ਚੰਡੀਗੜ੍ਹ 15 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸਨ, ਚੰਡੀਗੜ੍ਹ ਨਾਲ ਸੰਬਧਤ ਜੰਗਲਾਤ ਦੇ ਫੀਲਡ ਕਾਮਿਆਂ ਦੀ ਇਕੋ-ਇਕ ਸਿਰਮੌੌਰ ਸੰਘਰਸ਼ੀਲ ਜਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ, ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਜਰਨਲ ਸਕੱਤਰ ਜਸਵੀਰ ਸਿੰਘ ਸੀਰਾ ਅਤੇ ਸੂਬਾ ਸਕੱਤਰ ਜਸਵਿੰਦਰ ਸਿੰਘ ਸੌਜਾ ਨੇ ਦੱਸਿਆ ਕਿ ਵਣ ਅਤੇ ਜੰਗਲੀ ਜੀਵ ਵਿਭਾਗ ਵਿਚ ਕੰਮ ਕਰਦੇ ਕਾਮਿਆਂ ਦੀਆ ਮੰਗਾਂ ਸਬੰਧੀ ਵਣ ਮੰਤਰੀ ਅਤੇ ਵਿੱਤ ਮੰਤਰੀ ਜੀ ਨਾਲ ਅਨੇਕਾਂ ਮੀਟਿੰਗਾਂ ਹੋਣ ਦੇ ਬਾਵਜੂਦ ਇਕ ਵੀ ਮੰਗ ਦਾ ਹੱਲ ਨਹੀਂ ਹੋਈਆਂ। ਸੂਬਾ ਚੇਅਰਮੈਨ ਵਿਰਸਾ ਸਿੰਘ ਚਹਿਲ, ਵਿਤ ਸਕੱਤਰ ਅਮਨਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਗੁਰਦਾਸਪੁਰ, ਬਲਵੀਰ ਸਿੰਘ ਤਰਨਤਾਰਨ ਅਤੇ ਸ਼ੇਰ ਸਿੰਘ ਸਰਹਿੰਦ ਨੇ ਪ੍ਰੈੱਸ ਨੂੰ ਬਿਆਨ ਕਰਦਿਆ ਕਿਹਾ ਕਿ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਕਾਮਿਆ ਦਾ ਮੈਡੀਕਲ ਤੇ ਪੁਲਸ ਵੈਰੀਫਿਕੇਸ਼ਨ ਹੋਣ ਦੇ ਬਾਵਜੂਦ ਵੀ ਰੈਗੂਲਰ ਕਰਨ ਵਿੱਚ ਪੰਜਾਬ ਸਰਕਾਰ ਵੱਲੋਂ ਆਨਾ-ਕਾਨੀ ਕੀਤੀ ਜਾ ਰਹੀ ਹੈ ਤੇ ਨਾ ਪਿਛਲੇ ਕਈ ਮਹੀਨਿਆਂ ਤੋਂ ਫੀਲਡ ਕਾਮਿਆਂ ਨੂੰ ਤਨਖਾਹਾਂ ਵੀ ਨਹੀ ਦਿੱਤੀਆਂ ਗਈਆਂ ਹਨ, ਜਿਸ ਕਾਰਨ ਕਾਮਿਆਂ ਵਿੱਚ ਭਾਰੀ ਰੋਸ ਬੇਚੈਨੀ ਪਾਈ ਜਾ ਰਹੀ ਹੈ।
ਇਸ ਲਈ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ 14 ਜੁਲਾਈ ਤੋਂ 18 ਜੁਲਾਈ ਤੱਕ ਪੰਜਾਬ ਦੇ ਸਮੂਹ ਵਣ ਮੰਡਲ ਦਫਤਰਾਂ ਅੱਗੇ ਧਰਨੇ ਦੇਣ ਉਪਰੰਤ ਹੁਣ ਇਨ੍ਹਾਂ ਧਰਨਿਆਂ ਨੂੰ ਬੂਰ ਪੈਣ ਲੱਗਾ ਹੈ, ਕਿਉਂਕਿ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਕੱਚੇ ਕਾਮਿਆਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਲਈ 17 ਜੁਲਾਈ ਨੂੰ ਟਾਈਗਰ ਥੀਏਟਰ, ਸੈਕਟਰ-18 ਚੰਡੀਗੜ੍ਹ ਵਿਖੇ ਸੱਦਿਆ ਗਿਆ ਹੈ। ਸਤਨਾਮ ਸਿੰਘ ਸੰਗਤੀਵਾਲਾ, ਰਵੀ ਕਾਂਤ ਰੋਪੜ, ਬੱਬੂ ਮਾਨਸਾ, ਕੇਵਲ ਗੜਸ਼ੰਕਰ, ਮਲਕੀਤ ਮੁਕਤਸਰ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆ ਕਿਹਾ ਕਿ ਜੰਗਲਾਤ ਵਰਕਰਜ਼ ਯੂਨੀਅਨ, ਪੰਜਾਬ ਉਦੋਂ ਤੱਕ ਸੰਘਰਸ਼ ਦੇ ਮੈਦਾਨ ਵਿੱਚ ਖੜ੍ਹੀ ਰਹੇਗੀ, ਜਦੋਂ ਤੱਕ ਪੰਜਾਬ ਦੀ ਸੂਚੀ ਵਿੱਚ 10 ਸਾਲ ਦੀ ਸਰਵਿਸ ਕਰਦਾ ਇਕ ਇਕ ਕਾਮਾ ਪੱਕਾ ਨਹੀਂ ਹੋ ਜਾਂਦਾ, ਜਥੇਬੰਦੀ ਵੱਲੋਂ ਉਸ ਸਮੇ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।

