ਚੰਡੀਗੜ੍ਹ 20 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
“ਪੰਜਾਬ ਦੀ ਮੌਜੂਦਾ ਹਕੂਮਤ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਬਜਾਏ ਇੱਕ ਗਹਿਰੀ ਸਾਜਿਸ਼ ਤਹਿਤ ਸਮਾਜ ਦੇ ਗਰੀਬ ਤਬਕੇ ਨੂੰ ਗ਼ੁਰਬਤ ਵੱਲ ਧੱਕਣ ਲਈ ਯਤਨਸ਼ੀਲ ਐ“ ਇਹ ਪ੍ਰਗਟਾਵਾ ਸ਼ੋਮਣੀ ਅਕਾਲੀ ਦਲ ਦੇ ਬੁਲਾਰੇ ਸ਼ਮਸ਼ੇਰ ਪੁਰਖਾਲਵੀ ਵੱਲੋਂ ਅੱਜ ਪੱਤਰਕਾਰਾਂ ਨਾਲ ਇੱਕ ਗੈਰ ਰਸਮੀ ਗੱਲਬਾਤ ਦੌਰਾਨ ਕੀਤਾ।


ਅਕਾਲੀ ਆਗੂ ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਸਰਕਾਰ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਨਸ਼ੇ ਦੇ ਮੱਗਰਮੱਛ ਸੌਦਾਗਰਾਂ ਨੂੰ ਸੁਰੱਖਿਆ ਛਤਰੀ ਪ੍ਰਦਾਨ ਕਰਨ ਲਈ ਜਾਣਬੁੱਝ ਕੇ ਨਸ਼ੇ ਦੇ ਆਦੀ ਗਰੀਬਾਂ ਅਤੇ ਦਲਿਤਾਂ ਦੇ ਘਰ ਢਾਹ ਕੇ ਉਨ੍ਹਾਂ ਨੂੰ ਗ਼ੁਰਬਤ ਦੀ ਦਲਦਲ ਵਿੱਚ ਧੱਕਣ ਦੇ ਕੋਝੇ ਯਤਨਾਂ ਵਿੱਚ ਲੱਗੀ ਹੋਈ ਹੈ, ਜਿਹੜਾ ਕਿ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਸਰਮਾਏਦਾਰ ਤਾਕਤਾਂ ਅਤੇ ਸਿਆਸਤਦਾਨਾਂ ਦੇ ਕੁਲਿਹਣੇ ਗੱਠਜੋੜ ਨੇ ਆਪਣੇ ਵਪਾਰਕ ਮਨਸੂਬਿਆਂ ਦੀ ਪੂਰਤੀ ਲਈ ਰਾਜ ਵਿੱਚ ਜਵਾਨੀ ਨੂੰ ਨਸ਼ਿਆਂ ਦੇ ਅੱਤਵਾਦ ਰਾਹੀਂ ਬਰਬਾਦ ਕਰਕੇ ਰੱਖ ਦਿੱਤਾ ਹੈ ਜਿਸ ਵਿਰੁੱਧ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ।
ਅਕਾਲੀ ਆਗੂ ਨੇ ਸੂਬਾ ਹਕੂਮਤ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਪੰਜਾਬ ਦੇ ਕਿਸੇ ਵੀ ਮੁੱਦੇ ‘ਤੇ ਸੰਜੀਦਾ ਨਹੀਂ ਹੈ, ਜਿਸ ਕਾਰਨ ਰਾਜ ਵਿਚਲੀ ਅਮਨ ਕਾਨੂੰਨ ਦੀ ਡਾਵਾਂਡੋਲ ਹੋਈ ਸਥਿਤੀ ਕਾਰਨ ਜਿੱਥੇ ਸੂਬੇ ਦਾ ਹਰ ਵਰਗ ਆਪਣੇ ਆਪ ਨੂੰ ਅਸੁੱਰਖਿਅਤ ਮਹਿਸੂਸ ਕਰ ਰਿਹਾ ਹੈ, ਉੱਥੇ ਮੌਜੂਦਾ ਘਟਨਾਵਾਂ ਆਪਸੀ ਭਾਈਚਾਰਕ ਸਾਂਝ ਲਈ ਵੀ ਭਾਰੀ ਖਤਰਾ ਪੈਦਾ ਕਰ ਰਹੀਆਂ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਦੀ ਚਾਕਰੀ ਕਰਨ ਲਈ ਪੰਜਾਬੀਆਂ ਨੂੰ ਚੁਟਕਲੇ ਸੁਣਾ ਕੇ ਮੰਨੋਰੰਜਨ ਕਰਨ ਦੀ ਬਜਾਏ ਲੋਕਾਂ ਨਾਲ ਕੀਤੇ ਗਏ ਆਪਣੇ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਰਗਰਮ ਹੋਣ।

