www.sursaanjh.com > ਸਿੱਖਿਆ > ਪੰਜਾਬ ਨੂੰ ‘ਪੜ੍ਹਦਾ ਪੰਜਾਬ’ ਬਣਾਉਣ ਦਾ ਦਾਅਵਾ, ਸਿੱਖਿਆ ਮੰਤਰੀ ਵਲੋਂ ਸਿਆਲਬਾ-ਫਹਿਤਪੁਰ ਸਕੂਲ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ

ਪੰਜਾਬ ਨੂੰ ‘ਪੜ੍ਹਦਾ ਪੰਜਾਬ’ ਬਣਾਉਣ ਦਾ ਦਾਅਵਾ, ਸਿੱਖਿਆ ਮੰਤਰੀ ਵਲੋਂ ਸਿਆਲਬਾ-ਫਹਿਤਪੁਰ ਸਕੂਲ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ

ਚੰਡੀਗੜ੍ਹ 6 ਅਪਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ)
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਬਲਾਕ ਮਾਜਰੀ ਦੇ ਪਿੰਡ ਸਿਆਲਬਾ-ਫਹਿਤਪੁਰ ਦੇ ਸ਼ਹੀਦ ਲੈਫਟੀਨੈਂਟ ਬਿਕਰਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਮਾਰਟ ਕਲਾਸ ਰੂਮ, ਚਾਰਦੀਵਾਰੀ ਅਤੇ ਕਾਮਰਸ ਵਿੰਗ ਦੀ ਇਮਾਰਤ ਦਾ ਰਸਮੀਂ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਸ੍ਰੀ ਬੈਂਸ ਨੇ ਸਕੂਲ ਵਿੱਚ ਬਣੀ ਸ਼ਹੀਦ ਬਿਕਰਮ ਸਿੰਘ ਦੀ ਯਾਦਗਾਰ ‘ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਸ਼ਰਧਾਂਜਲੀ ਦਿੱਤੀ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਬੈਂਸ ਨੇ ਕਿਹਾ ਕਿ ਸਕੂਲੀ ਸਿੱਖਿਆ ਦੇ ਸੁਧਾਰ ਲਈ ਸਰਕਾਰ ਨਿਰੰਤਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਸਿੱਖਿਆ ਵਿਭਾਗ ਦੀ ਜ਼ਿੰਮੇਵਾਰੀ ਸੰਭਾਲੀ ਉਸ ਵੇਲੇ ਸਰਕਾਰੀ ਸਕੂਲਾਂ ਵਿੱਚ ਸਹੂਲਤਾਂ ਦੀ ਬਹੁਤ ਕਮੀ ਸੀ। ਉਨ੍ਹਾਂ ਕਿਹਾ ਕਿ ਤਿੰਨ ਸਾਲਾਂ ਦੌਰਾਨ ਪੰਜਾਬ ਦੇ ਲਗਭਗ ਹਰ ਸਕੂਲ ਵਿੱਚ ਚਾਰਦਵੀਦਾਰੀ, ਬਾਥਰੂਮ, ਵਿਦਿਆਰਥੀਆਂ ਦੇ ਬੈਠਣ ਲਈ ਫਰਨੀਚਰ, ਸਕਿਓਰਟੀ ਗਾਰਡ, ਵਾਈਫਾਈ ਆਦਿ ਸਮੇਤ ਹੋਰ ਲੋੜੀਂਦੀ ਸਹੂਲਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਸਕੂਲਾਂ ਦਾ ਰਿਕਾਰਡ ਤੋੜ ਵਿਕਾਸ ਹੋਇਆ ਹੈ ਜਿਨ੍ਹਾਂ ਦੇ ਅੱਜ ‘ਸਿੱਖਿਆ ਕ੍ਰਾਂਤੀ’ ਮੁਹਿੰਮ ਤਹਿਤ ਉਦਘਾਟਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਜਦੋਂ ਪੰਜਾਬ ‘ਪੜ੍ਹਦਾ ਪੰਜਾਬ’ ਬਣਦਾ ਜਾ ਰਿਹਾ ਹੈ ਤਾਂ ਵਿਰੋਧੀਆਂ ਨੂੰ ਤਕਲੀਫ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਨੁਕਤਾਚੀਨੀ ਕਰਨ ਵਾਲੇ ਨਹੀਂ ਚਾਹੁੰਦੇ ਕਿ ਪੰਜਾਬ ਦੇ ਸਰਕਾਰੀ ਸਕੂਲ ਬਿਹਤਰ ਬਣਨ ਅਤੇ ਪ੍ਰਾਈਵੇਟ ਸਕੂਲਾਂ ਨਾਲੋਂ ਵਧੇਰੇ ਨਤੀਜੇ ਦੇਣ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਬੈਂਸ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪੰਜਾਬ ਵਿੱਚ 20 ਹਜ਼ਾਰ ਦੇ ਕਰੀਬ ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ, ਜਿਸ ਨਾਲ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਪੂਰੀ ਹੋ ਜਾਵੇਗੀ। ਉਨ੍ਹਾਂ ਐਲਾਨ ਕੀਤਾ ਕਿ ਸਿਆਲਬਾ-ਫਹਿਤਪੁਰ ਦੇ ਸਕੂਲ ਨੂੰ ਹੋਰ ਵਿਕਾਸ ਕਾਰਜਾਂ ਲਈ 95 ਲੱਖ ਦੀ ਗਰਾਂਟ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਸਕੂਲ ਦੇ ਪ੍ਰਿੰਸੀਪਲ ਆਤਮਬੀਰ ਸਿੰਘ ਨੇ ਸਕੂਲ ਦੀ ਪ੍ਰਗਤੀ ਰਿਪੋਰਟ ਪੜ੍ਹੀ ਅਤੇ ਸਿੱਖਿਆ ਦੇ ਖੇਤਰ ਵਿੱਚ ਸਕੂਲ ਵਲੋਂ ਪਾਏ ਪੂਰਨਿਆਂ ਸਬੰਧੀ ਜਾਣੂ ਕਰਵਾਇਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸੋਨਲ ਚਾਹਲ,ਐੱਸਡੀਐੱਮ ਗੁਰਮੰਦਰ ਸਿੰਘ,ਜ਼ਿਲ੍ਹਾ ਸਿੱਖਿਆ ਅਫ਼ਸਰ ਡਾ: ਗਿੰਨੀ ਦੁੱਗਲ,ਬਲਾਕ ਨੋਡਲ ਅਫ਼ਸਰ ਬੰਦਨਾ ਪੁਰੀ,ਸੁਹਿੰਦਰ ਕੌਰ ਹੁਸ਼ਿਆਰਪੁਰ, ਮਾਰਕਿਟ ਕਮੇਟੀ ਕੁਰਾਲੀ ਦੇ ਚੇਅਰਮੈਨ ਹਰੀਸ਼ ਰਾਣਾ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਰਾਜ ਕੁਮਾਰ, ਬਲਾਕ ਪ੍ਰਧਾਨ ਨਵਦੀਪ ਸਿੰਘ ਸੈਣੀ ਅਤੇ ਕੁਲਦੀਪ ਸਿੰਘ ਆਦਿ ਹਾਜ਼ਰ ਸਨ। ਹਲਕਾ ਵਿਧਾਇਕ ਦੀ ਗੈਰ ਮੌਜੂਦਗੀ ਰੜਕੀ ਸਿਆਲਬਾ-ਫਹਿਤਪੁਰ ਸਕੂਲ ਵਿੱਚ ਅੱਜ ਹੋਏ ਲੱਖਾਂ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਮੌਕੇ ਹਲਕਾ ਵਿਧਾਇਕ ਅਨਮੋਲ ਗਗਨ ਮਾਨ ਦੀ ਮੌਜੂਦ ਨਹੀਂ ਸਨ। ਹਲਕੇ ਵਿੱਚ ਕੈਬਨਿਟ ਮੰਤਰੀ ਦੀ ਆਮਦ ਮੌਕੇ ਅਤੇ ਵੱਡੇ ਸਮਾਗਮ ਵਿੱਚ ਹਲਕਾ ਵਿਧਾਇਕ ਦੀ ਗੈਰ-ਮੌਜੂਦਗੀ ਲੋਕਾਂ ਨੂੰ ਰੜਕਦੀ ਰਹੀ।

Leave a Reply

Your email address will not be published. Required fields are marked *