ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਮਈ:


ਸਵਪਨ ਫਾਊਂਡੇਸ਼ਨ, ਪਟਿਆਲਾ ਵੱਲੋਂ ਅੱਜ ਪ੍ਰੈੱਸ ਕਲੱਬ ਸੈਕਟਰ 27 ਚੰਡੀਗੜ੍ਹ ਵਿਖੇ ਉੱਘੀ ਪਰਵਾਸੀ ਸ਼ਾਇਰਾ ਡਾ. ਕੁਲਦੀਪ ਗਿੱਲ ਹੋਰਾਂ ਦੀ ਕਾਵਿ-ਕਿਤਾਬ ‘ਅਧੂਰੀ ਕੈਨਵਸ’ ‘ਤੇ ਵਿਚਾਰ ਚਰਚਾ ਕਰਵਾਈ ਗਈ। ਸਭ ਤੋਂ ਪਹਿਲਾਂ ਸ਼ਾਇਰਾ ਵੱਲੋਂ ਆਪਣੀਆਂ ਕਵਿਤਾਵਾਂ ਦਾ ਪਾਠ ਕੀਤਾ ਗਿਆ। ਇਸ ਉ੍ਪਰੰਤ ਵਿਚਾਰ ਚਰਚਾ ਦਾ ਆਗਾਜ਼ ਕਰਦੇ ਹੋਏ ਪ੍ਰੋ. ਅਤੈ ਸਿੰਘ ਨੇ ਕਿਹਾ ਕਿ ਇਸ ਕਿਤਾਬ ਦੀਆਂ ਕਵਿਤਾਵਾਂ ਵਿੱਚ ‘ਸੁਪਨਾ’ ਬਿੰਬ ਦੇ ਤੌਰ ‘ਤੇ ਵਾਰ ਵਾਰ ਆਉਂਦਾ ਹੈ ਪਰ ਹਰ ਕਵਿਤਾ ਵਿਚ ਉਸ ਦਾ ਪ੍ਰਸੰਗ ਬਦਲਦਾ ਰਹਿੰਦਾ ਹੈ। ਉਹਨਾਂ ਅੱਗੇ ਕਿਹਾ ਕਿ ਇਹ ਕਵਿਤਾ ਵਿਚਾਰ ਦੇ ਪੱਧਰ ‘ਤੇ ਚੱਲਦੀ ਹੈ, ਵਿਹਾਰ ਦੇ ਪੱਧਰ ‘ਤੇ ਨਹੀਂ; ਇਹਨਾਂ ਕਵਿਤਾਵਾਂ ਵਿੱਚ ਤਰਲਤਾ ਹੈ। ਇਸ ਤੋਂ ਬਾਅਦ ਸ਼ਾਇਰ ਹਰਵਿੰਦਰ ਸਿੰਘ ਵੱਲੋਂ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਕਿਤਾਬ ਦਾ ਵਿਲੱਖਣ ਟਾਈਟਲ ਹੀ ਕਿਤਾਬ ਦੇ ਵਿਸ਼ਾ ਵਸਤੂ ਦੀ ਦੱਸ ਪਾਉਂਦਾ ਹੈ। ਉਹਨਾਂ ਅਗਾਂਹ ਕਿਹਾ ਕਿ ਕਵਿਤਾ ਵਿੱਚ ਨਿੱਜ ਤੋਂ ਪਰ ਤਕ ਦੀ ਗੱਲ ਹੈ। ਉਹਨਾਂ ਨੇ ਕੁਝ ਪਰੂਫ ਦੀਆਂ ਗ਼ਲਤੀਆਂ ਵੱਲ ਵੀ ਧਿਆਨ ਦਵਾਇਆ। ਸਮਾਗਮ ਦੇ ਅਗਲੇ ਦੌਰ ਵਿੱਚ ਉੱਘੇ ਸ਼ਾਇਰ ਤੇ ਵਾਰਤਕਕਾਰ ਗੁਰਦੇਵ ਚੌਹਾਨ ਹੋਰਾਂ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਕਵਿਤਾ ਵਿੱਚ ਅਤੀਤ ਭਾਰੂ ਹੈ। ਉਹਨਾਂ ਅਗਾਂਹ ਕਿਹਾ ਕਿ ਕਵਿਤਾ ਮੈਂ ਤੇ ਤੂੰ ਵਿਚਕਾਰ ਵਿਚਰਦੀ ਹੈ।
ਚਰਚਾ ਵਿੱਚ ਆਪਣੀ ਹਿੱਸੇਦਾਰੀ ਪਾਉਂਦੇ ਹੋਏ ਪੰਜਾਬ ਯੂਨੀਵਰਸਿਟੀ ਤੋਂ ਉਂਘੇ ਆਲੋਚਕ ਡਾ. ਪ੍ਰਵੀਨ ਕੁਮਾਰ ਨੇ ਕਿਹਾ ਕਿ ਇਹ ਦਰਸ਼ਨ ਦੀ ਕਵਿਤਾ ਹੈ। ਇਹ ਸੈਲਫ ਤੇ ਅਦਰ ਦੇ ਵਿਚਕਾਰਲੀ ਕਵਿਤਾ ਹੈ ਤੇ ਸੈਲਫ ਤੇ ਅਦਰ ਦੀ ਇਕ ਪੋਜੀਸ਼ਨ ਹੁੰਦੀ ਹੈ। ਉਹਨਾਂ ਅਗਾਂਹ ਕਿਹਾ ਕਿ ਇਹ ਹੋਂਦ ਦੀ ਤਲਾਸ਼ ਦੀ ਕਵਿਤਾ ਹੈ। ਉੱਘੇ ਆਲੋਚਕ ਡਾ. ਲਾਭ ਸਿੰਘ ਖੀਵਾ ਨੇ ਆਪਣੀ ਵਾਰੀ ਸਮੇਂ ਕਿਹਾ ‘ਅਧੂਰੀ ਕੈਨਵਸ’ ਦੀ ਕਵਿਤਾ ਵਿੱਚ 39 ਸਾਲ ਪੁਰਾਣੇ ਅਨੁਭਵ ਨੇ ਅਤੇ ਆਉਣ ਵਾਲ਼ੇ ਸਮੇਂ ਵਿੱਚ ਦੇਖਣਾ ਹੋਵੇਗਾ ਕਿ ਸ਼ਾਇਰਾ ਦੀ ਹੁਣ ਦੀ ਕਵਿਤਾ ਵਿੱਚ ਬਾਹਰਲੇ, ਵਿਦੇਸ਼ੀ ਅਨੁਭਵ ਕਿਸ ਤਰ੍ਹਾਂ ਉਜਾਗਰ ਹੁੰਦੇ ਨੇ। ਉਹਨਾਂ ਨੇ ਕਵਿਤਾ ਦੀਆਂ ਤੈਹਾਂ ਤੇ ਉਸਦੇ ਸ਼ਿਲਪ ਬਾਰੇ ਵੀ ਵਿਸਥਾਰ ਸਹਿਤ ਗੱਲ ਕੀਤੀ।
ਸਮਾਗਮ ਦੇ ਆਖ਼ਰ ਵਿੱਚ ਅੱਜ ਦੀ ਚਰਚਾ ਦਾ ਪ੍ਰਧਾਨਗੀ ਭਾਸ਼ਨ ਦਿੰਦੇ ਹੋਏ ਉੱਘੇ ਲੇਖਕ, ਆਲੋਚਕ ਡਾ. ਮਨਮੋਹਨ ਹੋਰਾਂ ਨੇ ਪਹਿਲਾਂ ਕਵਿਤਾ ਬਾਰੇ ਬੋਲਦਿਆਂ ਕਿਹਾ ਕਿ ਕਾਵਿ ਸਹਿਜ ਹੀ ਕਵਿਤਾ ਸਿਰਜਣ ਹੈ; ਕਵੀ, ਕਵਿਤਾ ਲਿਖਦਾ ਨਹੀਂ ਸਗੋਂ ਉਸ ਕੋਲ਼ੋਂ ਉਦਘਾਟਿਤ ਹੁੰਦੀ ਹੈ। ਉਹਨਾਂ ਨੇ ਅੱਜ ਦੀ ਵਿਚਾਰ ਚਰਚਾ ਨੂੰ ਸਾਰਥਿਕ ਦੱਸਿਆ। ਉਹਨਾਂ ਸੰਗ੍ਰਹਿ ਦੀਆਂ ਕਵਿਤਾਵਾਂ ਬਾਰੇ ਕਿਹਾ ਕਿ ਇਹ ਸਵੈ ਨਾਲ ਸੰਵਾਦ ਵਾਲ਼ੀਆਂ ਕਵਿਤਾਵਾਂ ਹਨ ਅਤੇ ਇਸ ਵਿੱਚ ਅਸੀਂ ਵੀ ਹਾਜ਼ਰ ਹੁੰਦੇ ਹਾਂ। ਇਸ ਸਮਾਗਮ ਦਾ ਸੰਚਾਲਨ ਸ਼ਾਇਰ ਤੇ ਵਾਰਤਕਕਾਰ ਜਗਦੀਪ ਸਿੱਧੂ ਨੇ ਬਾਖ਼ੂਬੀ ਕੀਤਾ। ਸਮਾਰੋਹ ਵਿੱਚ ਉੱਘੇ ਕਵੀ, ਕਹਾਣੀਕਾਰ ਗੁਲ ਚੌਹਾਨ, ਉੱਘੇ ਬਾਲ ਸਾਹਿਤਕਾਰ ਤੇ ਪੱਤਰਕਾਰ ਹਰਦੇਵ ਚੌਹਾਨ, ਕਹਾਣੀਕਾਰ ਬਲੀਜੀਤ, ਸ਼ਾਇਰ ਸੁਰਜੀਤ ਸੁਮਨ, ਪਾਲ ਅਜਨਬੀ, ਨਾਟਕਕਾਰ ਸੰਜੀਵਨ ਸਿੰਘ, ਜੰਗ ਬਹਾਦੁਰ ਗੋਇਲ, ਭੁਪਿੰਦਰ ਮਲਿਕ, ਸਾਹਿਤ ਚਿੰਤਨ ਵੱਲੋਂ ਸਰਦਾਰਾ ਸਿੰਘ ਚੀਮਾ, ਗੁਰਦੀਪ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ।

