ਚੰਡੀਗੜ੍ਹ 19 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਗਾਇਕੀ ਤੋਂ ਸਿਆਸਤ ਵਿਚ ਆਈ ਆਮ ਆਦਮੀ ਪਾਰਟੀ ਦੀ ਖਰੜ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅਨਮੋਲ ਗਗਨ ਮਾਨ ਨੇ ਸਿਆਸਤ ਛੱਡਣ ਦਾ ਐਲਾਨ ਕੀਤਾ ਹੈ। ਕੈਬਨਿਟ ਮੰਤਰੀ ਰਹੀ ਅਨਮੋਲ ਕਈ ਵਾਰ ਆਪਣੇ ਬਿਆਨਾਂ ਕਰਕੇ ਵੀ ਚਰਚਾ ਵਿਚ ਵੀ ਰਹੀ ਹੈ। ਕੈਬਨਿਟ ਵਿਚੋਂ ਵੀ ਮਾਨ ਦੀ ਛੁੱਟੀ ਕੀਤੀ ਗਈ ਸੀ। ਅੱਜ ਜਾਣਕਾਰੀ ਮਿਲੀ ਕਿ ਉਨ੍ਹਾਂ ਨੇ ਵਿਧਾਇਕ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਇਸ ਸਬੰਧੀ ਅਨਮੋਲ ਗਗਨ ਮਾਨ ਨੇ ਖੁਦ ਜਾਣਕਾਰੀ ਦਿੱਤੀ ਹੈ। ਅਨਮੋਲ ਗਗਨ ਮਾਨ ਨੇ ਐਕਸ ‘ਤੇ ਕਿਹਾ ਕਿ, ‘ਦਿਲ ਭਾਰੀ ਹੈ, ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ।’
ਉਨ੍ਹਾਂ ਇਹ ਵੀ ਕਿਹਾ ਕਿ ਮੇਰਾ MLA ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ। ਮੇਰੀਆਂ ਸ਼ੁਭਕਾਮਨਾਵਾਂ ਪਾਰਟੀ ਨਾਲ ਹਨ। ਮੈਨੂੰ ਓਮੀਦ ਹੈ, ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰੇਗੀ। ਦੱਸ ਦਈਏ ਕਿ ਹਲਕੇ ਦੇ ਲੋਕ ਹਲਕੇ ਵਿਚ ਕੰਮ ਨਾ ਹੋਣ ਕਰਕੇ ਮਾਨ ਤੋਂ ਨਾਰਾਜ਼ ਸਨ ਤੇ ਮਾਨ ਹਰ ਵਾਰ ਲੋਕਾਂ ਨੂੰ ਲਾਰੇ ਹੀ ਲਾਉਂਦੀ ਸੀ, ਪਰ ਹਲਕੇ ‘ਚ ਵੱਡਾ ਕੰਮ ਤਾਂ ਕੀ ਛੋਟੇ ਕੰਮ ਵੀ ਨਹੀਂ ਹੋਏ ਤੇ ਨਸ਼ਿਆ ਸਮੇਤ ਰਿਸ਼ਵਤ ‘ਤੇ ਨੱਥ ਵੀ ਨਹੀਂ ਪਈ। ਬੀਤੇ ਦਿਨੀਂ ਅਕਾਲੀ ਦਲ ਦੇ ਹਲਕਾ ਇੰਚਾਰਜ ਰਾਣਾ ਰਣਜੀਤ ਸਿੰਘ ਗਿੱਲ ਨੇ ਵੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ, ਜਿਸ ਨਾਲ਼ ਸ੍ਰੋਮਣੀ ਅਕਾਲੀ ਦਲ ਦੀ ਰਣਨੀਤਕ ਲੜਾਈ ਧੱਕਾ ਲੱਗਣ ਦੀ ਸੰਭਾਵਨਾ ਉੱਭਰ ਆਈ ਹੈ। ਹਲਕੇ ਦੇ ਨਾਲ਼ ਨਾਲ਼ ਪੂਰੇ ਪੰਜਾਬ ਦੀ ਸਿਆਸਤ ਵਿੱਚ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੈ। ਹੋ ਸਕਦਾ ਹੈ ਕਿ ਗਿੱਲ ਹਲਕਾ ਖਰੜ ਤੋ ਉਪ ਚੋਣ ਚੜਨ ਅਤੇ ਵਿਧਾਇਕ ਬਣਕੇ ਹਲਕੇ ਦੀ ਸੇਵਾ ਕਰਨ ਦੇ ਇੱਛੁੱਕ ਹੋਣ। ਸਿਆਸਤ ਵਿਚ ਕੁਝ ਵੀ ਸੰਭਵ ਹੈ, ਜਿਸ ਬਾਰੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਰਣਜੀਤ ਸਿੰਘ ਗਿੱਲ ਅਤੇ ਅਨਮੋਲ ਗਗਨ ਮਾਨ ਦਾ ਭਵਿੱਖ ਹੁਣ ਭਵਿੱਖ ਦੇ ਗਰਭ ਵਿੱਚ ਹੈ। ਆਉਣ ਵਾਲ਼ੇ ਕੁਝ ਦਿਨਾਂ ਵਿੱਚ ਤਸਵੀਰ ਸਾਫ ਹੋਣ ਦੀ ਸੰਭਾਵਨਾ ਹੈ।

