ਚੰਡੀਗੜ੍ਹ 24 ਫਰਵਰੀ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਪੰਜਾਬ ਸਰਕਾਰ ਦੀ ਭਰਿਸ਼ਟਾਚਾਰ ਵਿਰੁੱਧ ਜ਼ੀਰੋ ਟੌਲਰੈਂਸ ਪਾਲਿਸੀ ਨੂੰ ਮੁੱਖ ਰੱਖਦੇ ਹੋਏ ਗੁਰਵਿੰਦਰ ਸਿੰਘ ਪੀਸੀਐਸ ਉਪ ਮੰਡਲ ਮਜਿਸਟਰੇਟ ਖਰੜ ਵੱਲੋਂ ਅੱਜ ਸਬ ਰਜਿਸਟਰਾਰ ਖਰੜ ਅਤੇ ਜੁਆਇੰਟ ਸਬ ਰਜਿਸਟਰਾਰ ਮਾਜਰੀ ਦੇ ਦਫਤਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਉਹਨਾਂ ਵੱਲੋਂ ਰਜਿਸਟਰੀਆਂ ਸਬੰਧੀ ਰਿਕਾਰਡ ਵੀ ਵੇਖਿਆ ਗਿਆ। ਇਸ ਉਪਰੰਤ ਉਹਨਾਂ ਵੱਲੋਂ ਰਜਿਸਟਰੀਆਂ ਕਰਾਉਣ ਆਈ ਆਮ ਪਬਲਿਕ ਦੇ ਨਾਲ ਗੱਲਬਾਤ ਵੀ ਕੀਤੀ ਅਤੇ ਰਜਿਸਟਰੀਆਂ ਸਬੰਧੀ ਫੀਡਬੈਕ ਪ੍ਰਾਪਤ ਕੀਤਾ।
ਉਹਨਾਂ ਵੱਲੋਂ ਆਮ ਜਨਤਾ ਨੂੰ ਭਰੋਸਾ ਦਿਵਾਇਆ ਗਿਆ ਕਿ ਕੋਈ ਵੀ ਰਜਿਸਟਰੀ ਸਬੰਧੀ ਕੰਮ ਲਈ ਜੇਕਰ ਕੋਈ ਮੁਲਾਜ਼ਮ ਸਰਕਾਰੀ ਫੀਸ ਤੋਂ ਇਲਾਵਾ ਹੋਰ ਫੀਸ ਦੀ ਮੰਗ ਕਰਦਾ ਹੈ ਤਾਂ ਇਸ ਸਬੰਧੀ ਉਹਨਾਂ ਨੂੰ ਜਾਣੂ ਕਰਵਾਇਆ ਜਾਵੇ। ਇਸ ਮੌਕੇ ਗੱਲਬਾਤ ਕਰਦਿਆਂ ਐਸਡੀਐਮ ਖਰੜ ਗੁਰਮੰਦਰ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਆਮ ਪਬਲਿਕ ਵੱਲੋਂ ਕਿਸੇ ਵੀ ਪ੍ਰਕਾਰ ਦੀ ਕੋਈ ਸ਼ਿਕਾਇਤ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਬ ਰਜਿਸਟਰਾਰ ਖਰੜ, ਜੁਆਇੰਟ ਸਬ ਰਜਿਸਟਰਾਰ ਮਾਜਰੀ ਅਤੇ ਘੜੂੰਆਂ ਦੇ ਦਫਤਰਾਂ ਦੀ ਰੋਜ਼ਾਨਾ ਚੈਕਿੰਗ ਕੀਤੀ ਜਾਵੇਗੀ।

