www.sursaanjh.com > ਸਾਹਿਤ > ਜੂਨ ਚੁਰਾਸੀ/ ਗੁਰਭਜਨ ਗਿੱਲ

ਜੂਨ ਚੁਰਾਸੀ/ ਗੁਰਭਜਨ ਗਿੱਲ

ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 06 ਜੂਨ:
ਜੂਨ ਚੁਰਾਸੀ/ ਗੁਰਭਜਨ ਗਿੱਲ
ਕਿਹੋ ਜਿਹਾ ਦਿਨ ਚੜ੍ਹਿਆ ਮਾਂ,
ਧੁੱਪਾਂ ਦਾ ਰੰਗ ਪੀਲਾ ਪੀਲਾ,
ਨਾਗ ਜ਼ਹਿਰੀਲਾ ਲੜਿਆ ਮਾਂ ।
ਅਧਮੋਏ ਸਭ ਨਗਰ ਨਿਵਾਸੀ ।
ਭੋਗ ਰਹੇ ਨੇ ਜੂਨ ਚੁਰਾਸੀ ।
ਸੜਦੀ ਪਈ ਰੋਟੀ ਇਕਵਾਸੀ ।
ਖ਼ੌਰੇ ਕਿੱਧਰ ਗਏ ਮਾਂਦਰੀ,
ਕਿਸੇ ਨਾ ਮੰਤਰ ਪੜ੍ਹਿਆ ਮਾਂ ।
ਪੌਣਾਂ ਦੇ ਵਿਚ ਜ਼ਹਿਰ ਪਸਰਿਆ ।
ਸਾਰੇ ਪਾਸੇ ਕਹਿਰ ਪਸਰਿਆ ।
ਲੋਕੀਂ ਆਖਣ ਸ਼ਹਿਰ ਪਸਰਿਆ ।
ਸਾਰੇ ਰਾਹ ਸਿਵਿਆਂ ਨੂੰ ਜਾਂਦੇ,
ਪੰਧ ਕਸੂਤਾ ਫੜਿਆ ਮਾਂ ।
ਛਾਵਾਂ ਵੇਖ ਵੈਰਾਗਣ ਹੋਈਆਂ ।
ਸਾਰੀਆਂ ਰਾਹਵਾਂ ਦਾਗਣ ਹੋਈਆਂ ।
ਰਾਹਗੀਰਾਂ ਲਈ ਨਾਗਣ ਹੋਈਆਂ ।
ਕਾਲੇ ਅੰਬਰੀਂ ਕਾਲ ਕਲੂਟਾ,
ਕਾਲਾ ਸੂਰਜ ਚੜ੍ਹਿਆ ਮਾਂ ।
ਜੇਠ ਹਾੜ੍ਹ ਦੀਆਂ ਧੁੱਪਾਂ ਸਾੜਨ ।
ਤੇਜ਼ ਹਵਾਵਾਂ ਪੱਤੇ ਝਾੜਨ ।
ਬਾਗ਼ ਨੂੰ ਮਾਲੀ ਆਪ ਉਜਾੜਣ ।
ਬਾਗਬਾਨ ਨੂੰ ਵੇਖੋ ਕੈਸਾ,
ਸ਼ੌਕ ਅਵੱਲਾ ਚੜ੍ਹਿਆ ਮਾਂ ।
ਅਗਨ-ਪਰਿੰਦੇ ਬਹਿਣ ਬਨੇਰੇ ।
ਹਥਿਆਰਾਂ ਨੇ ਸਭ ਰਾਹ ਘੇਰੇ ।
ਵਧਦੇ ਜਾਂਦੇ ਘੋਰ ਹਨੇਰੇ ।
ਚਾਨਣ ਦੇ ਰਖਵਾਲਿਆਂ ਵੇਖੀਂ,
ਕੰਮ ਕਸੂਤਾ ਫੜਿਆ ਮਾਂ ।
ਤਪਦੀ ਧਰਤੀ ਗਰਮ ਹਵਾਵਾਂ।
ਦੱਸੋ ਕਿੱਥੇ ਪੈਰ ਟਿਕਾਵਾਂ ।
ਬਲਦੇ ਸਿਵੇ ਜਿਹਾ ਪਰਛਾਵਾਂ ।
ਬਾਗਾਂ ਵਿਚ ਕੋਇਲ ਕਿੰਝ ਗਾਵੇ,
ਬੂਰ ਅੰਬਾਂ ਦਾ ਝੜਿਆ ਮਾਂ ।
ਚੌਂਕ ਚੁਰਸਤੇ ਵਿਚ ਰੱਤ ਡੁੱਲ੍ਹੇ ।
ਯਾਰ ਸੁਨੇਹੀ ਸਭ ਰਾਹ ਭੁੱਲੇ ।
ਉੱਗ ਪਿਆ ਘਾਹ ਚੌਂਕੇ ਚੁੱਲ੍ਹੇ ।
ਤਾਣੀ ਹੜ੍ਹ ਦਾ ਪਾਣੀ,
ਜਾਪੇ ਜੀਕੂੰ ਚੜ੍ਹਿਆ ਮਾਂ ।
ਟੋਏ ਟਿੱਬੇ ਰਾਤ ਹਨੇਰਾ ।
ਆਓ ਤੁਰੀਏ ਕਰਕੇ ਜੇਰਾ।
ਲੱਭੀਏ ਗੁੰਮਿਆ ਸੁਰਖ ਸਵੇਰਾ,
ਸਾਡਾ ਸੂਰਜ ਨੇਰ੍ਹ ਕੋਠੜੀ,
ਅੰਦਰ ਕਿੱਥੇ ਵੜਿਆ ਮਾਂ ।
🟩
ਕਾਵਿ ਸੰਗ੍ਰਹਿ “ਅਗਨ ਕਥਾ” ਵਿੱਚੋਂ
ਪ੍ਰਕਾਸ਼ਕਃ ਚੇਤਨਾ ਪ੍ਰਕਾਸ਼ਨ
ਪੰਜਾਬੀ ਭਵਨ, ਲੁਧਿਆਣਾ।
ਸੰਪਰਕਃ 98762 07774

Leave a Reply

Your email address will not be published. Required fields are marked *