ਚੰਡੀਗੜ੍ਹ 11 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਐਸਡੀਐਮ ਖਰੜ ਗੁਰਮੰਦਰ ਸਿੰਘ ਵੱਲੋਂ ਅੱਜ ਖਰੜ ਹਲਕੇ ’ਚ ਐਮਐਲਏ ਅਨਮੋਲ ਗਗਨ ਮਾਨ ਦੀਆਂ ਹਦਾਇਤਾਂ ’ਤੇ ਸਰਕਾਰੀ ਹਾਈ ਸਕੂਲ ਮਾਣਕਪੁਰ ਸ਼ਰੀਫ਼ ਵਿਖੇ 6.9 ਲੱਖ ਰੁਪਏ ਦੀ ਲਾਗਤ ਨਾਲ ਬਣੀ ਚਾਰਦੀਵਾਰੀ, 15.02 ਲੱਖ ਰੁਪਏ ਦੀ ਲਾਗਤ ਨਾਲ ਬਣੇ ਦੋ ਨਵੇਂ ਕਲਾਸ ਰੂਮਜ਼, ਸਰਕਾਰੀ ਹਾਈ ਸਕੂਲ ਰਾਣੀਮਾਜਰਾ ਵਿਖੇ 6.9 ਲੱਖ ਰੁਪਏ ਦੀ ਲਾਗਤ ਨਾਲ ਬਣੀ ਚਾਰਦੀਵਾਰੀ, 15.02 ਲੱਖ ਰੁਪਏ ਦੀ ਲਾਗਤ ਨਾਲ ਬਣੇ ਦੋ ਨਵੇਂ ਕਲਾਸ ਰੂਮਜ਼ ਅਤੇ 11 ਲੱਖ ਰੁਪਏ ਦੀ ਲਾਗਤ ਨਾਲ ਬਣੀ ਸਾਇੰਸ ਲੈਬ, ਸਰਕਾਰੀ ਪ੍ਰਾਇਮਰੀ ਸਕੂਲ ਰਾਣੀਮਾਜਰਾ ਵਿਖੇ 7.51 ਲੱਖ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਕਲਾਸ ਰੂਮ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸੈਣੀਮਾਜਰਾ ਵਿਖੇ 7.51 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਕਲਾਸ ਰੂਮ ਦੇ ਕਾਰਜ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਗਏ।
ਐਸਡੀਐਮ ਗੁਰਮੰਦਰ ਸਿੰਘ ਨੇ ਇਸ ਮੌਕੇ ਆਖਿਆ ਕਿ ਅੱਜ ਸਬ ਡਵੀਜ਼ਨ ਦੇ ਉਕਤ ਚਾਰ ਪਿੰਡਾਂ ’ਚ 69.86 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ, ਜਿਸ ਨਾਲ ਹੁਣ ਇਨ੍ਹਾਂ ਸਰਕਾਰੀ ਸਕੂਲਾਂ ’ਚ ਲੋੜੀਂਦੀਆਂ ਸਹੂਲਤਾਂ ਅਤੇ ਸੁਵਿਧਾਵਾਂ ’ਚ ਵਾਧਾ ਹੋ ਜਾਵੇਗਾ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦਾ ਮੰਤਵ ਪੰਜਾਬ ’ਚ ਪਿਛਲੇ ਤਿੰਨ ਸਾਲਾਂ ’ਚ ਕਰੀਬ 2000 ਕਰੋੜ ਰੁਪਏ ਦੀ ਲਾਗਤ ਨਾਲ 12000 ਸਕੂਲਾਂ ਦੇ ਅਪਗ੍ਰੇਡ ਕੀਤੇ ਬੁਨਿਆਦੀ ਢਾਂਚੇ ਨੂੰ ਇਨ੍ਹਾਂ ਸਕੂਲਾਂ ’ਚ ਪੜ੍ਹਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਸਮਰਪਿਤ ਕਰਨਾ ਹੈ। ਐਸਡੀਐਮ ਗੁਰਮੰਦਰ ਸਿੰਘ ਨੇ ਕਿਹਾ ਕਿ ਕਿਸੇ ਵੇਲੇ ਸਰਕਾਰੀ ਸਕੂਲਾਂ ਨੂੰ ਸਹੂਲਤਾਂ ਵਿਹੂਣੇ ਹੋਣ ਕਾਰਨ ਅਲੋਚਨਾ ਦਾ ਸ਼ਿਕਾਰ ਹੋਣਾ ਪੈਂਦਾ ਸੀ ਪਰ ਅੱਜ ਸਥਿਤੀ ਬਦਲ ਗਈ ਹੈ। ਚਮ-ਚਮਾਉਂਦੀਆਂ ਇਮਾਰਤਾਂ ਆਪਣੇ ਇਸ ਸਫ਼ਰ ਦੀ ਦਾਸਤਾਨ ਖੁਦ ਮੂੰਹੋਂ ਬੋਲਦੀਆਂ ਹਨ ਅਤੇ ਇਨ੍ਹਾਂ ’ਚ ਪੜ੍ਹਨ ਆਏ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚਦੀਆਂ ਹਨ।
ਉਨ੍ਹਾਂ ਨੇ ਇਨ੍ਹਾਂ ਸਕੂਲਾਂ ਦੇ ਅਧਿਆਪਕਾਂ, ਸਕੂਲ ਪ੍ਰਬੰਧਨ ਕਮੇਟੀਆਂ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਉਨ੍ਹਾਂ ਨੇ ਸਰਕਾਰ ਵੱਲੋਂ ਭੇਜੇ ਫੰਡਾਂ ਦੀ ਪੂਰੀ ਦਿਆਨਤਦਾਰੀ ਨਾਲ ਵਰਤੋਂ ਕਰਕੇ, ਸਕੂਲੀ ਵਿਦਿਆਰਥੀਆਂ ਲਈ ਬੇਹਤਰ ਸਹੂਲਤਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਚੰਗੀ ਇਮਾਰਤ ਤੇ ਚੰਗਾ ਫ਼ਰਨੀਚਰ, ਜਿਸ ਵਿੱਚ ਇੰਟਰਐਕਟਿਵ ਪੈਨਲ (ਸਮਾਰਟ ਕਲਾਸ ਰੂਮਜ਼) ਵੀ ਸ਼ਾਮਿਲ ਹਨ, ਹੋਣਗੇ ਤਾਂ ਵਿਦਿਆਰਥੀਆਂ ’ਚ ਪੜ੍ਹਾਈ ਅਤੇ ਕਿਤਾਬਾਂ ਨਾਲ ਜੁੜਨ ਦੀ ਰੁਚੀ ਅਤੇ ਦਿਲਚਸਪੀ ਵੀ ਵਧੇਗੀ। ਇਸ ਮੌਕੇ ਇਨ੍ਹਾਂ ਸਕੂਲਾਂ ਦੇ ਮੁਖੀ, ਇਲਾਕੇ ਦੇ ਪਤਵੰਤੇ ਵਿਅਕਤੀ ਅਤੇ ਵਿਦਿਆਰਥੀਆਂ ਦੇ ਮਾਪੇ ਵੀ ਇਨ੍ਹਾਂ ਉਦਘਾਟਨੀ ਸਮਾਰੋਹਾ ਦਾ ਹਿੱਸਾ ਬਣੇ।

