Breaking
www.sursaanjh.com > ਸਾਹਿਤ > ਦਾਸ ਕਬੀਰ ਦੀ ਝੁੱਗੀ ਹੈ ਕਿਉਂ ਗਲ ਕਟੀਅਨ ਦੇ ਪਾਸ ਅਜੇ ਵੀ/ ਗੁਰਭਜਨ ਗਿੱਲ

ਦਾਸ ਕਬੀਰ ਦੀ ਝੁੱਗੀ ਹੈ ਕਿਉਂ ਗਲ ਕਟੀਅਨ ਦੇ ਪਾਸ ਅਜੇ ਵੀ/ ਗੁਰਭਜਨ ਗਿੱਲ

ਗ਼ਜ਼ਲ
ਦਾਸ ਕਬੀਰ ਦੀ ਝੁੱਗੀ ਹੈ ਕਿਉਂ ਗਲ ਕਟੀਅਨ ਦੇ ਪਾਸ ਅਜੇ ਵੀ/ ਗੁਰਭਜਨ ਗਿੱਲ
ਦਾਸ ਕਬੀਰ ਦੀ ਝੁੱਗੀ ਹੈ ਕਿਉਂ ਗਲ ਕਟੀਅਨ ਦੇ ਪਾਸ ਅਜੇ ਵੀ ।
ਛੇ ਸਦੀਆਂ ਦਾ ਪਹੀਆ ਘੁੰਮਿਆ ਬਦਲਣ ਦੀ ਨਾ ਆਸ ਅਜੇ ਵੀ ।
ਏਕ ਨੂਰ ਤੇ ਸਭ ਜਗ ਉਪਜੇ, ਗਾਉਂਦੇ ਹਾਂ, ਪਰ ਮੰਨਦੇ ਨਹੀਂਉਂ,
ਲਿੱਸਿਆਂ ਨੂੰ ਤਾਂ ਲੈਣੇ ਪੈਂਦੇ, ਪੁੱਛ ਪੁੱਛ ਕੇ ਕਿਉਂ ਸਵਾਸ ਅਜੇ ਵੀ ।
ਰਾਜਭਾਗ ਦੀ ਅਰਦਲ ਅੰਦਰ ਗੁਣਵੰਤੇ ਕਿਉਂ ਚੌਰ ਝੁਲਾਉਂਦੇ,
ਹਰ ਅਰਜ਼ੀ ਤੇ ਕਿਉਂ ਲਿਖਦੇ ਨੇ, ਆਗਿਆਕਾਰੀ ਦਾਸ ਅਜੇ ਵੀ ।
ਬੰਧਨ ਮੁਕਤ ਬਣਾਇਆ ਸੀ ਤੂੰ, ਸੌ ਫੁੱਲਾਂ ਨੂੰ ਖਿੜਨ ਸਿਖਾਇਆ,
ਖ਼ੁਸ਼ਬੋਈਆਂ ਨੂੰ ਘਰ ਨਹੀਂ ਮਿਲਿਆ, ਭੋਗਦੀਆਂ ਬਨਵਾਸ ਅਜੇ ਵੀ ।
ਮੇਰੇ ਅੰਦਰ ਕੁਝ ਨਹੀਂ ਮੇਰਾ, ਸਭ ਕੁਝ ਤੇਰਾ, ਫਿਰ ਕਿਉਂ ਹੋਵੇ,
ਤੇਰੀ ਨਜ਼ਰ ਸਵੱਲੀ ਅੰਦਰ, ਧਨਵੰਤਾ ਹੀ ਖ਼ਾਸ ਅਜੇ ਵੀ ।
ਤਰਸ ਦਾ ਪਾਤਰ ਗਿਆਨਵੰਤੀਆ, ਲੁਕਦਾ ਫਿਰਦਾ ਚਾਨਣ ਕੋਲੋਂ,
ਕਾਲਖ਼ ਦੀ ਸਰਦਾਰੀ ਥੱਲੇ, ਤੜਫ਼ ਰਿਹਾ ਇਤਿਹਾਸ ਅਜੇ ਵੀ ।
ਤਾਣਾ ਤਣਿਆ ਸ਼ਬਦ ਸੁਨਹਿਰੀ, ਜਿਸਦੀ ਖ਼ਾਤਰ ਦਾਸ ਕਬੀਰਾ,
ਕਰਮਭੂਮ ਵਿੱਚ ਫਿਰੇ ਗਵਾਚਾ, ਤੇਰਾ ਬਚਨ ਬਿਲਾਸ ਅਜੇ ਵੀ ।
“ਸੁਰਤਾਲ”ਗ਼ਜ਼ਲ ਸੰਗ੍ਰਹਿ ਵਿੱਚੋਂ ਮਿਲਣ ਦਾ ਪਤਾਃ ਸਿੰਘ ਬਰਦਰਜ਼ ਸਿਟੀ ਸੈਂਟਰ, ਅੰਮ੍ਰਿਤਸਰ।
ਸੰਪਰਕਃ 884-7604738

Leave a Reply

Your email address will not be published. Required fields are marked *