ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 2 ਜੂਨ:


ਪੰਜਾਬ ਸਿਵਲ ਸਕੱਤਰੇਤ ਵਿੱਚ ਸਿਹਤ ਮੰਤਰੀ ਨਾਲ ਤੈਨਾਤ ਨਿੱਜੀ ਸਹਾਇਕ ਮਲਕੀਤ ਸਿੰਘ ਔਜਲਾ ਅਤੇ ਨਿੱਜੀ ਸਹਾਇਕ ਕੁਲਵੰਤ ਸਿੰਘ ਨੂੰ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਬਤੌਰ ਨਿੱਜੀ ਸਕੱਤਰ ਪਦ ਉੱਨਤ ਕੀਤਾ ਗਿਆ ਹੈ। ਚੰਡੀਗੜ ਦੇ ਨੇੜਲੇ ਪਿੰਡ ਮੁੱਲਾਂਪੁਰ ਗਰੀਬਦਾਸ ਦੇ ਜੰਮਪਲ ਮਲਕੀਤ ਔਜਲਾ ਨੇ ਸਾਲ 1995 ਦੌਰਾਨ ਪੰਜਾਬ ਸਿਵਲ ਸਕੱਤਰੇਤ ਵਿੱਚ ਸਟੈਨੋਟਾਈਪਿਸਟ ਵਜੋਂ ਡਿਊਟੀ ਜੁਆਇੰਨ ਕੀਤੀ ਸੀ ਅਤੇ ਓਦੋਂ ਤੋਂ ਲੈ ਕੇ ਹੁਣ ਤੱਕ ਓਹ 9 ਮੰਤਰੀਆਂ ਦੇ ਦਫਤਰ ਵਿੱਚ ਕੰਮ ਕਰ ਚੁੱਕੇ ਹਨ, ਜਿਨਾਂ ਵਿੱਚ ਸਰਵਸ੍ਰੀ ਹਰਨੇਕ ਸਿੰਘ ਮਾਂਗੇਵਾਲ, ਜਸਜੀਤ ਸਿੰਘ ਰੰਧਾਵਾ, ਸ਼ੇਰ ਸਿੰਘ ਗਾਗੋਵਾਲ, ਪ੍ਰਕਾਸ਼ ਸਿੰਘ ਮਜੀਠਾ, ਰਾਜਾ ਨਰਿੰਦਰ ਸਿੰਘ, ਡਾ. ਉਪਿੰਦਰਜੀਤ ਕੌਰ, ਬ੍ਰਹਮ ਮਹਿੰਦਰਾ, ਡਾ.ਵਿਜੇ ਸਿੰਗਲਾ ਅਤੇ ਡਾ. ਬਲਬੀਰ ਸਿੰਘ ਸ਼ਾਮਿਲ ਹਨ। ਉਨਾਂ ਪੰਜਾਬ ਰਾਜ ਭਵਨ ਵਿੱਚ ਸਮੇਂ ਸਮੇਂ ਮਾਣਯੋਗ ਰਾਜਪਾਲ, ਜਨਰਲ ਰੋਡਰਿਗਜ਼ ਅਤੇ ਸ਼ਿਵਰਾਜ ਪਾਟਿਲ ਦੇ ਕਾਰਜਕਾਲ ਦੌਰਾਨ ਸੀਨੀਅਰ ਸਕੇਲ ਸਟੈਨੀਗ੍ਰਾਫਰ ਵਜੋਂ ਸੇਵਾਵਾਂ ਨਿਭਾਈਆਂ ਅਤੇ ਆਪਣੀ ਡਿਊਟੀ ਦੇ ਨਾਲ ਕੇਅਰਟੇਕਰ ਦਾ ਵਾਧੂ ਚਾਰਜ ਸੰਭਾਲ ਕੇ ਨਿੱਜੀ ਅਮਲਾ ਕਾਡਰ ਵਿੱਚ ਨਵਾਂ ਇਤਹਾਸ ਸਿਰਜਿਆ। ਇਸ ਤੋਂ ਇਲਾਵਾ ਉਨਾਂ ਮੁੱਖ ਮੰਤਰੀ ਦਫ਼ਤਰ ਵਿੱਚ ਅਤੇ ਸਕੱਤਰੇਤ ਦੇ ਕਈ ਉੱਚ ਅਧਿਕਾਰੀਆਂ ਨਾਲ ਵੀ ਕੰਮ ਕੀਤਾ।
ਜ਼ਿਕਰਯੋਗ ਹੈ ਕਿ ਮਲਕੀਤ ਔਜਲਾ, ਪੰਜਾਬੀ ਸਭਿਆਚਾਰ ਅਤੇ ਸਾਹਿਤਕਾਰੀ ਨਾਲ ਵੀ ਜੁੜੇ ਹੋਏ ਹਨ। ਉਨਾਂ ਪੰਜਾਬੀ ਦੀਆਂ ਕਈ ਕਿਤਾਬਾਂ ਲਿਖੀਆਂ, ਜਿਨਾਂ ਵਿੱਚ ਗਾਇਕ ਸੁਰਜੀਤ ਬਿੰਦਰਖੀਏ ਦੀ ਜੀਵਨੀ, ਕਾਵਿਕ ਲਕੀਰਾਂ ਅਤੇ ਚੰਡੀਗੜ ਦੇ ਉਜੜੇ ਪਿੰਡਾਂ ਦੀ ਦਾਸਤਾਨ ਵਰਨਣਯੋਗ ਹਨ। ਉਹਨਾਂ ਦੇ ਲਿਖੇ ਗੀਤ ਪੁਸਤਕਾਂ ਵਿੱਚ ਵੀ ਛਪੇ ਅਤੇ ਗਾਇਕਾਂ ਨੇ ਵੀ ਗਾਏ। ਸਕੱਤਰੇਤ ਵਿੱਚ ਓਹ ਇਸ ਸਮੇਂ ਪਰਸਨਲ ਸਟਾਫ਼ ਐਸੋਸੀਏਸ਼ਨ ਅਤੇ ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਹਨ। ਪੰਜਾਬ ਸਿਵਲ ਸਕੱਤਰੇਤ ਦੇ ਅਧਕਾਰੀਆਂ ਤੇ ਕਰਮਚਾਰੀਆਂ ਨੇ ਮਲਕੀਤ ਔਜਲਾ ਨੂੰ ਨਿੱਜੀ ਸਕੱਤਰ ਵਜੋਂ ਅਹੁਦਾ ਸੰਭਾਲਣ ਤੇ ਵਧਾਈ ਦਿੱਤੀ।
ਇਹ ਵੀ ਜ਼ਿਕਰਯੋਗ ਹੈ ਕਿ ਸਕੱਤਰੇਤ ਪ੍ਰਸ਼ਾਸਨ ਵੱਲੋਂ ਜਾਰੀ ਇਨ੍ਹਾਂ ਹੁਕਮਾਂ ਵਿੱਚ ਹੀ ਨਿੱਜੀ ਸਕੱਤਰ ਵਜੋਂ ਪਦ-ਉਨਤ ਹੋਏ ਲਾਲੜੂ ਮੰਡੀ ਦੇ ਜੰਮਪਲ ਕੁਲਵੰਤ ਸਿੰਘ ਹੁਣ ਉਪ ਸਕੱਤਰ ਗ੍ਰਹਿ ਨਾਲ਼ ਬਤੌਰ ਨਿੱਜੀ ਸਹਾਇਕ ਤੈਨਾਤ ਹਨ। ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਲੰਮਾ ਸਮਾਂ ਮੁੱਖ ਮੰਤਰੀ ਦਫਤਰ ਵਿਖੇ ਕੰਮ ਕਰਨ ਦੇ ਨਾਲ਼ ਨਾਲ਼ ਸੀਨੀਅਰ ਆਏ.ਏ.ਐਸ. ਅਧਿਕਾਰੀਆਂ ਅਤੇ ਮੰਤਰੀਆਂ ਨਾਲ਼ ਵੀ ਸੇਵਾ ਕੀਤੀ।

