www.sursaanjh.com > ਅੰਤਰਰਾਸ਼ਟਰੀ > ਤ੍ਰੈ-ਭਾਸ਼ੀ ਸਾਹਿਤਕ ਮੰਚ ਚੰਡੀਗੜ੍ਹ ਵੱਲੋਂ ਵਣ ਮਹਾਂਉਤਸਵ ਲਈ ਜਾਮਨ ਦਾ ਪੌਦਾ ਲਗਾਇਆ ਗਿਆ

ਤ੍ਰੈ-ਭਾਸ਼ੀ ਸਾਹਿਤਕ ਮੰਚ ਚੰਡੀਗੜ੍ਹ ਵੱਲੋਂ ਵਣ ਮਹਾਂਉਤਸਵ ਲਈ ਜਾਮਨ ਦਾ ਪੌਦਾ ਲਗਾਇਆ ਗਿਆ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 13 ਜੁਲਾਈ:

ਅੱਜ ਤ੍ਰੈ-ਭਾਸ਼ੀ ਸਾਹਿਤਕ ਮੰਚ ਚੰਡੀਗੜ੍ਹ ਵਲੋਂ ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਸੈਕਟਰ 37-ਡੀ, ਚੰਡੀਗੜ੍ਹ ਵਿਖੇ ਵਣ ਮਹਾਂਉਤਸਵ ਦਾ ਸਮਾਗਮ ਕਰਵਾਉਣ ਸਮੇਂ ਇੱਕ ਰੁੱਖ ਸਾਹਿਤ ਦੇ ਨਾਂ ਤੇ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਡਾ. ਰਾਜੀਵ ਕਪਲਾ ਇੰਚਾਰਜ਼ ਆਯੂਰਵੈਦਿਕ ਡਿਸਪੈਂਸਰੀ (ਗੋਲਡ ਮੈਡਲਿਸਟ) ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਸੰਸਥਾ ਦੇ ਚੇਅਰਮੈਨ ਪ੍ਰਿੰ. ਬਹਾਦਰ ਸਿੰਘ ਗੋਸਲ, ਪ੍ਰਧਾਨ ਸ੍ਰੀ ਪ੍ਰੇਮ ਵਿਜ ਸੰਵਾਦ ਸਾਹਿਤ ਮੰਚ ਅਤੇ ਪ੍ਰਧਾਨ ਤ੍ਰੈ ਭਾਸ਼ੀ ਸਾਹਿਤਕ ਮੰਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਰੀ ਲਗਵਾਈ। ਇਸ ਮੌਕੇ ਊਮਾ ਕਾਂਤ ਤਿਵਾੜੀ, ਡਾ. ਗੌਰਵ, ਡਾ. ਅਗਮ, ਡਾ. ਪੂਜਾ, ਤਾਰਾ ਅਰੋੜਾ ਵੀ ਹਾਜ਼ਰ ਸਨ| ਸਾਰੇ ਸਾਹਿਤਕਾਰਾਂ ਨੇ ਸਕੰਲਪ ਕੀਤਾ ਕਿ ਇਸ ਬਰਸਾਤ ਦੇ ਮੌਸਮ ਵਿੱਚ ਘੱਟ ਤੋਂ ਘੱਟ 100 ਰੁੱਖ ਲਗਾਏ ਜਾਣਗੇ ਅਤੇ ਉਹਨਾਂ  ਦੀ ਸਾਂਭ ਸੰਭਾਲ ਸਾਹਿਤਕਾਰਾਂ ਵਲੋਂ ਕੀਤੀ ਜਾਵੇਗੀ।

ਇਸ ਮੌਕੇ ਸੰਸਥਾ ਦੀ ਜਨਰਲ ਸਕੱਤਰ ਡਾ. ਸੰਗੀਤਾ ਸ਼ਰਮਾ ਕੁੰਦਰਾ ਵੀ ਹਾਜ਼ਰ ਸੀ। ਸਮਾਗਮ ਵਿੱਚ ਬੋਲਦਿਆਂ ਮੁੱਖ ਮਹਿਮਾਨ ਡਾ. ਰਾਜੀਵ  ਕਪਲਾ ਨੇ ਦੱਸਿਆ ਕਿ ਰੁੱਖਾਂ ਦੇ ਕਾਰਣ ਇਸ ਡਿਸਪੈਂਸਰੀ ਦਾ ਕੈਂਪਸ ਬਹੁਤ ਹੀ ਸੁਹਾਵਣਾ ਬਣਿਆ ਹੋਇਆ ਹੈ ਅਤੇ ਹਰ ਸਾਲ ਹੀ ਨਵੇਂ ਰੁੱਖ ਲਗਾਏ ਜਾਂਦੇ ਹਨ। ਅੱਜ ਦੇ ਸਮਾਗਮ ਵਿੱਚ ਉਹਨਾਂ ਨੇ ਇੱਕ ਜਾਮਨ ਦਾ ਰੁੱਖ ਲਗਾਇਆ ਅਤੇ ਦੱਸਿਆ ਕਿ ਆਯੂਰਵੈਦਿਕ ਵਿੱਚ ਜਾਮਨ ਦੇ ਫਲ ਦੀ ਬਹੁਤ ਮਹੱਤਤਾ ਹੈ ਜੋ ਸੂਗਰ ਵਰਗੇ ਰੋਗਾਂ ਨੂੰ ਖਤਮ ਕਰਨ ਦੀ ਸਮਰੱਥਾ ਰੱਖਦਾ ਹੈ। ਉਹਨਾਂ ਦੱਸਿਆ ਕਿ ਪਿਛਲੇ ਸਾਲ ਵੀ ਦੋ ਬੂਟੇ ਸੰਜਾਨਾ ਦੇ ਲਗਾਏ ਗਏ ਸਨ ਜੋ ਹੁਣ ਰੁੱਖ ਬਣ ਕੇ ਵਾਤਾਵਰਣ ਨੂੰ ਸ਼ੁੱਧ ਕਰਨਗੇ ਅਤੇ ਆਯੂਰਵੈਦਿਕ ਦਵਾਈਆਂ ਲਈ ਲਾਭ ਦੇਣਗੇ। ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਸ੍ਰੀ ਪ੍ਰੇਮ ਵਿਜ ਜੀ ਨੇ ਡਾ. ਰਾਜੀਵ ਕਪਲਾ ਅਤੇ ਦੂਜੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਆਯੂਰਵੈਦਿਕ ਵਿੱਚ ਦੇਸੀ ਰੁੱਖਾਂ ਦੀ ਬਹੁਤ ਮਹੱਤਤਾ ਹੈ ਅਤੇ ਮਨੁੱਖ ਕਦੇ ਵੀ ਰੁੱਖਾਂ ਦਾ ਦੇਣ ਨਹੀਂ ਦੇ ਸਕਦਾ। ਉਹਨਾਂ  ਨੇ ਸਭ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਆਪਣੇ ਅਤੇ ਆਪਣੇ ਬੱਚਿਆਂ ਦੇ ਜਨਮ ਦਿਨ ਮਨਾਉਣ ਸਮੇਂ ਵਾਧੂ ਖਰਚੇ ਘੱਟ ਕਰਕੇ ਰੁੱਖ ਲਗਾਉਣ ਤਾਂ ਕਿ ਵਾਤਾਵਰਣ ਮਨੁੱਖ ਦੀ ਸਿਹਤ ਦੇ ਅਨੂਕੁਲ ਬਣ ਸਕੇ। ਉਹਨਾਂ ਨੇ ਕਿਹਾ ਕਿ ਮਨੁੱਖ ਦਾ ਜੀਵਨ ਰੁੱਖਾਂ ਤੋਂ ਬਿਨਾਂ ਅਧੂਰਾ ਹੈ। ਡਾ. ਰਾਜੀਵ ਕਪਲਾ ਨੇ ਤ੍ਰੈ ਭਾਸ਼ੀ ਸਾਹਿਤਕ ਮੰਚ ਦੇ ਅਹੁਦੇਦਾਰਾਂ ਦਾ ਇਸ ਸਮਾਗਮ ਲਈ ਧੰਨਵਾਦ ਕੀਤਾ ਕਿ ਉਹਨਾਂ  ਨੇ ਇਸ ਨੇਕ ਅਤੇ ਮਹੱਤਵਪੂਰਣ ਕੰਮ ਲਈ ਸੈਕਟਰ-37 ਦੀ ਆਯੂਰਵੈਦਿਕ ਡਿਸਪੈਂਸਰੀ ਨੂੰ ਚੁਣਿਆ ਅਤੇ ਉਹਨਾਂ ਨੂੰ ਇਸ ਸਮਾਗਮ ਦੇ ਭਾਈਵਾਲ ਹੋਣ ਦਾ ਸਵੱਬ ਪ੍ਰਦਾਨ ਕੀਤਾ। ਅੰਤ ਵਿੱਚ ਸੰਸਥਾ ਦੀ ਜਨਰਲ ਸਕੱਤਰ ਡਾ. ਸੰਗੀਤਾ ਸ਼ਰਮਾ ਕੁੰਦਰਾ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਮੀਦ ਪ੍ਰਗਟ ਕੀਤੀ ਕਿ ਜਲਦੀ ਹੀ ਅੱਜ ਦਾ ਲਗਾਇਆ ਪੌਦਾ ਵੱਡਾ ਰੁੱਖ ਬਣ ਕੇ ਸਮਾਜ ਲਈ ਲਾਭਦਾਇਕ ਬਣੇਗਾ।

ਫੋਟੋ ਕੈਪਸ਼ਨ – ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਸੈਕਟਰ 37 ਡੀ ਚੰਡੀਗੜ੍ਹ ਵਿਖੇ ਤ੍ਰੈ-ਭਾਸ਼ੀ ਸਾਹਿਤਕ ਮੰਚ ਵਲੋਂ ਜਾਮਨ ਦਾ ਪੌਦਾ ਲਗਾਉਣ ਸਮੇਂ ਦਾ ਦ੍ਰਿਸ਼।

Leave a Reply

Your email address will not be published. Required fields are marked *