ਚੰਡੀਗੜ੍ਹ 5 ਮਾਰਚ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸਦੇ ਪਿੰਡ ਸੂੰਕ ਦੀ ਪੰਚਾਇਤੀ ਜ਼ਮੀਨ ਅਤੇ ਜੰਗਲਾਤ ਵਿਭਾਗ ਅਧੀਨ ਪੈਂਦੇ ਰਕਬੇ ‘ਤੇ ਨਾਜਾਇਜ਼ ਕਬਜ਼ਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮੌਕੇ ‘ਤੇ ਜਾ ਕੇ ਵੇਖਿਆ ਗਿਆ ਤਾਂ ਪਿੰਡ ਸੂੰਕ ਸਥਿਤ ਜੈਅੰਤੀ ਮਾਜਰੀ ਡੈਮ ਦੇ ਪਿਛਲੇ ਪਾਸਿਓਂ ਆ ਰਹੀ ਨਦੀ ਵਿੱਚ ਕੁਝ ਨਵੇਂ ਰਾਸਤੇ ਕਾਇਮ ਕੀਤੇ ਗਏ ਹਨ। ਨਦੀ ਦੀ ਕਈ ਏਕੜ ਜ਼ਮੀਨ ਨੂੰ ਨਜਾਇਜ਼ ਤੌਰ ‘ਤੇ ਪੱਧਰਾ ਕਰਕੇ ਖੇਤ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੋਰ ਤਾਂ ਹੋਰ ਨਦੀ ਵਿਚਕਾਰ ਖੜ੍ਹੇ ਦਰਖਤਾਂ ਦੇ ਆਸ-ਪਾਸ ਤੋਂ ਰੇਤਾ ਇਸ ਕਦਰ ਗ਼ਾਇਬ ਕੀਤਾ ਗਿਆ ਹੈ ਕਿ ਦਰੱਖਤਾਂ ਦੀਆਂ ਜੜ੍ਹਾਂ ਤੱਕ ਨਜ਼ਰ ਆਉਂਦੀਆਂ ਹਨ ਤੇ ਕੁਝ ਦਰੱਖਤ ਤਾਂ ਸੁੱਕਣ ਦੀ ਕਗਾਰ ‘ਤੇ ਹਨ।
ਜ਼ਿਕਰਯੋਗ ਹੈ ਕਿ ਪਹਾੜੀ ਇਲਾਕੇ ਦੇ ਪਿੰਡਾਂ ਦੀਆਂ ਬਹੁਤ ਸਾਰੀਆਂ ਜ਼ਮੀਨਾਂ ਬਹੁਤ ਸਾਰੇ ਧਨਾਢ ਲੋਕਾਂ ਅਤੇ ਅਫ਼ਸਰਸ਼ਾਹੀ ਵੱਲੋਂ ਖਰੀਦੀਆਂ ਗਈਆਂ ਹਨ। ਪਹਾੜੀਆਂ ਦੇ ਨਾਲ ਲੱਗਦੀਆਂ ਜ਼ਮੀਨਾਂ ਵਿੱਚ ਪਹਾੜੀਆਂ ਨੂੰ ਵਾਢਾ ਲਾਇਆ ਜਾ ਰਿਹਾ ਹੈ ਤੇ ਬਿਨਾਂ ਕਿਸੇ ਵੀ ਸਬੰਧਤ ਮਹਿਕਮੇ ਨੂੰ ਸੂਚਿਤ ਕੀਤਿਆਂ ਇਹ ਜ਼ਮੀਨਾਂ ਪੱਧਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਪ੍ਰਸ਼ਾਸਨ ਇਸ ਤੋਂ ਅਣਜਾਣ ਹੈ। ਇਸ ਸਬੰਧੀ ਜਦੋਂ ਜ਼ਿਲ੍ਹਾ ਜੰਗਲਾਤ ਅਫਸਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਸ ਮਾਮਲੇ ਸਬੰਧੀ ਬੇਖਬਰ ਹੁੰਦਿਆਂ ਤੁਰੰਤ ਰੇਂਜ ਅਫ਼ਸਰ ਨੂੰ ਮੌਕੇ ‘ਤੇ ਭੇਜਿਆ। ਸਬੰਧਤ ਰੇਂਜ ਅਫ਼ਸਰ ਨੇ ਮੌਕਾ ਵੇਖਣ ਉਪਰੰਤ ਬਾਰਿਸ਼ ਤੋਂ ਬਾਅਦ ਨਾਜਾਇਜ਼ ਕਬਜ਼ੇ ਨੂੰ ਪੁਰਾਣਾ ਮਾਮਲਾ ਦੱਸਕੇ ਬੁੱਤਾ ਸਾਰਿਆ ਹੈ।

