Breaking
www.sursaanjh.com > ਅੰਤਰਰਾਸ਼ਟਰੀ > ਵਾਤਾਵਰਣ ਦੀ ਬਹਾਲੀ ਲਈ ਗਲੇਸ਼ੀਅਰਾਂ ਨੂੰ ਬਚਾਓ – ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਵਿਸ਼ਵ ਜਲ ਦਿਵਸ ਮਨਾਇਆ ਗਿਆ

ਵਾਤਾਵਰਣ ਦੀ ਬਹਾਲੀ ਲਈ ਗਲੇਸ਼ੀਅਰਾਂ ਨੂੰ ਬਚਾਓ – ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਵਿਸ਼ਵ ਜਲ ਦਿਵਸ ਮਨਾਇਆ ਗਿਆ

ਕਪੂਰਥਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 24 ਮਾਰਚ:

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਇਸ ਸਾਲ ਦੇ ਵਿਸ਼ੇ “ਗਲੇਸ਼ੀਅਰ ਦੇ ਰੱਖ-ਰਖਾਵ” ‘ਤੇ ਕੇਂਦਰਿਤ ਵਿਸ਼ਵ ਜਲ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਵਿਚ ਸਥਾਈ ਜੀਵਨ ਅਤੇ ਜਲ ਚੱਕਰ ਨੂੰ ਬਣਾਈ ਰੱਖਣ ‘ਚ ਗਲੇਸ਼ੀਅਰ ਦੇ ਅਹਿਮ ਰੋਲ  ‘ਤੇ ਚਾਨਣਾ ਪਾਇਆ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਪਿਘਲਦੇ ਗਲੇਸ਼ੀਅਰ ਤੇ ਜਲਵਾਯੂ ਪਰਿਵਰਤਨ ਦੇ ਖਤਰਨਾਕ ਪ੍ਰਭਾਵਾਂ ਨੂੰ ਤੁਰੰਤ ਰੋਕਣ ਲਈ ਕਾਰਵਾਈ ਕਰਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਇਸ ਮੌਕੇ 100 ਦੇ ਕਰੀਬ ਵਿਦਿਆਰਥੀਆਂ ਤੇ ਅਧਿਅਪਕਾਂ ਨੇ ਹਿੱਸਾ ਲਿਆ ਅਤੇ ਬੱਚਿਆਂ ਦੇ ਨੁੱਕੜ ਨਾਟਕ ਤੇ ਕੈਪਸ਼ਨ ਲਿਖਣ ਦੇ ਮੁਕਾਬਲੇ  ਵੀ ਕਰਵਾਏ ਗਏ। ਇਸ ਪ੍ਰੋਗਰਾਮ ਦੌਰਾਨ ਗਲੇਸ਼ੀਅਰ ਦੀ ਮਹੱਹਤਾ ਅਤੇ ਸਾਂਭ-ਸੰਭਾਲ ‘ਤੇ ਜ਼ੋਰ ਦਿੱਤਾ ਗਿਆ।

ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਜਿਵੇਂ ਜਿਵੇਂ ਵਿਸ਼ਵ ਦਾ ਤਾਪਮਾਨ ਵੱਧ ਰਿਹਾ ਅਤੇ ਗਲੇਸ਼ੀਅਰ ਤੇਜ਼ੀ ਨਾਲ ਸੁੰਗੜ ਰਹੇ ਹਨ, ਇਹਨਾਂ ਕਾਰਨ ਜਲ ਚੱਕਰ ਵਿਚ ਅਜਿਹੇ ਬਦਲਾਅ ਹੋ ਰਹੇ ਹਨ, ਜਿਹਨਾਂ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਗਲੇਸ਼ੀਅਰ ਦੇ ਪਿਘਲਣ ਕਾਰਨ ਜਿੱਥੇ ਕਈ ਥਾਵਾਂ ‘ਤੇ ਹੜ੍ਹਾਂ ਦਾ ਸੰਕਟ ਪੈਦਾ ਹੋ ਗਿਆ ਹੈ, ਜ਼ਮੀਨ ਖਿਸਕ ਰਹੀ ਹੈ ਅਤੇ ਸਮੁੰਦਰੀ ਪਾਣੀ ਦਾ ਪੱਧਰ ਵੀ ਦਿਨੋਂ ਦਿਨ ਵਧਦਾ ਜਾ ਰਿਹਾ ਹੈ, ਉੱਥੇ ਹੀ ਅਜਿਹਾ ਵਰਤਾਰਾ ਧਰਤੀ ਦੇ ਈਕੋ ਸਿਸਟਮ ਅਤੇ ਸਮਾਜ ਲਈ ਬੇਹੱਦ ਖਤਰਨਾਕ ਹੈ। ਇਸ ਮੌਕੇ ਡਾ.ਗਰੋਵਰ ਨੇ ਗਲੇਸ਼ੀਅਰ ਦੀਆਂ ਬਹਾਲੀ, ਜਲਵਾਯੂ ਪਰਿਵਰਤਨ ਅਤੇ ਵਿਸ਼ਵੀ ਜਲ ਸੰਕਟ ਦੀਆਂ ਚੁਣੌਤੀਆਂ ਦੇ ਹੱਲ ਲਈ ਇਕੱਠੇ ਹੋ ਕੇ ਹੰਭਲਾ ਮਾਰਨ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਗਲੇਸ਼ੀਅਰਾਂ ਦੀ ਸੁਰੱਖਿਆ ਲਈ ਨੌਜਵਾਨ ਵਰਗ ਅਹਿਮ ਭੂਮਿਕਾ ਨਿਭਾਅ ਸਕਦਾ ਹੈ।

ਭੂਮੀ ਸੰਭਾਲ ਸਵ-ਡਵੀਜ਼ਨ ਅਧਿਕਾਰੀ ਜਲੰਧਰ ਇੰਜੀ. ਲੁਪਿੰਦਰ ਕੁਮਾਰ ਇਸ ਮੌਕੇ ਮਾਹਿਰ ਵਜੋਂ ਹਾਜ਼ਰ ਸਨ ਅਤੇ ਉਨ੍ਹਾਂ ਨੇ ਸਥਾਈ ਜਲ ਪ੍ਰਬੰਧ ‘ਤੇ ਵਿਸ਼ੇਸ਼ ਜਾਣਕਾਰੀ ਬੱਚਿਆਂ ਨਾਲ ਸਾਂਝੀ ਕੀਤੀ। ਉਨ੍ਹਾਂ ਪੰਜਾਬ ਦੇ ਪਾਣੀ ਦੇ ਹਾਲਾਤ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਵਿਚ ਪਾਣੀ  ਦੀ ਕੁੱਲ  ਉਪਲਬਧਤਾ 52.85 ਬਿਲੀਅਨ ਕਿਊਬਿਕ ਮੀਟਰ ਹੈ, ਜਦੋਂ ਕਿ ਇਸ ਵੇਲੇ ਮੰਗ 66.12 ਬਿਲੀਅਨ ਕਿਊਬਿਕ ਮੀਟਰ ਹੈ। ਇਸ ਕਰਕੇ ਅਸੀਂ 13.27 ਬਿਲੀਅਨ ਕਿਊਬਿਕ ਮੀਟਰ ਦੀ ਘਾਟ ਨਾਲ ਜੂਝ ਰਹੇ ਹਾਂ। ਉਨ੍ਹਾਂ ਪਾਣੀ ਦੇ ਘਾਟੇ ਦੀ ਪੂਰਤੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਸਥਾਈ ਜਲ ਪ੍ਰਬੰਧ ਨੂੰ ਯਕੀਨੀ ਬਣਾਉਣ ਲਈ ਵਿਹਾਰਕ ਹੱਲਾਂ ਨੂੰ ਤੁਰੰਤ ਲਾਗੂ ਕਰਨ ਦੀ ਲੋੜ ਉਪਰ ਜ਼ੋਰ ਦਿੱਤਾ। ਉਨ੍ਹਾਂ ਨੇ ਭੂਮੀਗਤ ਜਲ ਦੀ ਬਹਾਲੀ ਅਤੇ  ਸਤਹੀ ਜਲ ਦੇ ਭੰਡਾਰਨ ਲਈ ਮੀਂਹ ਦੇ ਪਾਣੀ ਨੂੰ ਸੰਭਾਲਣ ਵਰਗੇ ਪ੍ਰੋਜੈਕਟਾਂ ਸਬੰਧੀ ਬੱਚਿਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਹਰੇਕ ਨੂੰ ਜਲ ਸੰਭਾਲ ਲਈ ਕਾਰਗਰ ਅਭਿਆਸਾਂ ਨੂੰ ਅਪਣਾਉਣ ਦੀ ਅਪੀਲ ਕੀਤੀ ਅਤੇ ਇਸ ਪਾਸੇ ਵੱਲ ਤੁਰੰਤ ਕਦਮ ਚੁੱਕੇ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ।

ਅੱਜ ਦਾ ਪ੍ਰੋਗਰਾਮ ਇਹ ਸੰਦੇਸ਼ ਦਿੰਦਾ ਹੋਇਆ ਸਫ਼ਲਤਾ-ਪੂਰਵਕ ਨੇਪਰੇ ਚੜ੍ਹਿਆ ਕਿ ਜਲ ਦੀ  ਸਾਂਭ-ਸੰਭਾਲ ਦੇ ਯਤਨ ਕਰਨੇ ਕੇਵਲ ਸਰਕਾਰਾਂ ਦੀ ਜ਼ਿੰਮੇਵਾਰੀ ਹੀ ਨਹੀਂ ਹੈ, ਸਗੋਂ ਸਾਡਾ ਸਾਰਿਆਂ ਦਾ ਫ਼ਰਜ਼ ਹੈ ਕਿ ਇਸ ਪ੍ਰਤੀ ਜਾਗਰੂਕ ਹੋਈਏ।

Leave a Reply

Your email address will not be published. Required fields are marked *