ਚੰਡੀਗੜ 10 ਮਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਪਿਛਲੇ ਕਈ ਦਿਨਾਂ ਤੋਂ ਭਾਰਤ ਵਿੱਚ ਲੜਾਈ ਨੂੰ ਲੈ ਕੇ ਜਿੱਥੇ ਲੋਕਾਂ ਵਿੱਚ ਸਹਿਮ ਸੀ, ਉੱਥੇ ਹੀ ਭਾਰਤ ਅਤੇ ਪਾਕਿਸਤਾਨ ਵਿੱਚ ਤਣਾਅ ਵੀ ਵਧਦਾ ਜਾ ਰਿਹਾ ਸੀ। ਅੱਜ ਜਿਵੇਂ ਹੀ ਭਾਰਤ ਅਤੇ ਪਾਕਿਸਤਾਨ ਦੀ ਲੜਾਈ ਦੇ ਬੰਦ ਹੋਣ ਦੀ ਖਬਰ ਲੋਕਾਂ ਨੂੰ ਮਿਲੀ ਤਾਂ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਇਲਾਕੇ ਦੇ ਆਗੂਆਂ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਇਸ ਮੌਕੇ ਗੱਲ ਕਰਦਿਆਂ ਖੇਡ ਪ੍ਰਮੋਟਰ ਪਹਿਲਵਾਨ ਰਵੀ ਸ਼ਰਮਾ ਮੁੱਲਾਪੁਰ, ਭਾਜਪਾ ਆਗੂ ਜੈਮਲ ਸਿੰਘ ਮਾਜਰੀ, ਬਲਾਕ ਨੰਬਰਦਾਰ ਐਸੋਸੀਏਸ਼ਨ ਦੇ ਪ੍ਰਧਾਨ ਰਾਜਕੁਮਾਰ ਸਿਆਲਬਾ ,ਸਾਬਕਾ ਸਰਪੰਚ ਗੁਰਿੰਦਰ ਸਿੰਘ ਖਿਜਰਾਬਾਦ, ਕਿਸਾਨ ਆਗੂ ਸੁਖਦੇਵ ਸਿੰਘ ਸੁੱਖਾ ਕੇਸਾਲਾ ਅਤੇ ਸਮਾਜ ਸੇਵੀ ਬਲਜਿੰਦਰ ਸਿੰਘ ਪੁਰੀ ਨੇ ਕਿਹਾ ਕਿ ਜੰਗ ਭਾਵੇਂ ਪਰਿਵਾਰ ਦੀ ਹੋਵੇ, ਭਾਵੇਂ ਪਿੰਡ ਸ਼ਹਿਰ ਜਾਂ ਸਟੇਟ ਦੀ ਹੋਵੇ ਜਾਂ ਫਿਰ ਦੇਸ਼ ਦੀ ਹੋਵੇ ਜੰਗਾਂ ਹਮੇਸ਼ਾ ਹੀ ਬਰਬਾਦੀ ਦੇ ਰਸਤੇ ਤੋਰਦੀਆਂ ਹਨ।
ਇਹਨਾਂ ਕਿਹਾ ਕਿ ਕੁਝ ਦਿਨ ਦੀ ਜੰਗ ਦੇਸ਼ ਨੂੰ ਕਈ ਸਾਲ ਪਿੱਛੇ ਲੈ ਜਾਂਦੀ ਹੈ। ਇਨ੍ਹਾਂ ਆਗੂਆਂ ਨੇ ਕਿਹਾ ਬੇਸ਼ੱਕ ਦੋਵੇਂ ਦੇਸ਼ ਪਰਮਾਣੂ ਸ਼ਕਤੀਆਂ ਹਨ, ਪਰ ਉਸ ਤੋਂ ਪਹਿਲਾਂ ਆਮ ਜਨਤਾ ਦੀਆਂ ਜਾਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਪਿਛਲੇ ਕਈ ਦਿਨਾਂ ਤੋਂ ਦੇਸ਼ ਦੇ ਲੋਕ ਡਰ ਦੇ ਸਾਏ ਹੇਠ ਜੀ ਰਹੇ ਸਨ, ਕਿਉਂਕਿ ਕੋਈ ਵੀ ਗੋਲਾ – ਬੰਬ ਕੋਈ ਜਾਤ ਜਾਂ ਧਰਮ ਪੁੱਛ ਕੇ ਵਾਰ ਨਹੀਂ ਕਰਦਾ। ਲੜਾਈਆਂ ਵਿੱਚ ਜਿਨ੍ਹਾਂ ਦੇ ਪਰਿਵਾਰ ਦੇ ਜੀਅ ਚਲੇ ਜਾਂਦੇ ਹਨ। ਅਸਲੀ ਦਰਦ ਨੂੰ ਉਹੀ ਸਮਝਦੇ ਹਨ। ਆਗੂਆਂ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਭਾਈਚਾਰਕ ਸਾਂਝ ਬਹੁਤ ਵੱਡੀ ਹੈ, ਬੇਸ਼ੱਕ ਕੁਝ ਕਾਲੀਆਂ ਭੇਡਾਂ ਦੇਸ਼ ਵਿੱਚ ਆਸ਼ਾਂਤੀ ਫੈਲਾਉਣ ਦੀਆਂ ਕੋਝੀਆਂ ਹਰਕਤਾਂ ਕਰਦੀਆਂ ਹਨ। ਪਰ ਦੇਸ਼ ਦੇ ਲੋਕਾਂ ਦਾ ਜਜ਼ਬਾ ਅਤੇ ਪਿਆਰ ਹਮੇਸ਼ਾ ਬਰਕਰਾਰ ਰਹਿਣਾ ਚਾਹੀਦਾ ਹੈ। ਜੇਕਰ ਸਾਡਾ ਸਾਰਿਆਂ ਦਾ ਪਿਆਰ ਬਰਕਰਾਰ ਰਹੇਗਾ ਤਾਂ ਕਿਸੇ ਵੀ ਮੁਸੀਬਤ ਨੂੰ ਸੌਖਿਆ ਜਰ ਅਤੇ ਸਹਾਰ ਸਕਦੇ ਹਾਂ। ਇਹਨਾਂ ਆਗੂਆਂ ਨੇ ਲੋਕਾਂ ਨੂੰ ਵੀ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

