www.sursaanjh.com > ਅੰਤਰਰਾਸ਼ਟਰੀ > ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਜੰਗ ਵਿਰੋਧੀ ਅਮਨ ਮਾਰਚਾਂ ‘ਚ ਸ਼ਮੂਲੀਅਤ ਦਾ ਸੱਦਾ

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਜੰਗ ਵਿਰੋਧੀ ਅਮਨ ਮਾਰਚਾਂ ‘ਚ ਸ਼ਮੂਲੀਅਤ ਦਾ ਸੱਦਾ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 13 ਮਈ:
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਭਾਰਤ-ਪਾਕਿਸਤਾਨ ਵਿਚਕਾਰ ਜੰਗਬੰਦੀ ਦੇ ਤਾਜ਼ਾ ਫ਼ੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਅਮਨ ਪਸੰਦ ਲੋਕਾਂ ਲਈ ਰਾਹਤ ਭਰਿਆ ਕਦਮ ਕਰਾਰ ਦਿੱਤਾ ਹੈ। ਸਭਾ ਮੁਤਾਬਕ, ਇਹ ਫ਼ੈਸਲਾ ਦੋਵਾਂ ਮੁਲਕਾਂ ਵਿਚਕਾਰ ਦੋਸਤੀ, ਭਾਈਚਾਰਾ ਅਤੇ ਵਿਸ਼ਵ ਸ਼ਾਂਤੀ ਨੂੰ ਮਜ਼ਬੂਤ ਕਰੇਗਾ। ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਕੁਹਾੜ ਅਤੇ ਦਫਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਸਾਂਝੇ ਬਿਆਨ ‘ਚ ਕਿਹਾ ਕਿ ਅਮਨ ਪਸੰਦ ਲੋਕ ਸਦਾ ਜੰਗ ਦੇ ਖ਼ਿਲਾਫ਼ ਅਤੇ ਸਦਭਾਵਨਾ ਦੇ ਹੱਕ ‘ਚ ਰਹੇ ਹਨ। ਇਸ ਫ਼ੈਸਲੇ ਨੇ ਸ਼ਾਂਤੀ ਦੇ ਸੁਨੇਹੇ ਨੂੰ ਹੋਰ ਬੁਲੰਦ ਕੀਤਾ ਹੈ।
ਸਭਾ ਨੇ ਲੇਖਕ ਭਾਈਚਾਰੇ, ਸਾਹਿਤਕ ਸੰਸਥਾਵਾਂ, ਬੁੱਧੀਜੀਵੀਆਂ ਅਤੇ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਸੰਯੁਕਤ ਕਿਸਾਨ ਮੋਰਚੇ ਵੱਲੋਂ 14 ਮਈ ਨੂੰ ਪੰਜਾਬ ਦੇ ਜ਼ਿਲ੍ਹਾ ਕੇਂਦਰਾਂ ‘ਚ ਹੋਣ ਵਾਲੇ ਅਮਨ ਮਾਰਚਾਂ ‘ਚ ਵੱਧ-ਚੜ੍ਹ ਕੇ ਹਿੱਸਾ ਲੈਣ। ਨਾਲ ਹੀ, ਆਪਣੇ ਇਲਾਕਿਆਂ ‘ਚ ਵੀ ਅਮਨ ਮੀਟਿੰਗਾਂ, ਸਮਾਗਮ ਅਤੇ ਵਿਚਾਰ-ਚਰਚਾਵਾਂ ਰਾਹੀਂ ਸ਼ਾਂਤੀ ਦਾ ਸੁਨੇਹਾ ਘਰ-ਘਰ ਪਹੁੰਚਾਉਣ। ਕੇਂਦਰੀ ਪੰਜਾਬੀ ਲੇਖਕ ਸਭਾ ਨੇ ਕਿਹਾ ਕਿ ਜੰਗ ਦੀ ਤਬਾਹੀ ਸਭ ਨੇ ਦੇਖੀ ਹੈ। ਅਜਿਹੇ ‘ਚ ਸਾਨੂੰ ਮਿਲ ਕੇ ਅਮਨ, ਸ਼ਾਂਤੀ ਅਤੇ ਭਾਈਚਾਰੇ ਲਈ ਕੰਮ ਕਰਨਾ ਚਾਹੀਦਾ ਹੈ। ਆਓ, ਇਸ ਮੌਕੇ ‘ਤੇ ਜੰਗ ਵਿਰੋਧੀ ਅਤੇ ਵਿਸ਼ਵ ਸ਼ਾਂਤੀ ਦੇ ਸੁਨੇਹੇ ਨੂੰ ਮਜ਼ਬੂਤ ਕਰੀਏ।
ਜਾਰੀ ਕਰਤਾ: ਸੁਸ਼ੀਲ ਦੁਸਾਂਝ, ਜਨਰਲ ਸਕੱਤਰ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.)

Leave a Reply

Your email address will not be published. Required fields are marked *