ਚੰਡੀਗੜ੍ਹ 20 ਮਾਰਚ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਸਿਸਵਾਂ ਰੋਡ ਦੇ ਪਿੰਡ ਬੂਥਗੜ੍ਹ ਵਿਖੇ ਬੀਤੀ ਰਾਤ ਇੱਕ ਭਿਆਨਕ ਐਕਸੀਡੈਂਟ ਹੋਇਆ ਹੈ, ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਅਤੇ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੂਥਗੜ੍ਹ ਦੇ ਨੌਜਵਾਨ ਸਿਸਵਾਂ ਰੋਡ ਤੋਂ ਜਦ ਆਪਣੇ ਘਰ ਵੱਲ ਨੂੰ ਜਾ ਰਹੇ ਸੀ ਤਾਂ ਬਲਾਕ ਮਾਜਰੀ ਵੱਲ ਤੋਂ ਬਿਨ ਲਾਈਟ ਚਲਾਏ ਜਾ ਰਹੇ ਬੁਲਟ ਮੋਟਰਸਾਈਕਲ ਨੇ ਨੌਜਵਾਨਾਂ ਦੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਵਿੱਚ ਦਿਲਵਰ ਸਿੰਘ (24) ਦੀ ਮੌਤ ਹੋ ਗਈ, ਜਦਕਿ ਦੂਜਾ ਨੌਜਵਾਨ ਸੁਖਵਿੰਦਰ ਸਿੰਘ ਸੁੱਖਾ ਗੰਭੀਰ ਜ਼ਖਮੀ ਹੋ ਗਿਆ ਹੈ। ਮ੍ਰਿਤਕ ਦੇ ਭਰਾ ਗੁਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਬੂਥਗੜ੍ਹ ਦੇ ਦੋ ਨੌਜਵਾਨ ਆਪਣੇ ਮੋਟਰਸਾਈਕਲ ਪੀਬੀ 65AF1357 ‘ਤੇ ਸਵਾਰ ਹੋ ਕੇ ਰਾਤ ਤਕਰੀਬਨ 11 ਵਜੇ ਆਪਣੇ ਘਰ ਵੱਲ ਜਾ ਰਹੇ ਸੀ। ਉਸੇ ਸਮੇਂ ਹੀ ਬਲਾਕ ਮਾਜਰੀ ਵੱਲ ਤੋਂ ਬੁਲਟ ਮੋਟਰਸਾਈਕਲ ਪੀ ਬੀ 54H4219 ਆ ਰਿਹਾ ਸੀ, ਜਿਸ ਦੀ ਮੁੱਖ ਲਾਈਟ ਵੀ ਨਹੀਂ ਜਗ ਰਹੀ ਸੀ, ਨੇ ਨੌਜਵਾਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਸੁਣਨ ਵਿੱਚ ਆਇਆ ਹੈ ਕਿ ਇਹ ਮੋਟਰ ਸਾਈਕਲ ਬਹੁਤ ਜ਼ਿਆਦਾ ਸਪੀਡ ‘ਤੇ ਸੀ ਅਤੇ ਇਹਨਾਂ ਨੌਜਵਾਨਾਂ ਨੂੰ ਲਾਈਟ ਨਾ ਬਲਦੀ ਹੋਣ ਕਰਕੇ ਮੋਟਰਸਾਈਕਲ ਦਿਖਾਈ ਹੀ ਨਹੀਂ ਦਿੱਤਾ। ਐਕਸੀਡੈਂਟ ਉਪਰੰਤ ਨੌਜਵਾਨਾਂ ਨੂੰ ਪੀਜੀਆਈ ਲਿਜਾਇਆ ਗਿਆ, ਜਿੱਥੇ ਦਿਲਬਰ ਸਿੰਘ ਦੀ ਮੌਤ ਹੋ ਗਈ ਅਤੇ ਸੁਖਵਿੰਦਰ ਸਿੰਘ ਗੰਭੀਰ ਜ਼ਖਮੀ ਇਲਾਜ ਅਧੀਨ ਹੈ, ਜਦਕਿ ਮੋਟਰਸਾਈਕਲ ਵਾਲੇ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ। ਇਸ ਕੇਸ ਦੀ ਛਾਣ-ਬੀਣ ਏਐਸਆਈ ਪਰਮਜੀਤ ਸਿੰਘ ਥਾਣਾ ਮਾਜਰੀ ਕਰ ਰਹੇ ਹਨ ਅਤੇ ਬੁਲਟ ਮੋਟਰਸਾਈਕਲ ਸਵਾਰ ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਮ੍ਰਿਤਕ ਦਾ ਪਿਓ ਵੀ ਨਹੀਂ ਹੈ ਤੇ ਚਾਰ ਭੈਣ – ਭਰਾਵਾਂ ਚੋਂ ਸਭ ਤੋ ਵੱਡਾ ਸੀ।

