ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 20 ਮਈ:
ਪੰਜਾਬੀ ਸਾਹਿਤ ਸਭਾ (ਰਜਿ .),ਮੁਹਾਲੀ ਦੀ ਮਈ ਮਹੀਨੇ, 2025 ਦੀ ਮਾਸਿਕ ਇਕੱਤਰਤਾ ਨਗਰ ਨਿਗਮ ਦੀ ਪਬਲਿਕ ਲਾਇਬ੍ਰੇਰੀ ਸੈਕਟਰ 69 ਮੁਹਾਲੀ ਵਿਖੇ ਪ੍ਰੋ. ਨਿਰਮਲ ਸਿੰਘ ਬਾਸੀ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਅਰੰਭ ਵਿਚ ਸ਼੍ਰੀ ਬਲਕਾਰ ਸਿੰਘ ਸਿੱਧੂ ਦਾ ਵਿਸ਼ੇਸ਼ ਵਿਖਿਆਨ ‘ਭਾਰਤ-ਪਾਕਿ ਜੰਗ, ਅਮਨ ਦੀ ਵਿਸ਼ੇਸ਼ ਲੋੜ’ ਵਿਸ਼ੇ ‘ਤੇ ਅਧਾਰਿਤ ਸੀ।


ਸ਼੍ਰੀ ਬਲਕਾਰ ਸਿੰਘ ਸਿੱਧੂ, ਵਿਖਿਆਤ ਚਿੰਤਕ, ਰੰਗ ਕਰਮੀ, ਭੰਗੜਾ ਮਾਹਿਰ ਤੇ ਚੰਡੀਗੜ੍ਹ ਇਪਟਾ ਦੇ ਪ੍ਰਧਾਨ ਹਨ। ਉਨ੍ਹਾਂ 1947 ਦੀ ਦੇਸ਼ ਵੰਡ ਤੋਂ ਲੈਕੇ 1979 ਤੋਂ 1989 ਵਿੱਚ ਅਫ਼ਗ਼ਾਨਿਸਤਾਨ ਵਿੱਚ ਅਮਰੀਕਾ ਦੁਆਰਾ ਰੂਸ ਖਿਲਾਫ ਖੜ੍ਹੇ ਕੀਤੇ ਅੱਤਵਾਦੀ ਗ੍ਰੌਹਾਂ ਅਤੇ ਕਸ਼ਮੀਰ ਮੁੱਦੇ ਦੇ ਪੇਟੇ ਵਿਚ ਬੰਗਲਾ ਦੇਸ਼ ਘਟਨਾਕ੍ਰਮ ਦਾ ਵਿਸਥਾਰ ਵਿਚ ਜ਼ਿਕਰ ਕਰਦਿਆਂ ਬੀਤੇ ਦਿਨੀਂ ਹੋਈ ਭਾਰਤ-ਪਾਕਿ ਲੜਾਈ ਦੇ ਪਿਛੋਕੜ ‘ਤੇ ਚਾਨਣਾ ਪਾਉਂਦਿਆਂ ਅਜੋਕੇ ਨਾਜ਼ੁਕ ਦੌਰ ਵਿਚ ਅਮਨ-ਸਾ਼ਤੀ ਦੀ ਲੋੜ ਨੂੰ ਵਿਸ਼ੇਸ਼ ਤੌਰ ‘ਤੇ ਉਭਾਰਿਆ।
ਉਨ੍ਹਾਂ ਨਾਲ ਕੀਤੇ ਸਵਾਲਾਂ ਵਿੱਚ ਕੁਝ ਸਵਾਲ-ਕਰਤਾਵਾਂ ਨੇ ਗੁੱਝੇ ਤੌਰ ‘ਤੇ ਸਰਕਾਰ ਵੱਲੋਂ ਆਪੂ ਸਿਰਜਿਆ ਗਿਆ ਨੈਰੇਟਿਵ ਵੀ ਉਭਾਰਿਆ, ਜਿਸ ਨੂੰ ਤਰਕ-ਸੰਗਤੀ ਨਾਲ ਰੱਦ ਕੀਤਾ ਗਿਆ। ਅਜੌਕੇ ਨਾਜ਼ੁਕ ਦੌਰ ਵਿਚ ਅਜਿਹਾ ਡਾਇਲਾਗ ਦੇਸ਼ ਕੌਮ ਤੇ ਲੋਕਾਂ ਵਿਚ ਸਾਂਝੀਵਾਲਤਾ, ਭਰਾਤਰੀ ਭਾਵ ਤੇ ਪਿਆਰ ਪੈਦਾ ਕਰਦਾ ਹੈ, ਵਿਸ਼ੇਸ਼ ਤੌਰ ‘ਤੇ ਸਾਡੀਆਂ ਸੈਨਾਵਾਂ ਦੇ ਇਸ ਸੰਘਰਸ਼ ਵਿੱਚ ਪਾਏ ਵੱਡੇ ਯੋਗਦਾਨ ਕਾਰਨ ਧੰਨਵਾਦ ਕੀਤਾ ਗਿਆ।
ਅਗਲੇਰੇ ਦੌਰ ਵਿਚ ਹਾਜ਼ਰ ਕਵੀਆਂ ਸਰਵਸ੍ਰੀ ਭੁਪਿੰਦਰ ਮਟੌਰਵਾਲਾ, ਹਰਿੰਦਰ ਸਿੰਘ ਹਰ, ਗੁਰਮੇਲ ਸਿੰਘ ਮੌਜੇਵਾਲ, ਐਡਵੋਕੇਟ ਪ੍ਰਮਿੰਦਰ ਸਿੰਘ ਗਿੱਲ, ਅਸ਼ੋਕ ਨਾਦਰ, ਅਮਰਜੀਤ ਸਿੰਘ ਸੁਖਗੜ, ਧਿਆਨ ਸਿੰਘ ਕਾਹਲੋ, ਸਿਰੀ ਰਾਮ ਅਰਸ਼, ਤਰਸੇਮ ਸਿੰਘ ਮੂਰਖ-ਅਣਜਾਣ, ਰਘਬੀਰ ਸਿੰਘ ਭੁੱਲਰ, ਅੰਸ਼ਕੂਰ ਮਹੇਸ਼, ਮਹਿੰਦਰ ਸਿੰਘ ਗੋਸਲ, ਰਤਨ ਬਾਬਨਵਾਲਾ ਨੇ ਅਮਨ-ਸਾ਼ਤੀ ਦੇ ਵਰਤਾਰੇ ਬਾਰੇ ਆਪਣੇ ਕਲਾਮ ਸਾਂਝੇ ਕੀਤੇ। ਆਖਿਰ ਵਿੱਚ ਪ੍ਰੋ. ਨਿਰਮਲ ਸਿੰਘ ਬਾਸੀ ਨੇ ਸਮੁੱਚੇ ਪ੍ਰੋਗਰਾਮ ‘ਤੇ ਤਪਸਰਾ ਪੇਸ਼ ਕਰਦਿਆਂ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ।
ਇੰਦਰਜੀਤ ਸਿੰਘ ਜਾਵਾ, ਪ੍ਰੈੱਸ ਸਕੱਤਰ।

