www.sursaanjh.com > ਅੰਤਰਰਾਸ਼ਟਰੀ > ਤੀਜੀ ਤਿੰਨ ਰੋਜ਼ਾ ਪੰਜਾਬੀ ਆਲਮੀ ਕਾਨਫ਼ਰੰਸ: ਔਰਤਾਂ ਦੇ ਮਸਲੇ ਵਿਚਾਰੇ

ਤੀਜੀ ਤਿੰਨ ਰੋਜ਼ਾ ਪੰਜਾਬੀ ਆਲਮੀ ਕਾਨਫ਼ਰੰਸ: ਔਰਤਾਂ ਦੇ ਮਸਲੇ ਵਿਚਾਰੇ

ਤੀਜੀ ਤਿੰਨ ਰੋਜ਼ਾ ਪੰਜਾਬੀ ਆਲਮੀ ਕਾਨਫ਼ਰੰਸ: ਔਰਤਾਂ ਦੇ ਮਸਲੇ ਵਿਚਾਰੇ
ਸ਼ਾਇਰ ਸੁਖਦੀਪ ਔਜਲਾ ਨੂੰ ਪਹਿਲਾ ਸਤਨਾਮ ਯਾਦਗਾਰੀ ਪੁਰਸਕਾਰ ਭੇਂਟ
ਨਾਮਧਾਰੀ ਸਾਹਿਤ ਪਰੰਪਰਾ ਬਾਰੇ ਹੋਈ ਚਰਚਾ
ਐਸ.ਏ.ਐਸ.ਨਗਰ (ਮੁਹਾਲੀ) (ਸੁਰ ਸਾਂਝ ਡਾਟ ਕਾਮ ਬਿਊਰੋ), 8 ਮਾਰਚ:
ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਮੁਹਾਲੀ ਵਿਖੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਕਰਾਈ ਜਾ ਰਹੀ ਤੀਜੀ ਤਿੰਨ ਰੋਜ਼ਾ ਪੰਜਾਬੀ ਆਲਮੀ ਕਾਨਫ਼ਰੰਸ ਦੇ ਦੂਜੇ ਦਿਨ ਚਾਰ ਸੈਸ਼ਨ ਆਯੋਜਿਤ ਕੀਤੇ ਗਏ। ਅੱਜ ਦੇ ਪਹਿਲੇ ਸੈਸ਼ਨ ਵਿੱਚ ਕੌਮਾਂਤਰੀ ਮਹਿਲਾ ਦਿਵਸ ਨੂੰ ਮੁੱਖ ਰੱਖਦਿਆਂ ‘‘ਅਜੋਕੇ ਭਾਰਤ ਵਿੱਚ ਔਰਤਾਂ ਸਾਹਮਣੇ ਚੁਣੌਤੀਆਂ” ਵਿਸ਼ੇ ਉੱਤੇ ਚਰਚਾ ਹੋਈ। ਇਸ ਮੌਕੇ ਮੁੱਖ ਬੁਲਾਰੇ ਵਜੋਂ ਔਰਤਾਂ ਦੇ ਹੱਕਾਂ ਲਈ ਕਾਰਜਸ਼ੀਲ ਉੱਘੀ ਚਿੰਤਕ ਸ਼ਬਨਮ ਹਾਸ਼ਮੀ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਨੋਟਬੰਦੀ ਨੇ ਔਰਤਾਂ ਕੋਲੋਂ ਨੋਟ ਖੋਹੇ, ਕੋਵਿਡ ਨੇ ਔਰਤਾਂ ਕੋਲੋਂ 88 ਲੱਖ ਨੌਕਰੀਆਂ ਖੋਹੀਆਂ, ਭਾਜਪਾ ਸਰਕਾਰ ਨਵੀਂ ਸਿੱਖਿਆ ਨੀਤੀ ਤਹਿਤ ਔਰਤਾਂ ਕੋਲੋਂ ਪਡ਼ਾਈ ਦੇ ਮੌਕੇ ਖੋਹ ਰਹੀ ਹੈ।
ਔਰਤਾਂ ਨਾਲ ਸਬੰਧਿਤ ਕਾਨੂੰਨਾਂ ਵਿਚ ਸੋਧਾਂ ਕਰਕੇ ਕਾਨੂੰਨਾਂ ਦਾ ਅਸਰ ਘਟਾਇਆ ਜਾ ਰਿਹਾ ਹੈ। ਫਾਸ਼ੀਵਾਦ ਤਹਿਤ ਲਵ ਜਹਾਦ ਅਤੇ ਅਣਖ ਦੇ ਨਾਮ ਤੇ ਕਤਲ ਕਰਨ ਵਾਲਿਆਂ ਨੂੰ ਆਰਐਸਐਸ ਹਾਰ ਪਹਿਨਾ ਰਹੀ ਹੈ, ਦੇਸ਼ ਵਿੱਚ ਨਫ਼ਰਤ ਫੈਲਾਈ ਜਾ ਰਹੀ ਹੈ। ਉਨ੍ਹਾਂ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਆਰਐਸਐਸ ਦੀਆਂ ਨੀਤੀਆਂ ਕਾਰਨ ਦੇਸ਼ ਨੂੰ ਹਿੰਦੂ ਤਾਲਿਬਾਨ ਬਣਨ ਦੇ ਰਾਹ ਤੋਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲਡ਼ਨ ਵਾਲੇ ਲੋਕ ਮਾਯੂਸ ਹੋ ਗਏ ਹਨ ਅਤੇ ਪੰਜਾਬ ਨੂੰ ਦੇਸ਼, ਸੰਵਿਧਾਨ ਅਤੇ ਕੌਮੀਅਤ ਬਚਾਉਣ ਲਈ ਅੱਗੇ ਲੱਗਣਾ ਚਾਹੀਦਾ ਹੈ।
ਡਾ ਕੰਵਲਜੀਤ ਕੌਰ ਢਿਲੋਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਔਰਤਾਂ ਦੇ ਮੁੱਦੇ ਸਮਾਜ ਦੇ ਮੁੱਦੇ ਹਨ, ਇਸ ਲਈ ਇਕੱਲੀਆਂ ਔਰਤਾਂ ਦੀ ਥਾਂ ਸਮਾਜ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਔਰਤਾਂ ਲਈ ਸਿਹਤ, ਸੁਰੱਖਿਆ ਅਤੇ ਸਿੱਖਿਆ ਤੋਂ ਇਲਾਵਾ ਲੋਕਤੰਤਰੀ ਪਰਿਵਾਰ ਅਤੇ ਸਮਾਜ ਦੀ ਲੋਡ਼ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਬਰਾਬਰੀ ਕਹਿਣ ਲਈ ਹੀ ਹੈ ਪਰ ਵਿਆਹ ਦੀਆਂ ਲਾਵਾਂ ਸਮੇਂ ਲੜਕੀ ਨੂੰ ਲੜਕੇ ਦੇ ਬਰਾਬਰ ਚੱਲਣ ਦੀ ਥਾਂ ਪਿੱਛੇ ਤੋਰਿਆ ਜਾਂਦਾ ਹੈ। ਜਾਇਦਾਦ ਦੀ ਵੰਡ ਲੜਕਿਆਂ ਵਿਚਕਾਰ ਹੁੰਦੀ ਹੈ, ਲੜਕੀਆਂ ਨੂੰ ਫੈਸਲੇ ਕਰਨ ਦੇ ਹੱਕ ਨਹੀਂ ਦਿੱਤੇ ਜਾਂਦੇ। ਇਸ ਸੈਸ਼ਨ ਵਿੱਚ ਮੱਖਣ ਕੋਹਾੜ, ਹਰਕੀਰਤ ਕੌਰ ਚਾਹਲ ਕੈਨੇਡਾ, ਗੁਰਦੇਵ ਕੌਰ ਪਾਲ, ਸੁਰਿੰਦਰ ਗਿੱਲ ਜੈਪਾਲ, ਨਵਜੋਤ ਕੌਰ ਢਿਲੋਂ ਨੇ ਵੀ ਆਪਣੇ ਵਿਚਾਰ ਰੱਖੇ। ਸ਼ਾਇਰਾ ਗੁਰਮਿੰਦਰ ਸਿੱਧੂ ਨੇ ਨਜ਼ਮ ਸੁਣਾਈ। ਮੰਚ ਸੰਚਾਲਨ ਕਮਲ ਦੁਸਾਂਝ ਨੇ ਕੀਤਾ।
‘‘ਗਜ਼ਲ, ਗੁਲਜ਼ਾਰ ਅਤੇ ਪੁਰਸਕਾਰ” ਨਾਮੀਂ ਦੂਜੇ ਸੈਸ਼ਨ ਵਿੱਚ ਵਿਦੇਸ਼ਾਂ ਤੋਂ ਆਏ ਕਵੀਆਂ ਦਾ ਮੁਸ਼ਾਹਿਰਾ ਹੋਇਆ। ਇਸ ਮੌਕੇ ਜਗਜੀਤ ਨੌਸ਼ਹਿਰਵੀ, ਰਾਜਵੰਤ ਰਾਜ, ਜਸਵਿੰਦਰ ਸ਼ਾਇਰ, ਡਾ ਜਸਵਿੰਦਰ ਸੈਣੀ, ਦਰਸ਼ਨ ਬੁੱਟਰ, ਤਲਵਿੰਦਰ ਕੈਲੋਫੋਰਨੀਆ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਇਸ ਮੌਕੇ ਸ਼ਾਇਰ ਸੁਖਦੀਪ ਔਜਲਾ ਨੂੰ ਪਹਿਲਾ ਸਤਨਾਮ ਯਾਦਗਾਰੀ ਪੁਰਸਕਾਰ ਭੇਂਟ ਕੀਤਾ ਗਿਆ, ਜਿਸ ਵਿੱਚ 51 ਹਜ਼ਾਰ ਦੀ ਰਾਸ਼ੀ, ਯਾਦਗਾਰੀ ਚਿੰਨ੍ਹ ਸ਼ਾਮਿਲ ਸੀ। ਤੀਜੇ ਸੈਸ਼ਨ ਵਿੱਚ ‘‘ਨਾਮਧਾਰੀ ਸਾਹਿਤ ਪਰੰਪਰਾ‘‘ ਉੱਤੇ ਚਰਚਾ ਕੀਤੀ ਗਈ। ਸਵਰਨ ਸਿੰਘ ਵਿਰਕ ਨੇ ਮੁੱਖ ਭਾਸ਼ਨ ਦਿੰਦਿਆਂ ਨਾਮਧਾਰੀ ਸਾਹਿਤ ਦੀਆਂ ਸਮੁੱਚੀਆਂ ਵਿਧਾਵਾਂ ਦੀ ਚਰਚਾ ਕੀਤੀ। ਇਸ ਮੌਕੇ ਡਾ ਦੀਪਕ ਮਨਮੋਹਨ ਸਿੰਘ, ਡਾ ਅਤੈ ਸਿੰਘ, ਗੁਰਭੇਜ ਸਿੰਘ ਗੋਰਾਇਆ, ਸੈਂਲੇਦਰਜੀਤ ਸਿੰਘ ਰਾਜਨ, ਯਤਿੰਦਰ ਕੌਰ ਮਾਹਲ, ਰਾਜਿੰਦਰ ਰਾਜਨ, ਮੂਲ ਚੰਦ ਸ਼ਰਮਾ, ਦਲਜੀਤ ਸ਼ਾਹੀ ਨੇ ਆਪਣੇ ਵਿਚਾਰ ਰੱਖੇ। ਸ਼ਾਮ ਸਮੇਂ ਹੋਏ ਆਖਰੀ ਸੈਸ਼ਨ ਵਿੱਚ ਡਾ ਆਤਮਜੀਤ ਵੱਲੋਂ ਦੀਵਾਨ ਸਿੰਘ ਕਾਲੇਪਾਣੀ ਦੇ ਜੀਵਨ ਤੇ ਆਧਾਰਿਤ ਲਿਖੇ ਆਪਣੇ ਨਾਟਕ ‘‘ਕਿਸ਼ਤੀਆਂ ਵਿੱਚ ਜਹਾਜ਼” ਦਾ ਮੂਲ ਪਾਠ ਕੀਤਾ ਗਿਆ।
ਕੈਪਸ਼ਨ: ਮੁਹਾਲੀ ਵਿਖੇ ਚੱਲ ਰਹੀ ਆਲਮੀ ਪੰਜਾਬੀ ਕਾਨਫਰੰਸ ਮੌਕੇ ਮੁੱਖ ਭਾਸ਼ਨ ਦਿੰਦੀ ਹੋਈ ਸ਼ਬਨਮ ਹਾਸ਼ਮੀ।

Leave a Reply

Your email address will not be published. Required fields are marked *