਵਾਨੀ ਦਾ ਰੁਝਾਨ ਵਿਦੇਸ਼ਾਂ ਵੱਲ ਕਦੇ ਵੀ ਨਹੀਂ ਹੋਣਾ ਸੀ। ਅਮਰੀਕਾ ਵਰਗੇ ਦੇਸ਼ ਵਿੱਚ ਜਾਣ ਲਈ ਪੰਜਾਬ ਦੇ ਨੌਜਵਾਨ ਲੱਖਾਂ ਰੁਪਏ ਲਾ ਕੇ ਜਾਂਦੇ ਹਨ। ਏਜੰਟ ਕਦੇ ਵੀ ਨੌਜਵਾਨਾਂ ਨੂੰ ਪੰਜਾਬ ਤੋਂ ਅਮਰੀਕਾ ਨਹੀਂ ਲੈ ਕੇ ਜਾਂਦੇ ਅਤੇ ਨਾ ਹੀ ਕਦੇ ਵਿਦੇਸ਼ ਜਾਣ ਵਾਲੇ ਨੂੰ ਇਸ ਬਾਰੇ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਡੌਂਕੀ ਲਾ ਕੇ ਅਸਿੱਧੇ ਢੰਗ ਨਾਲ ਅਮਰੀਕਾ ਜਾਣਾ ਪਵੇਗਾ। ਧੋਖੇਬਾਜ਼ ਏਜੰਟਾਂ ਦੇ ਝਾਂਸੇ ਵਿੱਚ ਆਏ ਪਤਾ ਨਹੀਂ ਕਿੰਨੇ ਹੀ ਨੌਜਵਾਨ ਪਨਾਮਾ ਦੇ ਜੰਗਲਾਂ ਵਿੱਚ ਹੀ ਰਹਿ ਜਾਂਦੇ ਹਨ, ਜਿਨ੍ਹਾਂ ਦੀ ਖ਼ਬਰ ਉਨ੍ਹਾਂ ਦੇ ਪਰਿਵਾਰ ਨੂੰ ਵੀ ਨਹੀਂ ਦਿੱਤੀ ਜਾਂਦੀ। ਸ਼ਰਮਾ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਜਾ ਕੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਵੀ ਮਿਹਨਤ ਮਜ਼ਦੂਰੀ ਹੀ ਕਰਨੀ ਪੈਂਦੀ ਹੈ।
ਉਨ੍ਹਾਂ ਕਿਹਾ ਕਿ ਪਰਿਵਾਰ ਤੋਂ ਦੂਰ ਵਿਦੇਸ਼ਾਂ ਵਿੱਚ ਰਹਿਣ ਵਾਲੇ ਨੌਜਵਾਨ ਇਸ ਗੱਲ ਨੂੰ ਭਲੀਭਾਂਤ ਜਾਣਦੇ ਹਨ ਕਿ ਕਿਨ੍ਹਾਂ ਹਾਲਾਤਾਂ ਵਿੱਚ ਵਿਦੇਸ਼ ਵਿੱਚ ਰੋਟੀ ਕਮਾਉਣੀ ਪੈਂਦੀ ਹੈ। ਘਰ ਦਾ ਫ਼ਿਕਰ ਅਲੱਗ ਤੋਂ ਰਹਿੰਦਾ ਹੈ। ਹੁਣ ਇਹ ਜੋ ਅਮਰੀਕਾ ਦੀ ਸਰਕਾਰ ਵੱਲੋਂ ਨਾਜਾਇਜ਼ ਤੌਰ ‘ਤੇ ਰਹਿ ਰਹੇ ਭਾਰਤੀਆਂ ਜਾ ਹੋਰ ਦੇਸ਼ ਦੇ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਹੈ, ਇਸ ਨਾਲ ਬਹੁਤ ਸਾਰੇ ਨੌਜਵਾਨਾਂ ਦੇ ਸੰਜੋਏ ਸੁਪਨੇ ਚਕਨਾਚੂਰ ਹੋ ਗਏ ਹਨ। ਉਨ੍ਹਾਂ ਪਰਿਵਾਰਾਂ ਦਾ ਹਾਲ ਹੋਰ ਵੀ ਤਰਸਯੋਗ ਹੈ, ਜਿਨ੍ਹਾਂ ਵੱਲੋਂ ਕਰਜ਼ਈ ਹੋ ਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਿਆ ਗਿਆ ਸੀ। ਰਵੀ ਸ਼ਰਮਾ ਅਨੁਸਾਰ ਨੌਜਵਾਨ ਪੀੜ੍ਹੀ ਦਾ ਵਿਦੇਸ਼ਾਂ ਵੱਲ ਵਧਦੇ ਰੁਝਾਨ ਦਾ ਸਭ ਤੋਂ ਵੱਡਾ ਕਾਰਨ ਪੰਜਾਬ ਵਿੱਚ ਬੇਰੋਜ਼ਗਾਰੀ ਹੈ। ਬੀ ਟੈੱਕ, ਬੀ ਐੱਡ ਸੜਕਾਂ ‘ਤੇ ਧਰਨੇ ਮੁਜ਼ਾਹਰੇ ਕਰਨ ਲਈ ਮਜਬੂਰ ਹਨ। ਜੇਕਰ ਨੌਜਵਾਨ ਪੀੜ੍ਹੀ ਨੂੰ ਪੜ੍ਹਾਈ ਕਰਨ ਤੋਂ ਬਾਅਦ ਤੁਰੰਤ ਰੋਜ਼ਗਾਰ ਮਿਲ ਜਾਵੇ ਤਾਂ ਸ਼ਾਇਦ ਨੋਜਵਾਨੀ ਇਸ ਤਰ੍ਹਾਂ ਵਿਦੇਸ਼ਾਂ ਨੂੰ ਜਾਣ ਲਈ ਮਜਬੂਰ ਨਾ ਹੋਵੇ।

Leave a Reply

Your email address will not be published. Required fields are marked *