ਚੰਡੀਗਡ਼੍ਹ, 26 ਮਾਰਚ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਭਾਰਤ ਸਰਕਾਰ ਦੇ ਪਰਮਾਣੂ ਊਰਜਾ ਵਿਭਾਗ ਦੇ ਅਧੀਨ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਪੰਜਾਬ ਨੇ ਅਕਾਦਮਿਕ ਅਤੇ ਖੋਜ ਦੇ ਖੇਤਰਾਂ ਵਿੱਚ ਸਹਿਯੋਗ ਲਈ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (IIT) ਮੰਡੀ ਨਾਲ ਇਕ ਸਮਝੌਤਾ ਪੱਤਰ (MoU) ’ਤੇ ਹਸਤਾਖਰ ਕੀਤੇ ਹਨ। ਇਸ ਸਮਝੌਤੇ ‘ਤੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਪੰਜਾਬ ਦੇ ਡਾਇਰੈਕਟਰ ਡਾ. ਅਸ਼ੀਸ਼ ਗੁਲੀਆ ਅਤੇ ਆਈਆਈਟੀ ਮੰਡੀ ਦੇ ਡਾਇਰੈਕਟਰ ਪ੍ਰੋਫੈਸਰ ਲਕਸ਼ਮੀਧਰ ਬੇਹਰਾ ਨੇ ਦਸਤਖਤ ਕੀਤੇ।


ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਪ੍ਰੋਫੈਸਰ ਲਕਸ਼ਮੀਧਰ ਬੇਹਰਾ ਦੀ ਅਗਵਾਈ ਵਿੱਚ ਆਈਆਈਟੀ ਮੰਡੀ ਦੇ ਇੱਕ ਵਫ਼ਦ ਨੇ ਨਿਊ ਚੰਡੀਗੜ੍ਹ ਸਥਿਤ ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਦੌਰਾ ਕੀਤਾ। ਦੋਵਾਂ ਸੰਸਥਾਵਾਂ ਦੇ ਸੀਨੀਅਰਾਂ ਦੀ ਮੌਜੂਦਗੀ ਵਿੱਚ ਇੱਕ ਸਾਂਝੀ ਚਰਚਾ ਦੌਰਾਨ ਸਿਹਤ ਖੇਤਰ ਅਤੇ ਤਕਨਾਲੋਜੀ ਦੇ ਖੇਤਰਾਂ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਬਾਰੇ ਇੱਕ ਸਾਰਥਕ ਗੱਲਬਾਤ ਹੋਈ। ਇਸ ਦੌਰਾਨ ਡਾ. ਅਸ਼ੀਸ਼ ਗੁਲੀਆ ਨੇ ਆਈਆਈਟੀ ਮੰਡੀ ਟੀਮ ਨੂੰ ਹੋਮੀ ਭਾਭਾ ਕੈਂਸਰ ਹਸਪਤਾਲ ਦੇ ਪੰਜਾਬ ਅਤੇ ਨਿਊ ਚੰਡੀਗੜ੍ਹ ਕੇਂਦਰਾਂ ਵਿਚ ਉਪਲਬਧ ਡਾਕਟਰੀ ਸਹੂਲਤਾਂ, ਸੰਸਥਾ ਦੀਆਂ ਪ੍ਰਾਪਤੀਆਂ ਅਤੇ ਕੈਂਸਰ ਦੇ ਇਲਾਜ ਵਿਚ ਇਸਦੇ ਯੋਗਦਾਨ ਅਤੇ ਖੇਤਰ ਵਿਚ ਇਸਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਡਾਇਰੈਕਟਰ ਡਾ. ਅਸ਼ੀਸ਼ ਗੁਲੀਆ ਨੇ ਕਿਹਾ, “ਦੋਵਾਂ ਸੰਸਥਾਵਾਂ ਵਿਚਕਾਰ ਅਕਾਦਮਿਕ ਅਤੇ ਸਾਂਝੇ ਖੋਜ ਵਿੱਚ ਸਹਿਯੋਗ ਲਈ ਇੱਕ ਸਮਝੌਤਾ ਹੋਇਆ ਹੈ, ਜੋ ਤਕਨਾਲੋਜੀ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਰਾਹੀਂ ਸਿਹਤ ਖੇਤਰ ਵਿੱਚ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰੇਗਾ।”

