ਚੰਡੀਗੜ੍ਹ 4 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਬਲਾਕ ਮਾਜਰੀ ਦੇ ਬੂਥਗੜ੍ਹ ਟੀ-ਪੁਆਇੰਟ ਦੀਆਂ ਖਰਾਬ ਪਈਆਂ ਟ੍ਰੈਫਿਕ ਲਾਈਟਾਂ, ਬੰਦ ਪਏ ਕੈਮਰੇ, ਸਟਰੀਟ ਲਾਈਟਾਂ ਦੇ ਪ੍ਰਬੰਧਾਂ ਅਤੇ ਸੜਕ ਵਿਚਕਾਰ ਬਣੇ ਸਪੀਡ-ਬ੍ਰੇਕਰ ‘ਤੇ ਰਿਫਲੈਕਟਰਾਂ ਦੀ ਅਣਹੋਂਦ ਇਨ੍ਹਾਂ ਸਭ ਕੁਝ ਨੇ ਕੁਰਾਲੀ-ਸੀਸਵਾਂ ਸੜਕ ‘ਤੇ ਲੰਘੀ ਰਾਤ ਵਾਪਰੇ ਹਾਦਸੇ ਵਿੱਚ ਤਿੰਨ ਜਣਿਆਂ ਦੀ ਜਾਨ ਲੈਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸਾਡੇ ਰਿਵਾਜ ਹੈ ਕਿ ਜਦ ਤੱਕ ਕੋਈ ਹਾਦਸਾ ਨਹੀਂ ਵਾਪਰਦਾ, ਉਦੋਂ ਤੱਕ ਪ੍ਰਸ਼ਾਸ਼ਨ ‘ਤੇ ਸਰਕਾਰ ਦੀ ਅੱਖ ਨਹੀਂ ਖੁੱਲ੍ਹਦੀ । ਅਜਿਹਾ ਹੀ ਮਾਮਲਾ ਐਥੇ ਵੀ ਹੈ ਕਿਉਕਿ ਟੌਲ ਪਲਾਜ਼ਾ ਬੜੌਦੀ ਦੇ ਅਧਿਕਾਰੀ ਤੇ ਪ੍ਰਸ਼ਾਸ਼ਨ ਦੇ ਅਧਿਕਾਰੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀ ਲੈ ਰਹੇ ਜਾਂ ਕਹਿ ਸਕਦੇ ਹਾਂ ਕਿ ਇਸ ਤੋਂ ਵੀ ਵੱਡੇ ਹਾਦਸੇ ਦੀ ਉਡੀਕ ਕੀਤੀ ਜਾ ਰਹੀ ਹੈ।ਲੋਕਾਂ ਨੇ ਇਸ ਟੌਲ ਵਾਲੀ ਸੜਕ ‘ਤੇ ਇਨ੍ਹਾਂ ਸਭ ਕੁਝ ਦੀ ਅਣਹੋਂਦ ਸਬੰਧੀ ਜਾਂਚ ਤੇ ਕਾਰਵਾਈ ਦੀ ਮੰਗ ਕੀਤੀ ਹੈ। ਬੀਤੇ ਐਤਵਾਰ ਤੇ ਸੋਮਵਾਰ ਵਿਚਕਾਰਲੀ ਰਾਤ ਨੂੰ ਜਿਸ ਹਾਦਸੇ ਨੇ ਇੱਕ ਮੁਟਿਆਰ ਸਮੇਤ ਤਿੰਨ ਜਣਿਆਂ ਨੂੰ ਭਰ ਜਵਾਨੀ ਵਿੱਚ ਇਸ ਸੰਸਾਰ ਤੋਂ ਰੁਖ਼ਸਤ ਕੀਤਾ ਉਹ ਹਾਦਸਾ ਬੂਥਗੜ੍ਹ ਟੀ-ਪੁਆਇੰਟ ‘ਤੇ ਵਾਪਰਿਆ। ਦੱਸ ਦਈਏ ਕਿ ਇਸਨੂੰ ਵੀਆਈਪੀ ਰੋਡ ਵੀ ਕਹਿ ਸਕਦੇ ਹਾਂ ਕਿਉਂਕਿ ਚੰਡੀਗੜ੍ਹ ਜਾਣ ਲਈ ਇਹ ਸੜਕ ਢੁਕਵੀ ਹੈ ਕਿਉਕਿ ਇੱਧਰੋਂ ਨੇੜੇ ਹੈ। ਨਾਲ ਹੀ ਪੀ. ਜੀ. ਆਈ ਜਾਣ ਲਈ ਵੀ ਇਹੋ ਰਾਸਤਾ ਸੌਖਾ ਹੈ।
ਇਸ ਸੜਕ ‘ਤੇ ਸੜਕੀ ਆਵਾਜਾਈ ਦੀ ਭਰਮਾਰ ਤੇ ਹਾਦਸਿਆਂ ਤੋਂ ਬਚਾਅ ਲਈ ਬੂਥਗੜ੍ਹ ਟੀ-ਪੁਆਇੰਟ ‘ਤੇ ਟ੍ਰੈਫਿਕ ਲਾਈਟਾਂ ਤੇ ਸਪੀਡ ਬ੍ਰੇਕਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸੜਕ ‘ਤੇ 24 ਘੰਟੇ ਨਜ਼ਰ ਰੱਖਣ ਲਈ ਕੈਮਰੇ ਵੀ ਲਗਾਏ ਗਏ ਹਨ। ਪਰ ਇਹ ਸਭ ਕੁਝ ਮਹਿਜ਼ ਖਾਨਾਪੂਰਤੀ ਸਾਬਤ ਹੋ ਰਹੇ ਹਨ, ਕਿਉਂਕਿ ਟ੍ਰੈਫਿਕ ਲਾਈਟਾਂ ਤੇ ਕੈਮਰੇ ਲੰਮੇਂ ਸਮੇਂ ਤੋਂ ਬੰਦ ਪਏ ਹਨ, ਜਿਸ ਕਾਰਨ ਹਾਦਸਿਆਂ ਦਾ ਖਦਸ਼ਾ ਲਗਾਤਾਰ ਬਣਿਆ ਹੋਇਆ ਹੈ। ਇਹੋ ਨਹੀਂ ਸਗੋਂ ਟੀ-ਪੁਆਇੰਟ ‘ਤੇ ਬਣਾਏ ਸਪੀਡ-ਬ੍ਰੇਕਰ ਜੋ ਕਿ ਕਾਫੀ ਉੱਚੇ ਅਤੇ ਚੌੜੇ ਹਨ, ਉਤੇ ਕਿਸੇ ਵੀ ਤਰ੍ਹਾਂ ਦੇ ਰਿਫਲੈਕਟਰ ਨਹੀਂ ਲਗਾਏ ਗਏ, ਲਗਾਏ ਜਾਣੇ ਚਾਹੀਦੇ ਹਨ ਤਾਂ ਜੋ ਇਹ ਸਪੀਡ ਬ੍ਰੇਰਕ ਰਾਤ ਸਮੇਂ ਨਜ਼ਰ ਆ ਸਕਣ। ਇਹੋ ਨਹੀਂ ਸਗੋਂ ਟੀ-ਪੁਆਇੰਟ ‘ਤੇ ਰੋਸ਼ਨੀ ਦਾ ਵੀ ਕੋਈ ਪ੍ਰਬੰਧ ਨਹੀਂ, ਜਿਸ ਕਾਰਨ ਰਾਤ ਸਮੇਂ ਇਹ ਚੌਂਕ ਨਜ਼ਰ ਨਹੀਂ ਆਉਂਦਾ ਹੋਵੇ। ਇਹ ਸੜਕ ਟੌਲ ਸੜਕ ਹੈ, ਜਿਸਦੀ ਦੇਖਰੇਖ ਟੌਲ ਕੰਪਨੀ ਵਲੋਂ ਕੀਤੀ ਜਾਣੀ ਹੈ। ਪਰ ਕੰਪਨੀ ਅਤੇ ਪ੍ਰਸ਼ਾਸ਼ਨ ਵਲੋਂ ਇਸ ਸਭ ਕੁਝ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ, ਜਿਸ ਕਾਰਨ ਹਾਦਸੇ ਵਾਪਰਨੇ ਸੁਭਾਵਿਕ ਹਨ। ਇਸੇ ਦੌਰਾਨ ਇਲਾਕਾ ਨਿਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਟੌਲ ਸੜਕ ਦੇ ਬੂਥਗੜ੍ਹ ਟੀ-ਪੁਆਇੰਟ ਦੀਆਂ ਟ੍ਰੈਫਿਕ ਲਾਈਟਾਂ, ਕੈਮਰੇ ਚਾਲੂ ਕੀਤੇ ਜਾਣ ਅਤੇ ਸਪੀਡ-ਬ੍ਰੇਕਰਾਂ ਨੂੰ ਢੁਕਵੇਂ ਰਿਫਲੈਕਟਰ ਲਗਾਏ ਜਾਣ। ਇਸ ਸਬੰਧੀ ਸੰਪਰਕ ਕਰਨ ‘ਤੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ਼ਰਨਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਬੂਥਗੜ ਟੀ-ਪੁਆਇੰਟ ਉੱਤੇ ਬਣਾਏ ਸਪੀਡ ਬ੍ਰੇਕਰਾਂ ‘ਤੇ ਰਿਫਲੈਕਟਰ ਲਗਾਏ ਗਏ ਸਨ, ਜਿਸ ਸਬੰਧੀ ਮੌਜੂਦਾ ਸਥਿਤੀ ਦੇਖੀ ਜਾਵੇਗੀ। ਉਨ੍ਹਾਂ ਕਿਹਾ ਕਿ ਟ੍ਰੈਫਿਕ ਲਾਈਟਾਂ ਠੀਕ ਕਰਵਾਈਆਂ ਜਾਣਗੀਆਂ ਜਦਕਿ ਕੈਮਰਿਆਂ ਸਬੰਧੀ ਉਹ ਅਣਜਾਣ ਹਨ।

