www.sursaanjh.com > ਅੰਤਰਰਾਸ਼ਟਰੀ > ਦਰਸ਼ਨ ਸਿੰਘ ਸਿੱਧੂ ਦੀ ਪੁਸਤਕ “ਰਿਸ਼ਤੇ ਰੂਹਾਂ ਦੇ” ਦਾ ਲੋਕ ਅਰਪਣ ਅਤੇ ਕਵੀ ਦਰਬਾਰ ਕਰਵਾਇਆ ਗਿਆ

ਦਰਸ਼ਨ ਸਿੰਘ ਸਿੱਧੂ ਦੀ ਪੁਸਤਕ “ਰਿਸ਼ਤੇ ਰੂਹਾਂ ਦੇ” ਦਾ ਲੋਕ ਅਰਪਣ ਅਤੇ ਕਵੀ ਦਰਬਾਰ ਕਰਵਾਇਆ ਗਿਆ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 19 ਅਪਰੈਲ:

ਅੱਜ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਅਤੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸਾਂਝੇ ਤੌਰ ‘ਤੇ ਇੱਕ ਸ਼ਾਨਦਾਰ ਸਮਾਗਮ ਸੈਂਟਰਲ ਸਟੇਟ ਲਾਇਬ੍ਰੇਰੀ ਸੈਕਟਰ  ਚੰਡੀਗੜ੍ਹ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦਾ ਮੁੱਖ ਮਕਸਦ ਸਭਾ ਦੇ ਉਪ ਪ੍ਰਧਾਨ ਦਰਸ਼ਨ ਸਿੰਘ ਸਿੱਧੂ ਦੀ ਨਵੀਂ ਪੁਸਤਕ “ਰਿਸ਼ਤੇ ਰੂਹਾਂ ਦੇ” ਦਾ ਲੋਕ ਅਰਪਣ ਅਤੇ ਕਿਤਾਬ ਉਪਰ ਹੀ ਕਵੀ ਦਰਬਾਰ ਕਰਵਾਉਣਾ ਸੀ। ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੋਮਣੀ ਬਾਲ ਸਾਹਿਤਕਾਰ ਡਾ. ਦਰਸ਼ਨ ਸਿੰਘ ਆਸ਼ਟ ਅਤੇ ਵਿਸ਼ੇਸ਼ ਮਹਿਮਾਨ ਸਿਰੀ ਰਾਮ ਅਰਸ਼ ਸਨ, ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਕੀਤੀ ਗਈ। ਇਹਨਾਂ ਤੋਂ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਸ੍ਰੀਮਤੀ ਪਰਮਜੀਤ ਕੌਰ ਪਰਮ, ਡਾ. ਅਵਤਾਰ ਸਿੰਘ ਪਤੰਗ ਅਤੇ ਦਵਿੰਦਰ ਢਿੱਲੋ ਵੀ ਸ਼ਾਮਲ ਸਨ।

ਸਭ ਤੋਂ ਪਹਿਲਾਂ ਸਾਹਿਤ ਵਿਗਿਆਨ ਕੇਂਦਰ ਦੀ ਕਾਰਜਕਾਰੀ ਪ੍ਰਧਾਨ ਪਰਮਜੀਤ ਪਰਮ ਵਲੋਂ ਮਹਿਮਾਨਾਂ ਨਾਲ ਜਾਣ ਪਹਿਚਾਣ ਕਰਵਾਈ ਗਈ ਅਤੇ ਸਭ ਨੂੰ ਜੀ ਆਇਆਂ ਨੂੰ ਆਖਿਆ ਗਿਆ। ਉਸ ਤੋਂ ਬਾਅਦ ਸਮਾਗਮ ਦਾ ਅਰੰਭ ਜਗਤਾਰ ਸਿੰਘ ਜੋਗ ਵਲੋਂ ਪ੍ਰਿੰ. ਬਹਾਦਰ ਸਿੰਘ ਗੋਸਲ ਰਚਿਤ ਇੱਕ ਧਾਰਮਿਕ ਗੀਤ ‘‘ਸੌਲਾ ਸੌ ਨੜੀਨਵੇ ਦੀ ਜਦੋਂ ਆਈ ਵਿਸਾਖੀ ਗੁਰਾਂ ਇਕੱਠ ਸੀ ਵੱਡਾ ਬੁਲਾਇਆ” ਗਾ ਕੇ ਕੀਤਾ ਗਿਆ। ਇਸ ਤੋਂ ਬਾਅਦ ਪ੍ਰਧਾਨਗੀ ਮੰਡਲ ਵਲੋਂ ਪੁਸਤਕ “ਰਿਸ਼ਤੇ ਰੂਹਾਂ ਦੇ” ਦਾ ਲੋਕ ਅਰਪਣ ਕੀਤਾ ਗਿਆ ਅਤੇ ਫਿਰ ਇਸ ਪੁਸਤਕ ‘ਤੇ ਡਾ. ਅਵਤਾਰ ਸਿੰਘ ਪਤੰਗ ਵਲੋਂ ਪਰਚਾ ਪੜ੍ਹਿਆ ਗਿਆ, ਜਿਹਨਾਂ ਨੇ ਇਸ ਪੁਸਤਕ ਦੇ ਸਾਰੰਸ਼ ਅਤੇ ਕਵਿਤਾਵਾਂ ਦੀ ਮਹੱਤਤਾ ਤੇ ਚਾਨਣਾ ਪਾਇਆ। ਉਸ ਤੋਂ ਬਾਅਦ ਬਹੁਤ ਸਾਰੇ ਗਾਇਕਾਂ ਨੇ ਪੁਸਤਕ ਵਿਚੋਂ ਚੌਣਵੇਂ ਗੀਤਾਂ ਨੂੰ ਗਾ ਕੇ ਖੂਬ ਰੰਗ ਬੰਨ੍ਹਿਆ, ਜਿਹਨਾਂ ਵਿੱਚ ਭਰਪੂਰ ਸਿੰਘ, ਜਗਤਾਰ ਸਿੰਘ ਜੋਗ, ਦਰਸ਼ਨ ਤਿਊਣਾ, ਅਮਰਜੀਤ ਬਠਲਾਣਾ, ਚਰਨਜੀਤ ਕੌਰ ਬਾਠ, ਮੈਡਮ ਨਰਿੰਦਰ ਲੌਗੀਆ, ਦਵਿੰਦਰ ਢਿੱਲੋ, ਕਵੀ ਪਾਸ਼, ਰਤਨ ਬਾਬਕਵਾਲਾ ਵੀ ਸ਼ਾਮਲ ਸਨ। ਪੁਸਤਕ ‘ਤੇ ਚਰਚਾ ਕਰਨ ਸਮੇਂ ਕਈ ਸਾਹਿਤਕਾਰਾਂ ਨੇ ਭਾਗ ਲੈਂਦੇ ਹੋਏ ਇਸ ਪੁਸਤਕ ਨੂੰ ਕਵਿਤਾ ਦੀ ਮਿਆਰੀ ਪੁਸਤਕ ਦੱਸਿਆ ਅਤੇ ਇਸ ਦੇ ਲੇਖਕ ਦਰਸ਼ਨ ਸਿੰਘ ਸਿੱਧੂ ਨੂੰ ਵਧਾਈ ਦਿੱਤੀ। ਪੁਸਤਕ ‘ਤੇ ਚਰਚਾ ਕਰਨ ਵਾਲਿਆਂ ਵਿੱਚ ਸਿਰੀ ਰਾਮ ਅਰਸ਼, ਅਵਤਾਰ ਸਿੰਘ ਮਹਿਤਪੁਰੀ, ਸ. ਮੋਜੇਵਾਲ, ਪਰਮਜੀਤ ਪਰਮ ਅਤੇ ਕਈ ਹੋਰ ਸ਼ਾਮਲ ਸਨ।

ਪੁਸਤਕ ‘ਤੇ ਲੰਬਾ ਵਿਚਾਰ ਵਟਾਂਦਰਾ ਕਰਦੇ ਹੋਏ ਮੁੱਖ ਮਹਿਮਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਪੁਸਤਕ ਦੀਆਂ ਅੰਦਰਲੀਆਂ ਤੈਹਾਂ ਦੀ ਵਿਆਖਿਆ ਕੀਤੀ ਅਤੇ ਇਸ ਨੂੰ ਇੱਕ ਸਾਂਭਣਯੋਗ ਪੁਸਤਕ ਦੱਸਿਆ। ਉਹਨਾਂ ਨੇ ਪੰਜਾਬੀ ਭਾਸ਼ਾ ਦੇ ਮਹੱਤਵ ਲਈ ਇਸ ਪੁਸਤਕ ਦਾ ਯੋਗਦਾਨ ਵੀ ਵਰਨਣ ਕੀਤਾ। ਅੱਜ ਕੱਲ੍ਹ ਦੇ ਟੁੱਟਦੇ ਰਿਸ਼ਤਿਆਂ ਅਤੇ ਸਮਾਜਿਕ ਤਰੁੱਟੀਆਂ ਦਾ ਉਹਨਾਂ ਨੇ ਵਿਸਥਾਰਪੂਰਵਕ ਵਰਨਣ ਕੀਤਾ। ਉਸ ਤੋਂ ਬਾਅਦ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਇਸ ਪੁਸਤਕ ਨੂੰ ਸਰਲ ਅਤੇ ਪੇਂਡੂ ਬੋਲੀ ਵਿੱਚ ਲਿਖੀ ਗਈ ਇੱਕ ਸਮਾਜਿਕ ਅਤੇ ਮਨੁੱਖਤਾ ਦੇ ਦੁਖਾਂਤ ਨੂੰ ਵਰਨਣ ਕਰਨ ਵਾਲੀ ਪੁਸਤਕ ਦੱਸਿਆ, ਜਿਹੜੀ ਕਵੀ ਦੀ ਕਲਮ ਦੀ ਵਿਲੱਖਣ ਲਿਖਤ ਹੈ।

ਉਹਨਾਂ ਨੇ ਹਾਜ਼ਰ ਸਾਰੇ ਸਾਹਿਤਕਾਰਾਂ ਨੂੰ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਲੇਖਕ ਵਲੋਂ ਮੁੱਖ ਮਹਿਮਾਨ ਅਤੇ ਪ੍ਰਧਾਨਗੀ ਮੰਡਲ ਸਮੇਤ ਸਾਰੇ ਗਾਇਕਾਂ ਦਾ ਸ਼ਾਲ ਅਤੇ ਮਮੈਂਟੇ ਦੇ ਕੇ ਸਨਮਾਨ ਵੀ ਕੀਤਾ ਗਿਆ। ਮਹਿਲਾ ਕਵੀਆਂ ਨੂੰ ਫੁਲਕਾਰੀਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਵੀ ਪੁਸਤਕ ਦੇ ਲੇਖਕ, ਸੰਸਥਾ ਦੇ ਉਪ ਪ੍ਰਧਾਨ ਦਰਸ਼ਨ ਸਿੰਘ ਸਿੱਧੂ, ਮੁੱਖ ਮਹਿਮਾਨ ਅਤੇ ਪੰਜਾਬੀ ਦੇ ਮਹਾਨ ਅਲੰਬਰਦਾਰ ਡਾ. ਦਰਸ਼ਨ ਸਿੰਘ ਆਸ਼ਟ ਨੂੰ ਸ਼ਾਲ, ਮੋਮੈਂਟੇ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਹਾਜ਼ਰ ਪਤਵੰਤਿਆਂ ਵਿੱਚ ਉਘੇ ਸਾਹਿਤਕਾਰ, ਕਵੀ ਅਤੇ ਪਤਵੰਤੇ ਵੀ ਹਾਜ਼ਰ ਸਨ, ਜਿਹਨਾਂ ਵਿੱਚ ਰਾਜਿੰਦਰ ਸਿੰਘ ਧੀਮਾਨ, ਪਿਆਰਾ ਸਿੰਘ ਰਾਹੀ, ਡਾ. ਪੰਨਾ ਲਾਲ ਮੁਸਤਫਾਵਾਦੀ, ਰਾਜਵਿੰਦਰ ਸਿੰਘ ਗੱਡੂ, ਚਰਨਜੀਤ ਕੌਰ ਬਾਠ, ਮੈਡਮ ਮਲਕੀਤ ਬਸਰਾ, ਸ੍ਰ. ਬਾਠ, ਪ੍ਰੋ. ਕੇਵਲਜੀਤ, ਪਬਲੀਸ਼ਰ ਤਰਲੋਚਨ ਸਿੰਘ, ਸ੍ਰ. ਸੋਢੀ, ਮਿਸਜ ਸਿੱਧੂ, ਸਿੱਧੂ ਪਰਿਵਾਰ ਦੇ ਪਰਿਵਾਰਕ ਮੈਂਬਰ, ਬਲਵਿੰਦਰ ਸਿੰਘ, ਭੁਪਿੰਦਰ ਭਾਗੋਮਾਜਰੀਆ, ਹਰਦੀਪ ਸਿੰਘ, ਸ਼ਮਸ਼ੇਰ ਸਿੰਘ, ਧਿਆਨ ਸਿੰਘ ਕਾਹਲੋ, ਪਰਮਜੀਤ ਸਿੰਘ ਵੀ ਹਾਜ਼ਰ ਸਨ। ਮੰਚ ਸੰਚਲਨ ਸਾਹਿਤ ਵਿਗਿਆਨ ਕੇਂਦਰ ਦੀ ਜਨਰਲ ਸਕੱਤਰ ਮੈਡਮ ਦਵਿੰਦਰ ਢਿੱਲੋਂ ਵਲੋਂ ਬਾਖੂਬੀ ਨਿਭਾਇਆ ਗਿਆ|

ਫੋਟੋ ਕੈਪਸ਼ਨ – ਮੁੱਖ ਮਹਿਮਾਨ ਡਾ. ਦਰਸ਼ਨ ਸਿੰਘ ਆਸ਼ਟ, ਪ੍ਰਧਾਨ ਬਹਾਦਰ ਸਿੰਘ ਗੋਸਲ ਅਤੇ ਪ੍ਰਧਾਨਗੀ ਮੰਡਲ ਸਮੇਤ ਦਰਸ਼ਨ ਸਿੰਘ ਸਿੱਧੂ ਦੀ ਪੁਸਤਕ “ਰਿਸ਼ਤੇ ਰੂਹਾਂ ਦੇ”  ਦਾ ਲੋਕ ਅਰਪਣ ਕਰਦੇ ਹੋਏ

Leave a Reply

Your email address will not be published. Required fields are marked *