ਚੰਡੀਗੜ੍ਹ 6 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਅਕਾਲੀ ਦਲ ਬਾਦਲ ਵਲੋਂ ਅੱਜ ਗੁਰਦੁਆਰਾ ਗੜ੍ਹੀ ਭੌਰਖਾ ਸਾਹਿਬ ਮਾਜਰੀ-ਬਲਾਕ ਵਿਖੇ ਪ੍ਰੈਸ ਕਾਨਫਰੰਸ ਕਰਕੇ ਪਿਛਲੇ ਦਿਨੀਂ ਪੰਜ ਮੈਂਬਰੀ ਕਮੇਟੀ ਵਲੋਂ ਕੀਤੀ ਕਾਨਫਰੰਸ ਨੂੰ ‘ਫਲਾਪ ਪ੍ਰੋਗਰਾਮ’ ਦੱਸਿਆ ਹੈ। ਐੱਸਜੀਪੀਸੀ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ ਦੀ ਅਗਵਾਈ ਵਿੱਚ ਅਕਾਲੀ ਆਗੂਆਂ ਵਲੋਂ ਕੀਤੀ ਇਸ ਪ੍ਰੈਸ ਕਾਨਫਰੰਸ ਦੌਰਾਨ ਜਥੇਦਾਰ ਖੇੜਾ ਨੇ ਕਿਹਾ ਕਿ ਪੰਜ ਮੈਂਬਰੀ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਾਂ ਵਰਤ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ‘ਤੇ ਹਮਲਾ ਬੋਲਦਿਆਂ ਸ੍ਰੀ ਖੇੜਾ ਨੇ ਕਿਹਾ ਕਿ ਹਰਪ੍ਰੀਤ ਸਿੰਘ ਨੂੰ ਹੁਣ ਜਥੇਦਾਰ ਕਹਿਣਾ ਵੀ ਗਲਤ ਹੈ। ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਵਲੋਂ ਸਟੇਜ ‘ਤੇ ਬੈਠੇ ਆਗੂਆਂ ਸਾਹਮਣੇ ਸੀਨੀਅਰ ਤੇ ਪੁਰਾਣੇ ਆਗੂਆਂ ਦੀ ‘ਸਿਊਂਕ ਲੱਗੇ ਬਾਲਿਆਂ’ ਨਾਲ ਤੁਲਣਾ ਕਰਨ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਇੱਕ ਧੜੇ ਨਾਲ ਚੱਲ ਕੇ ਪੰਥ ਨੂੰ ਢਾਹ ਲਗਾ ਰਹੇ ਹਨ।
ਕਾਨਫਰੰਸ ਦੌਰਾਨ ਇੱਕ ਆਗੂ ਵਲੋਂ ਗੈਰ-ਸਿੱਖਾਂ ਨੂੰ ਅਕਾਲੀ ਦਲ ਦੇ ਮੈਂਬਰ ਬਣਾਏ ਜਾਣ ਸਬੰਧੀ ਕੀਤੀ ਟਿੱਪਣੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਜਥੇਦਾਰ ਖੇੜਾ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਹੀ ਸਾਰੇ ਧਰਮਾਂ ਤੇ ਵਰਗਾਂ ਦਾ ਸਤਿਕਾਰ ਕਰਦਾ ਰਿਹਾ ਹੈ ਅਤੇ ਕੋਈ ਵੀ ਪਾਰਟੀ ਦਾ ਮੈਂਬਰ ਬਣ ਸਕਦਾ ਹੈ। ਜਥੇਦਾਰ ਅਜਮੇਰ ਸਿੰਘ ਖੇੜਾ ਨੇ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਰਿਹਾ ਹੈ, ਜਦੋਂ ਵੀ ਇਸ ਪਾਰਟੀ ਨੂੰ ਔਖੇ ਸਮੇਂ ਵਿਰੋਧੀਆਂ ਦੀਆਂ ਚਾਲਾਂ ਵਿਚੋਂ ਲੰਘਣਾ ਪਿਆ ਹੈ, ਉਦੋਂ ਉਦੋਂ ਅਕਾਲੀ ਦਲ ਹੋਰ ਮਜ਼ਬੂਤ ਹੋ ਕੇ ਉੱਭਰਿਆ ਹੈ। ਉਨ੍ਹਾਂ ਕਿਹਾ ਕਿ ਹੁਣ ਵੀ ਅਕਾਲੀ ਦਲ ਵਧੇਰੇ ਮਜ਼ਬੂਤ ਹੋ ਕੇ ਉੱਭਰੇਗਾ।
ਪੰਜ ਮੈਂਬਰੀ ਕਮੇਟੀ ਵਲੋਂ ਕੀਤੀ ਜਾ ਰਹੀ ਅਕਾਲੀ ਦਲ ਦੀ ਭਰਤੀ ਸਬੰਧੀ ਜਥੇਦਾਰ ਖੇੜਾ ਨੇ ਕਿਹਾ ਕਿ ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਪੰਜ ਮੈਂਬਰੀ ਕਮੇਟੀ ਨੂੰ ਭਰਤੀ ਕਰਨ ਲਈ ਨਹੀਂ ਸੀ ਕਿਹਾ ਗਿਆ, ਸਗੋਂ ਭਰਤੀ ਪ੍ਰਕ੍ਰਿਆ ਦੀ ਨਿਗਰਾਨੀ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼ੋਮਣੀ ਅਕਾਲੀ ਦਲ ਵਲੋਂ 25 ਲੱਖ ਦੀ ਭਰਤੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾਲ ਜੁੜੇ ਪਰਿਵਾਰ ਤੇ ਆਗੂ ਅੱਜ ਵੀ ਸੁਖਬੀਰ ਸਿੰਘ ਬਾਦਲ ਨਾਲ ਖੜ੍ਹੇ ਹਨ, ਜਦਕਿ ਕੁਝ ਮੌਕਾਪ੍ਰਸਤ ਲੋਕ ਵਿਰੋਧੀਆਂ ਨਾਲ ਮਿਲੇ ਹੋਏ ਹਨ। ਇਸ ਮੌਕੇ ਅਕਾਲੀ ਦਲ ਦੇ ਐੱਸ.ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਮੀਆਂਪੁਰ ਚੰਗਰ, ਸਾਬਕਾ ਸਰਪੰਚ ਹਰਦੀਪ ਸਿੰਘ ਖਿਜ਼ਰਾਬਾਦ, ਮਨਮੋਹਨ ਸਿੰਘ ਮਾਵੀ, ਮਨਜੀਤ ਸਿੰਘ ਮਹਿਰੌਲੀ, ਸਾਬਕਾ ਸਰਪੰਚ ਜਗਦੀਸ਼ ਸਿੰਘ ਖੈਰਪੁਰ, ਸਾਬਕਾ ਸਰਪੰਚ ਡਿੰਪਲ ਰਾਠੌਰ, ਜਸਪਾਲ ਸਿੰਘ ਲੱਕੀ ਮਾਵੀ ਵਜੀਦਪੁਰ, ਸਾਬਕਾ ਸਰਪੰਚ ਰਣਜੀਤ ਸਿੰਘ ਖੈਰਪੁਰ, ਗੁਰਮੀਤ ਸਿੰਘ ਖਿਜ਼ਰਾਬਾਦ, ਸਾਬਕਾ ਸਰਪੰਚ ਜਗਤਾਰ ਸਿੰਘ ਟੱਪਰੀਆ, ਸੰਤੋਖ ਸਿੰਘ ਲੁਬਾਣਗੜ੍ਹ, ਅਮਰਜੀਤ ਸਿੰਘ ਕੰਸਾਲਾ, ਗੁਰਦੀਪ ਸਿੰਘ ਹੁਸ਼ਿਆਰਪੁਰ, ਰਵਿੰਦਰ ਸਿੰਘ ਪੜਛ ਅਤੇ ਹੋਰ ਆਗੂ ਵੀ ਹਾਜ਼ਰ ਸਨ।

