ਕਰੌਂਦੇ ਆਲਾ ਵਿਖੇ ਭਲਕੇ ਕਰਵਾਇਆ ਜਾਵੇਗਾ ਕੁਸ਼ਤੀ ਦੰਗਲ
ਚੰਡੀਗੜ੍ਹ 19 ਫਰਵਰੀ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਪਿੰਡਾਂ ਦੇ ਨੌਜਵਾਨ ਕਲੱਬਾਂ, ਪੰਚਾਇਤਾਂ ਜਾਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਕਰਵਾਏ ਗਏ ਖੇਡ ਮੇਲੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਅਕਰਸ਼ਿਤ ਜ਼ਰੂਰ ਕਰਦੇ ਹਨ, ਇਸ ਗੱਲ ਦਾ ਪ੍ਰਗਟਾਵਾ ਸਮਾਜ ਸੇਵੀ ਖੇਡ ਪ੍ਰਮੋਟਰ ਅਤੇ ਦਾਸ ਐਸੋਸੀਏਟ ਦੇ ਸੰਚਾਲਕ ਸ੍ਰੀ ਰਵੀ ਸ਼ਰਮਾ ਮੁੱਲਾਂਪੁਰ ਗਰੀਬਦਾਸ ਨੇ ਉਸ ਵੇਲੇ ਕੀਤਾ ਜਦੋਂ ਪਿੰਡ ਕਰੌਂਦੇ ਆਲਾ ਵਿਖੇ ਹੋਣ ਵਾਲੇ ਛਿੰਝ ਮੇਲੇ ਦੇ ਪ੍ਰਬੰਧਕ ਸੱਦਾ ਪੱਤਰ ਦੇਣ ਲਈ ਪੁੱਜੇ। ਉਨ੍ਹਾਂ ਕਿਹਾ ਨੌਜਵਾਨ ਪੀੜ੍ਹੀ ਜਿੱਥੇ ਆਪਣੀ ਮਨਪਸੰਦ ਖੇਡ ਨੂੰ ਅਪਣਾਉਣਾ ਚਾਹੁੰਦੀ ਹੈ, ਓਥੇ ਹੀ ਉਸੇ ਖੇਡ ਵਿੱਚ ਭਵਿੱਖ ਵਿੱਚ ਕੁਝ ਬਣਨ ਦਾ ਸੁਪਨਾ ਵੀ ਸੰਜੋਈ ਬੈਠੀ ਹੈ।
ਇਹੀ ਇੱਕ ਅਜਿਹੀ ਉਮਰ ਹੈ, ਜਿਸ ਵਿਚ ਉਨ੍ਹਾਂ ਨੂੰ ਆਪਣਾ ਖ਼ੇਤਰ ਚੁਣਨ ਦਾ ਮੌਕਾ ਮਿਲਦਾ ਹੈ। ਜੇਕਰ ਪਿੰਡਾਂ ਵਿਚ ਇਸੇ ਤਰ੍ਹਾਂ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ ਤਾਂ ਨੌਜਵਾਨ ਪੀੜ੍ਹੀ ਨੂੰ ਹੋਰ ਵੀ ਖੇਡਾਂ ਨਾਲ ਜੁੜਨ ਦਾ ਮੌਕਾ ਮਿਲਦਾ ਰਹੇਗਾ। ਹਰ ਇਕ ਖੇਡ ਵਿੱਚ ਭਵਿੱਖ ਸੁਰੱਖਿਅਤ ਹੈ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਤਾਂ ਕਿ ਉਨ੍ਹਾਂ ਦੀ ਖੇਡ ਯੋਗਤਾ ਅਨੁਸਾਰ ਉਨ੍ਹਾਂ ਨੂੰ ਨੌਕਰੀ ਵੀ ਮਿਲਣ ਦੀ ਆਸ ਰਹਿੰਦੀ ਹੈ। ਇਸ ਮੌਕੇ ਨੌਜਵਾਨ ਆਗੂ ਸ਼ਮੀ ਰਾਮ ਕਰਾਉਂਦੇ ਆਲਾ ਵੱਲੋਂ ਇਲਾਕਾ ਨਿਵਾਸੀਆਂ ਨੂੰ ਇਸ ਕੁਸ਼ਤੀ ਦੰਗਲ ਵਿੱਚ ਵਧ ਚੜ੍ਹ ਕੇ ਹਾਜ਼ਰੀ ਲਗਵਾਉਣ ਲਈ ਅਪੀਲ ਕੀਤੀ ਗਈ। ਇਸ ਮੌਕੇ ਉਨ੍ਹਾਂ ਤੋਂ ਇਲਾਵਾ ਗੌਰਵ ਸ਼ਰਮਾ ਪੰਚ, ਗੁਰਜੀਤ ਸਿੰਘ ਪੂਨੀਆ, ਕੁਲਵੰਤ ਸਿੰਘ ਖੋਖਰ ਹਾਜ਼ਰ ਸਨ।

