www.sursaanjh.com > ਅੰਤਰਰਾਸ਼ਟਰੀ > ਲੋਕ ਗਾਇਕ ਮੋਹਨ ਸਿੰਘ ਬੈਂਸ (ਯੂ.ਐਸ.ਏ.) ਦੇ ਨਵੇਂ ਪੰਜਾਬੀ ਗੀਤ ਦਾ ਟਰੈਕ ਪੋਸਟਰ ਹੋਇਆ ਰਲੀਜ਼ – ਭੁਪਿੰਦਰ ਸਿੰਘ ਮਟੌਰੀਆ

ਲੋਕ ਗਾਇਕ ਮੋਹਨ ਸਿੰਘ ਬੈਂਸ (ਯੂ.ਐਸ.ਏ.) ਦੇ ਨਵੇਂ ਪੰਜਾਬੀ ਗੀਤ ਦਾ ਟਰੈਕ ਪੋਸਟਰ ਹੋਇਆ ਰਲੀਜ਼ – ਭੁਪਿੰਦਰ ਸਿੰਘ ਮਟੌਰੀਆ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 26 ਅਪਰੈਲ:

ਚੰਡੀਗੜ੍ਹ ਦੇ ਸੈਕਟਰ 42 ਦੀ ਝੀਲ ਦੇ ਨੇੜੇ ਪਾਰਕ ਦੇ ਓਪਨ ਥੀਏਟਰ ਵਿੱਚ ਪੰਜਾਬੀ ਕਲਾ ਕੇਂਦਰ ਅਤੇ ਚੰਨੀ ਸਭਿਆਚਾਰਕ ਮੰਚ ਦੇ ਕਲਾਕਾਰਾਂ ਵੱਲੋਂ ਸਾਂਝੇ ਤੌਰ ‘ਤੇ ਉੱਘੇ ਲੋਕ ਗਾਇਕ ਮੋਹਨ ਸਿੰਘ ਬੈਂਸ (ਯੂ.ਐਸ.ਏ.) ਦੇ ਗੀਤ ਦੇ ਟਰੈਕ ਦਾ ਪੋਸਟਰ ਸੂਝਵਾਨ ਸਰੋਤਿਆਂ ਦੀ ਭਰਵੀਂ ਹਾਜ਼ਰੀ ਵਿੱਚ ਰਲੀਜ਼ ਕੀਤਾ ਗਿਆ। ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਉੱਘੇ ਰੰਗਕਰਮੀ ਤੇ ਫਿਲਮੀ ਅਦਾਕਾਰ ਪ੍ਰੋ. ਸਵੈਰਾਜ ਸਿੰਘ ਸੰਧੂ ਹਾਜ਼ਰ ਹੋਏ। ਮੰਚ ਸੰਚਾਲਨ ਉੱਘੇ ਹਰਫਨ ਮੌਲਾ ਅਦਾਕਾਰ ਬਲਕਾਰ ਸਿੱਧੂ ਨੇ ਕੀਤਾ। ਉਨ੍ਹਾਂ ਕਲਾਕਾਰਾਂ ਦਾ ਤੁਆਰਫ ਵੱਖਰੇ ਅੰਦਾਜ਼ ਵਿੱਚ ਕਰਵਾਇਆ।

ਇਸ ਮੌਕੇ ਲੋਕ ਗਾਇਕ ਮੋਹਨ ਸਿੰਘ ਬੈਂਸ (ਯੂ.ਐਸ.ਏ.) ਦੇ ਨਵੇਂ ਪੰਜਾਬੀ ਗੀਤ ਦਾ ਟਰੈਕ ਪੋਸਟਰ ਜਾਰੀ ਕੀਤਾ ਗਿਆ ਅਤੇ ਲੋਕ ਗਾਇਕ ਨੂੰ ਸਰੋਤਿਆਂ ਦੇ ਰੂਬਰੂ ਕੀਤਾ ਗਿਆ। ਉਨ੍ਹਾਂ ਆਪਣੇ ਕਈ ਗੀਤ ਪੇਸ਼ ਕੀਤੇ। ਉਨ੍ਹਾਂ ਸਵਰਗੀ ਲਾਲ ਚੰਦ ਯਮਲਾ ਜੱਟ ਦਾ ਗੀਤ ਗਾ ਕੇ ਉਨ੍ਹਾਂ ਨੂੰ ਯਾਦ ਕੀਤਾ। ਭੁਪਿੰਦਰ ਸਿੰਘ ਮਟੌਰੀਆ ਨੇ ਸਮੇਂ ਦੀ ਨਜ਼ਾਕਤ ਅਨੁਸਾਰ ‘ਮੇਲੇ ਮਿੱਤਰਾਂ ਦੇ’ ਗੀਤ ਬੁਲੰਦ ਆਵਾਜ਼ ਵਿੱਚ ਪੇਸ਼ ਕੀਤਾ। ਗਾਇਕ ਆਰ.ਬੀ. ਸਿੰਘ ਅਤੇ ਅੰਮ੍ਰਿਤਪਾਲ ਨੇ ‘ਕਾਵਾਂ ਕਿੱਤੋਂ ਲੱਭ ਕੇ ਲਿਆ ਸਿਰਨਾਵਾਂ’ ਪੇਸ਼ ਕਰਦਿਆਂ ਚੰਗੀ ਛਾਪ ਛੱਡੀ।

ਹਾਜ਼ਰ ਮਰਦ-ਔਰਤ ਕਲਾਕਾਰਾਂ ਵੱਲੋਂ ਲੋਕ ਗਾਇਕ ਮੋਹਨ ਸਿੰਘ ਬੈਂਸ ਅਤੇ ਉਨ੍ਹਾਂ ਦੀ ਜੀਵਨ ਸਾਥਣ ਦਾ ਸਨਮਾਨ ਕੀਤਾ ਗਿਆ। ਵੇਖਣ ਵਾਲ਼ੀ ਗੱਲ ਇਹ ਸੀ ਕਿ ਨੌਜਵਾਨ ਕਲਾਕਾਰਾਂ ਨਾਲ਼ੋਂ ਵਡੇਰੀ ਉਮਰ ਦੇ ਸੀਨੀਅਰ ਸਿਟੀਜਨ ਮਰਦ-ਔਰਤ ਕਲਾਕਾਰ ਵਧੇਰੇ ਹਾਜ਼ਰ ਸਨ। ਚੰਡੀਗੜ੍ਹ ਵਿਖੇ ਰਹਿ ਰਹੇ ਰਿਟਾਇਰਡ ਉੱਚ ਅਧਿਕਾਰੀ ਵੀ ਇਸ ਸਮਾਗਮ ਵਿੱਚ ਹਾਜ਼ਰ ਸਨ।

ਵੇਖਣ ਵਿੱਚ ਆਇਆ ਕਿ ਇਹ ਭਰਵੀਂ ਇਕੱਤਰਤਾ ਰੋਜ਼ਾਨਾ ਸਵੇਰੇ ਸਵੇਰੇ ਹੁੰਦੀ ਹੈ। ਖਾਸ ਦਿਨਾਂ ‘ਤੇ ਕੇਂਦਰ ਵੱਲੋਂ ਚੰਗੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਛੋਟੀ-ਵੱਡੀ ਉਮਰ ਦੇ ਕਲਾਕਾਰਾਂ ਵਿੱਚ ਮਰਦ-ਔਰਤਾਂ ਦੀ ਗਿਣਤੀ ਬਰਾਬਰ ਹੀ ਨਜ਼ਰ ਆਉਂਦੀ ਹੈ। ਹਾਜ਼ਰ ਕਲਾਕਾਰਾਂ ਵਿੱਚ ਨਰਿੰਦਰ ਸਿੰਘ, ਰੌਸ਼ਨ ਸਿੰਘ, ਮਲਕੀਤ ਸਿੰਘ, ਜਸਬੀਰ ਢੋਲੀ, ਤਜਿੰਦਰ ਧਾਲੀਵਾਲ, ਬਿਕਰਮ ਸਿੰਘ, ਰਮੇਸ਼ ਕੁਮਾਰ, ਬਲਜੀਤ ਕੋਹਲੀ, ਚਰਨਜੀਤ ਸਿੰਘ ਬੇਦੀ, ਪ੍ਰੋ. ਹਰਜੀਤ ਸਿੰਘ, ਸਰਵਨ ਸਿੰਘ ਕਲਸੀ, ਰਵਿੰਦਰ ਸ਼ਰਮਾ, ਰਜਿੰਦਰ ਸਿੰਘ, ਲਖਵਿੰਦਰ ਸਿੰਘ, ਗੁਰਨਾਮ ਸਿੰਘ ਆਰਟਿਸਟ, ਸਿੰਮੀ ਕਾਹਲ਼ੋਂ, ਰਜਨੀ-1, ਰਜਨੀ-2, ਸਿਮਰਨਜੀਤ ਕੌਰ, ਜਸਵਿੰਦਰ ਕੌਰ ਜੱਸੀ, ਵਿਸ਼ਵਾ ਰਾਣੀ, ਮਾਲਵਿੰਦਰ ਕੌਰ, ਰਜਨੀ ਰਾਣੀ ਅਤੇ ਹੋਰਨਾਂ ਹਸਤੀਆਂ ਨੇ ਵੀ ਭਰਪੂਰ ਆਨੰਦ ਮਾਣਿਆ।

Leave a Reply

Your email address will not be published. Required fields are marked *