ਚੰਡੀਗੜ੍ਹ 6 ਮਈ (ਅਵਤਾਰ ਨਗਲੀਆ-ਸੁਰ ਸਾਂਝ ਡਾਟ ਕਾਮ ਬਿਊਰੋ):


ਅੱਜ ਸਾਡੀ ਲਾਪਰਵਾਹੀ ਕਾਰਨ ਸਮੁੱਚਾ ਵਾਤਾਵਰਣ ਪ੍ਰਦੂਸ਼ਣ ਦੇ ਖ਼ਤਰਨਾਕ ਚੈਂਬਰ ਦੀ ਮਾਰ ਹੇਠ ਹੈ। ਵਾਤਾਵਰਣ ਨੂੰ ਬਚਾਉਣ ਲਈ ਸਾਨੂੰ ਸਭ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਵਾਤਾਵਰਣ ਪ੍ਰਚਾਰਕ ਤੇ ਸਟੇਟ ਅਵਾਰਡੀ ਲੈਕਚਰਾਰ ਰਾਜਨ ਸ਼ਰਮਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਹੁਣ ਅਣਗਹਿਲੀ ਨਾ ਕਰਨ ਦਾ ਅਤੇ “ਪਹਿਲ“ ਕਰਨ ਦਾ ਸਮਾਂ ਆ ਗਿਆ ਹੈ।
ਰਾਜਨ ਸ਼ਰਮਾ ਨੇ ਕਿਹਾ ਕਿ ਪਾਣੀ ਦੀ ਦੁਰ-ਵਰਤੋਂ ਅਤੇ ਪਾਣੀ ਦੀ ਬੱਚਤ ਦੀ ਆਦਤ ਨਾ ਹੋਣ ਕਰਕੇ ਅੱਜ ਪੀਣਯੋਗ ਪਾਣੀ ਦੀ ਸਮੱਸਿਆ ਕਿਸੇ ਤੋਂ ਛੁਪੀ ਨਹੀਂ ਰਹਿ ਗਈ। ਸਾਹ ਲੈਣ ਲਈ ਸਾਫ਼ ਹਵਾ ਨਾ ਮਿਲਣ ਦੀ ਸਮੱਸਿਆ ਲਈ ਵੀ ਮਨੁੱਖ ਖੁਦ ਜ਼ਿੰਮੇਵਾਰ ਹੈ। ਰੁੱਖਾਂ ਦੀ ਲਗਾਤਾਰ ਹੋ ਰਹੀ ਕਟਾਈ ਚਿੰਤਾਜਨਕ ਹੈ।ਉਨ੍ਹਾਂ ਕਿਹਾ ਕਿ ਸਾਨੂੰ ਰੁੱਖ ਲਗਾਉਣ ਵੱਲ ਚੱਲਣਾ ਪਵੇਗਾ, ਪਰ ਜੇਕਰ ਕੋਈ ਰੁੱਖ ਲਗਾ ਨਹੀਂ ਸਕਦਾ ਤਾਂ ਉਸ ਨੂੰ ਲੱਗੇ ਰੁੱਖ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਵਾਤਾਵਰਣ ਪ੍ਰਦੂਸ਼ਣ ਹੁਣ ਇੱਕ ਵਿਸ਼ਵ-ਪੱਧਰੀ ਸਮੱਸਿਆ ਬਣ ਚੁੱਕਾ ਹੈ।

