www.sursaanjh.com > ਚੰਡੀਗੜ੍ਹ/ਹਰਿਆਣਾ > ਕ੍ਰਿਸ਼ਮਾ ਕੁਦਰਤ ਦਾ – ਬੱਕਰੀ ਬਿਨਾਂ ਸੂਏ ਤੋਂ ਦੇਣ ਲੱਗੀ ਦੁੱਧ

ਕ੍ਰਿਸ਼ਮਾ ਕੁਦਰਤ ਦਾ – ਬੱਕਰੀ ਬਿਨਾਂ ਸੂਏ ਤੋਂ ਦੇਣ ਲੱਗੀ ਦੁੱਧ

ਚੰਡੀਗੜ੍ਹ 18 ਮਾਰਚ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਕਈ ਵਾਰ ਕੁਦਰਤ ਅਜਿਹੇ ਕ੍ਰਿਸ਼ਮੇ ਕਰ ਦਿੰਦੀ ਹੈ ਕਿ ਇਨਸਾਨ ਨੂੰ ਵੀ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ। ਅਜਿਹਾ ਹੀ ਇੱਕ ਕਰਿਸ਼ਮਾ ਬਲਾਕ ਮਾਜਰੀ ਦੇ ਪਿੰਡ ਮੁੰਧੋ ਸੰਗਤੀਆਂ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਕਿਸਾਨ ਵੱਲੋਂ ਰੱਖੀ ਬੱਕਰੀ ਦੁੱਧ ਦੇਣ ਲੱਗ ਪਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਪਰਿਵਾਰ ਦੇ ਮੁਖੀ ਅਮਰਜੀਤ ਸਿੰਘ ਪਿਤਾ ਹਰਚੰਦ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਗਭਗ 13 – 14 ਮਹੀਨੇ ਪਹਿਲਾਂ ਉਹ ਬੱਕਰੀ ਦੇ ਦੋ ਬੱਚੇ ਲਿਆਏ ਸਨ , ਜਿਨਾਂ ਵਿੱਚੋਂ ਇੱਕ ਬੱਕਰੀ ਵਧੀਆ ਨਸਲ ਦੀ ਸੀ ਅਤੇ ਇੱਕ ਆਮ ਸੀ। ਇਹ ਜੋ ਬੱਕਰੀ ਵਧੀਆ ਨਸਲ ਦੀ ਸੀ, ਇਹ ਬਿਨਾਂ ਸੂਏ ਤੋਂ ਦੁੱਧ ਦੇਣ ਲੱਗ ਪਈ ਹੈ। ਜੀ ਹਾਂ, ਤੁਸੀਂ ਬਿਲਕੁਲ ਸਹੀ ਪੜ੍ਹ ਰਹੇ। ਇਸ ਨੂੰ ਕੁਦਰਤ ਦਾ ਕ੍ਰਿਸ਼ਮਾ ਹੀ ਕਹਿ ਸਕਦੇ ਹਾਂ ਕਿ ਇਹ ਬੱਕਰੀ ਬਿਨ ਸੂਏ ਤੋਂ ਦੁੱਧ ਦੇਣ ਲੱਗ ਪਈ ਹੈ।
ਕਿਸਾਨ ਪਰਿਵਾਰ ਦੇ ਮੁਖੀ ਅਮਰਜੀਤ ਸਿੰਘ ਨੇ ਦੱਸਿਆ ਕਿ ਅਸੀਂ ਸ਼ੌਕੀਆ ਤੌਰ ‘ਤੇ ਇਹ ਬੱਕਰੀਆਂ ਦਾ ਜੋੜਾ ਲੈ ਕੇ ਆਏ ਸੀ ਜੋ ਮੱਝਾਂ – ਗਾਵਾਂ ਦੇ ਨਾਲ ਹੀ ਚਾਰਾ ਚਰਦੀਆਂ ਹਨ ਅਤੇ ਘਰ ਹੀ ਰਹਿੰਦੀਆਂ ਹਨ। ਅਸੀਂ ਕਦੇ ਇਹਨਾਂ ਨੂੰ ਬਾਹਰ ਵੀ ਨਹੀਂ ਲੈ ਕੇ ਗਏ, ਪਰ ਕੁਝ ਦਿਨ ਪਹਿਲਾਂ ਅਸੀਂ ਦੇਖਿਆ ਕਿ ਬਕਰੀ ਦੇ ਥਣਾਂ ਦਾ ਸਾਇਜ਼ ਆਮ ਨਾਲੋਂ ਜ਼ਿਆਦਾ ਹੋ ਚੁੱਕਾ ਹੈ ਅਤੇ ਦੁੱਧ ਦਾ ਤੁਪਕਾ-ਤੁਪਕਾ ਥੱਲੇ ਗਿਰ ਰਿਹਾ ਹੈ। ਹੁਣ ਅਸੀਂ ਇਹ ਦੁੱਧ ਦਿਨ ਵਿੱਚ ਦੋ ਵਾਰ ਚੌਂਅਦੇ ਹਾਂ ਅਤੇ ਇਸੇ ਦੁੱਧ ਨੂੰ ਪੀਂਦੇ ਵੀ ਹਾਂ। ਇਹ ਦੁੱਧ ਪੀਣ ਵਿੱਚ ਵੀ ਬਹੁਤ ਸਵਾਦ ਹੈ। ਇਸ ਮੌਕੇ ਸਾਬਕਾ ਚੇਅਰਮੈਨ ਡਾਕਟਰ ਸੰਦੇਸ਼ ਕੁਮਾਰ ਮੁੰਧੋਂ ਨੇ ਦੱਸਿਆ ਕਿ ਇਸ ਬੱਕਰੀ ਦੇ ਸਰੀਰ ਵਿੱਚ ਕੋਈ ਹਰਮੋਨਜ਼ ਦੀ ਦਿੱਕਤ ਹੋ ਸਕਦੀ ਹੈ, ਜਿਸ ਕਰਕੇ ਅਜਿਹਾ ਹੋ ਗਿਆ ਹੈ। ਇਸ ਬਾਰੇ ਜਾਨਵਰਾਂ ਦੇ ਮਾਹਰ ਡਾਕਟਰਾਂ ਨੂੰ ਇਸ ਬੱਕਰੀ ਦਾ ਚੈੱਕ-ਅਪ ਕਰਨਾ ਚਾਹੀਦਾ ਹੈ ਅਤੇ ਇਸ ਦੇ ਅਸਲੀ ਕਾਰਨਾਂ ਦਾ ਪਤਾ ਲਗਾਉਣਾ ਚਾਹੀਦਾ ਹੈ ਕਿ ਆਖਰ ਇਹ ਬੱਕਰੀ ਬਿਨਾਂ ਸੂਏ ਤੋਂ ਦੁੱਧ ਕਿਵੇਂ ਦੇਣ ਲੱਗ ਪਈ?

Leave a Reply

Your email address will not be published. Required fields are marked *