www.sursaanjh.com > ਅੰਤਰਰਾਸ਼ਟਰੀ > ਧਰਮ ਕੰਮੇਆਣਾ ਦੇ ਗੀਤ ਸੰਗ੍ਰਹਿ ‘ਪੋਹਲੀ ਦੇ ਫੁੱਲ ‘ਤੇ ਹੋਈ ਵਿਚਾਰ ਚਰਚਾ

ਧਰਮ ਕੰਮੇਆਣਾ ਦੇ ਗੀਤ ਸੰਗ੍ਰਹਿ ‘ਪੋਹਲੀ ਦੇ ਫੁੱਲ ‘ਤੇ ਹੋਈ ਵਿਚਾਰ ਚਰਚਾ

ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 7 ਮਈ:
ਸਵਪਨ ਫਾਉਂਡੇਸ਼ਨ, ਪਟਿਆਲਾ (ਰਜਿ.) ਵੱਲੋਂ ਭਾਸ਼ਾ ਵਿਭਾਗ ਐੱਸ. ਏ. ਐੱਸ. ਨਗਰ (ਮੋਹਾਲੀ) ਦੇ ਸਹਿਯੋਗ ਨਾਲ ਅੱਜ ਦਫ਼ਤਰ ਭਾਸ਼ਾ ਵਿਭਾਗ ਮੋਹਾਲੀ ਵਿਖੇ ਉੱਘੇ ਸ਼ਾਇਰ ਧਰਮ ਕੰਮੇਆਣਾ ਦੇ ਗੀਤ ਸੰਗ੍ਰਹਿ ‘ਪੋਹਲੀ ਦੇ ਫੁੱਲ’ ‘ਤੇ ਵਿਚਾਰ ਚਰਚਾ ਕਰਵਾਈ ਗਈ। ਸਭ ਤੋਂ ਪਹਿਲਾਂ ਜ਼ਿਲ੍ਹਾ ਖੋਜ ਅਫ਼ਸਰ ਡਾ. ਦਰਸ਼ਨ ਕੌਰ ਨੇ ਸਾਰੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਤੇ ਕਿ ਕਿਹਾ ਸਾਨੂੰ ਮਾਣ ਹੈ ਅਸੀਂ ਇਸ ਤਰ੍ਹਾਂ ਦੇ ਉੱਚ ਪੱਧਰੀ ਸਮਾਗਮ ਦਾ ਹਿੱਸਾ ਹਾਂ। ਉਹਨਾਂ ਗੀਤ ਸੰਗ੍ਰਹਿ ਬਾਰੇ ਵੀ ਕੁਝ ਗੱਲਾਂ  ਸਾਂਝੀਆਂ ਕੀਤੀਆਂ। ਇਸ ਉਪਰੰਤ ਸ਼ਾਇਰ ਸੁਰਜੀਤ ਸੁਮਨ ਹੋਰਾਂ ਨੇ ਵਿਚਾਰ ਚਰਚਾ ਦਾ ਆਗਾਜ਼ ਕਰਦੇ ਹੋਏ ਕਿਹਾ ਕਿ ਇਸ ਗੀਤ ਸੰਗ੍ਰਹਿ ਵਿੱਚ ਸਮਾਜਿਕ ਮੁੱਦੇ ਗੰਭੀਰਤਾ ਨਾਲ ਉਭਾਰੇ ਗਏ ਹਨ। ਇਸ ਤੋਂ ਬਾਅਦ ਸਮਾਗਮ ਦਾ ਮੁੱਖ ਸੁਰ ਭਾਸ਼ਨ ਦਿੰਦੇ ਹੋਏ ਪੰਜਾਬੀ ਯੂਨੀਵਰਸਿਟੀ ਤੋਂ ਉੱਘੀ ਆਲੋਚਕਾ ਡਾ. ਵੀਰਪਾਲ ਕੌਰ ਸਿੱਧੂ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਧਰਮ ਕੰਮੇਆਣਾ ਹੋਰਾਂ ਦੇ ਗੀਤਾਂ ਨੂੰ ਲੱਗਭੱਗ ਸਾਰੇ ਪ੍ਰਮੁੱਖ ਗਾਇਕਾਂ ਨੇ ਗਾਇਆ ਹੈ। ਉਹਨਾਂ ਅਗਾਂਹ ਕਿਹਾ ਕਿ ਕੰਮੇਆਣਾ ਮਾਨਵਵਾਦੀ ਸ਼ਾਇਰ ਹੈ; ਉਹ ਇਕ ਪੁਰਖ ਹੋ ਕੇ ਇਸਤਰੀ ਮਨ ਦੀ ਗੱਲ ਕਰਦਾ ਹੈ। ਉਹ ਪੇਂਡੂ ਸਭਿਆਚਾਰ ਨੂੰ ਬੜੀ ਕਲਾਤਮਕਤਾ ਨਾਲ ਪੇਸ਼ ਕਰਨ ਵਾਲ਼ਾ ਸ਼ਾਇਰ ਹੈ। ਉਹਨਾਂ ਅਗਾਂਹ ਕਿਹਾ ‘ਪੋਹਲੀ ਦੇ ਕੰਡੇ ਵੀ ਚੁਭਦੇ ਨੇ, ਫੁੱਲ ਦੀ ਛੋਹ ਵੀ ਦਿੰਦੇ ਨੇ।
ਅਗਲੇ ਬੁਲਾਰੇ ਵਜੋਂ ਬੋਲਦਿਆਂ ਪ੍ਰੋ. ਜਲੌਰ ਸਿੰਘ ਖੀਵਾ ਨੇ ਧਰਮ ਕੰਮੇਆਣਾ ਨਾਲ ਆਪਣੇ ਨਿੱਜੀ ਸੰਬੰਧਾਂ ਜ਼ਰੀਏ ਉਹਨਾਂ ਦੀ ਸਿਰਜਣਾ ਦੇ ਕਈ ਭੇਦ ਖੋਲ੍ਹੇ। ਅੱਜ ਦੇ ਸਮਾਗਮ ਦੇ ਵਿਸ਼ੇਸ਼ ਮਹਿਮਾਨ ਹਰਵਿੰਦਰ ਸਿੰਘ ਹੋਰਾਂ ਨੇ ਗੀਤ ਪ੍ਰਤੀ ਆਪਣੀ ਫਿਕਰਮੰਦੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਗੀਤ ਸਾਡੀ ਰਹਿਤਲ ਨਾਲ ਜੁੜਿਆ ਹੈ। ਅਸੀਂ ਹੋਰ ਸਾਹਿਤਕ ਸ਼ਾਇਰੀ ਦੀਆਂ ਸਿਨਫ਼ਾਂ ਦੇ ਆਉਣ ਨਾਲ ਇਸ ਨੂੰ ਵਿਸਾਰ ਦਿੱਤਾ। ਉਹਨਾਂ ਅਗਾਂਹ ਕਿਹਾ ਕਿ ਧਰਮ ਲੋਕਾਂ ਦਾ ਸ਼ਾਇਰ ਹੈ। ਉਹ ਹਾਲ਼ੀਆਂ-ਪਾਲ਼ੀਆਂ ਦਾ ਸ਼ਾਇਰ ਹੈ।
ਸਮਾਗਮ ਦੇ ਅਗਲੇ ਦੌਰ ਵਿੱਚ ਕਿਤਾਬ ਦੇ ਲੇਖਕ ਧਰਮ ਕੰਮੇਆਣਾ ਨੇ ਕਿਹਾ ਕਿ ਸਾਹਿਤ ਦੇ ਕਿਲ੍ਹੇ ਦਾ ਨਿਰਮਾਣ ਕਰਨਾ ਸੌਖਾ ਨਹੀਂ ਹੈ। ਉਹਨਾਂ ਆਪਣੇ ਸਾਹਿਤਕ ਜੀਵਨ ਬਾਰੇ ਵਿਸਥਾਰ ਸਹਿਤ ਦੱਸਿਆ।ਉਹਨਾਂ ਵਿਦਿਆਰਥੀਆਂ ਨੂੰ ਉਦਾਹਰਨਾਂ ਸਹਿਤ ਜੀਵਨ ਦੇ ਕਈ ਪੱਖ ਸਮਝਾਏ। ਅਖ਼ਰ ਵਿੱਚ ਉਹਨਾਂ ਕੁਝ ਗੀਤ ਤਰੁੰਨਮ ਵਿਚ ਵੀ ਗਾਏ। ਅੱਜ ਦੀ ਚਰਚਾ ਦੇ ਮੁੱਖ ਮਹਿਮਾਨ ਪ੍ਰੋ. ਅਤੈ ਸਿੰਘ ਨੇ ਪੰਜਾਬੀ ਗੀਤਕਾਰੀ ਦੇ ਇਤਿਹਾਸਕ ਪਰਿਪੇਖ ਬਾਰੇ ਗੱਲ ਕੀਤੀ। ਉਹਨਾਂ ਅਗਾਂਹ ਕਿਹਾ ਕਿ ਧਰਮ ਅਸਲ ਵਿੱਚ ਕਵੀ ਹੈ, ਗੀਤਕਾਰੀ ਵਿੱਚ ਉਹ ਬਾਅਦ ਵਿੱਚ ਆਇਆ। ਉਹਨਾਂ ਕੰਮੇਆਣਾ ਹੋਰਾਂ ਦੀ ਗੀਤਕਾਰੀ ਦੇ ਕਈ ਅਣਛੋਹੇ ਨੁਕਤੇ ਵੀ ਸਾਂਝੇ ਕੀਤੇ।
‘ਪੋਹਲੀ ਦੇ ਫੁੱਲ’ ਗੀਤ ਸੰਗ੍ਰਹਿ ਦੀ ਵਿਚਾਰ ਚਰਚਾ ਦੀ ਪ੍ਰਧਾਨਗੀ ਕਰਦੇ ਹੋਏ ਉੱਘੇ ਆਲੋਚਕ ਤੇ ਵਾਰਤਕਕਾਰ ਡਾ. ਰਾਜਿੰਦਰਪਾਲ ਬਰਾੜ ਹੋਰਾਂ ਨੇ ਗੀਤਕਾਰੀ ਦਾ ਇਤਿਹਾਸ ਸਾਂਝਾ ਕਰਦੇ ਹੋਏ, ਗੀਤ ਦੇ ਪੱਛੜ ਜਾਣ ਬਾਰੇ ਕਈ ਗੱਲਾਂ ਸਾਂਝੀਆਂ ਕੀਤੀਆਂ। ਉਹਨਾਂ ਧਰਮ ਕੰਮੇਆਣਾ ਦੀ ਗੀਤਕਾਰੀ ਬਾਰੇ ਗੱਲ ਕਰਦਿਆਂ ਕਿਹਾ ਕਿ ਧਰਮ ਦੀ ਸ਼ਾਇਰੀ ਹੋਸ਼ ਤੇ ਜੋਸ਼ ਦਾ ਸੁਮੇਲ ਹੈ। ਉਹਨਾਂ ਅਗਾਹ ਕਿਹਾ ਕਿ ਇਹ ਕਹਿਣਾ ਗ਼ਲਤ ਹੈ ਕਿ ਗੀਤ ਸਿਰਫ਼ ਭਾਵਨਾਵਾਂ ਦਾ ਵਹਿਣ ਹੈ ਤੇ ਇਸ ਵਿੱਚ ਕੋਈ ਵਿਚਾਰ ਨਹੀਂ ਹੁੰਦਾ। ਉਹਨਾਂ ਹੋਰ ਜੋੜਦਿਆਂ ਕਿਹਾ ਕਿ ਧਰਮ ਕੋਲ਼ ਸੁਰ ਲੈਅ ਤਾਲ ਕੁਦਰਤੀ ਹੈ ਜੋ ਇਹਦੇ ਗੀਤਾਂ ਨੂੰ ਹੋਰ ਸੁਣਨਯੋਗ ਬਣਾਉਂਦੇ ਹਨ। ਸਮਾਗਮ ਦੇ ਆਖ਼ਰ ਵਿੱਚ ਫਾਉਂਡੇਸ਼ਨ ਦੇ ਪ੍ਰਧਾਨ ਡਾ. ਕੁਲਪਿੰਦਰ ਸ਼ਰਮਾ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉਹਨਾਂ ਅਗਾਂਹ ਕਿਹਾ ਕਿ ਜਲਦੀ ਹੀ ਉਹਨਾਂ ਦੇ ਮੰਚ ਵੱਲੋਂ ਗੀਤਕਾਰੀ ਬਾਰੇ ਇਕ ਵੱਡਾ ਸੈਮੀਨਾਰ ਕਰਵਾਇਆ ਜਾਵੇਗਾ। ਮੰਚ ਸੰਚਾਲਨ ਫਾਉਂਡੇਸ਼ਨ ਦੇ ਜਨਰਲ ਸਕੱਤਰ, ਲੇਖਕ ਜਗਦੀਪ ਸਿੱਧੂ ਨੇ ਕੀਤਾ। ਇਸ ਸਮਾਰੋਹ ਵਿੱਚ  ਪਰਵਾਸੀ ਸ਼ਾਇਰ ਗੁਰਦੇਵ ਚੌਹਾਨ, ਪਾਲ ਅਜਨਬੀ, ਗੁਰਦੀਪ ਸਿੰਘ, ਮੰਦਰ ਗਿੱਲ, ਪਿਆਰਾ ਸਿੰਘ ਰਾਹੀ, ਜਸਵਿੰਦਰ ਕਾਈਨੌਰ, ਲਾਭ ਸਿੰਘ ਲਹਿਲੀ, ਧਰਮਿੰਦਰ ਸੇਖੋਂ, ਧਿਆਨ ਸਿੰਘ ਕਾਹਲੋਂ, ਲਕਸ਼ਮੀ ਸਿੱਧੂ, ਗਾਇਕ ਪਵਨਦੀਪ, ਭੁਪਿੰਦਰ ਮਲਿਕ, ਹਜ਼ਾਰਾ ਸਿੰਘ ਚੀਮਾ ਹੋਰਾਂ ਨੇ ਸ਼ਿਰਕਤ ਕੀਤੀ।

Leave a Reply

Your email address will not be published. Required fields are marked *