www.sursaanjh.com > ਅੰਤਰਰਾਸ਼ਟਰੀ > ਗ਼ਜ਼ਲ ਸੰਗ੍ਰਹਿ “ਰਮਜ਼ ਫ਼ਕੀਰੀ ਦੀ” ਰਾਹੀਂ ਵਿੰਦਰ ਮਾਂਝੀ ਨੇ ਨਵੀਂ ਪੁਲਾਂਘ ਪੁੱਟੀ

ਗ਼ਜ਼ਲ ਸੰਗ੍ਰਹਿ “ਰਮਜ਼ ਫ਼ਕੀਰੀ ਦੀ” ਰਾਹੀਂ ਵਿੰਦਰ ਮਾਂਝੀ ਨੇ ਨਵੀਂ ਪੁਲਾਂਘ ਪੁੱਟੀ

ਬਠਿੰਡਾ (ਸੁਰ ਸਾਂਝ ਡਾਟ ਕਾਮ ਬਿਊਰੋ), 20 ਜੁਲਾਈ:
ਵਿੰਦਰ ‘ਮਾਝੀ’ ਗ਼ਜ਼ਲ ਲਿਖਦਾ ਹੈ। ਉਮਦਾ ਗ਼ਜ਼ਲ। ਓਹਦੀ ਗ਼ਜ਼ਲ ਦੇ ਸ਼ੇਅਰ ਪਾਠਕ ਦੇ ਦਿਲ ‘ਤੇ ਗਹਿਰਾ ਅਸਰ ਕਰਦੇ ਹਨ। ਚੰਡੀਗੜ੍ਹ ਦੇ ਸਾਹਿਤਕ ਹਲਕਿਆਂ ਵਿੱਚ ਵਿੰਦਰ ਮਾਂਝੀ, ਸ਼ਾਇਰ ਭੱਟੀ ਦੇ ਨਾਂ ਨਾਲ਼ ਵੀ ਜਾਣਿਆਂ ਜਾਂਦਾ ਹੈ। ਓਹਦੇ ਗ਼ਜ਼ਲ ਸੰਗ੍ਰਹਿ “ਰਮਜ਼ ਫ਼ਕੀਰੀ ਦੀ” ਨੇ ਸਾਹਿਤ ਪ੍ਰੇਮੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਓਹਦੇ ਇਸ ਗ਼ਜ਼ਲ ਸੰਗ੍ਰਹਿ ਬਾਰੇ ਓਹਦੇ ਦੇਸਤ ਗੁਰਵਿੰਦਰ ਸਿੰਘ ਗੋਸਲ ਵੱਲੋਂ ਕੀਤੀ ਵਿਚਾਰ ਚਰਚਾ ਆਪ ਸਨਮੁੱਖ ਹੂਬਹੂ ਪੇਸ਼ ਹੈ:
ਪਿਆਰੇ ਦੋਸਤ ਵਿੰਦਰ ‘ਮਾਝੀ’ ! ਪਿਛਲੇ ਦਿਨੀਂ ਤੁਹਾਡਾ ਗ਼ਜ਼ਲ ਸੰਗ੍ਰਹਿ, ਜਦੋਂ ਮੇਰੇ ਕੋਲ ਘਰ ਪਹੁੰਚਿਆ ਤਾਂ, ਮੈਂ ‌ਪਹਿਲਾਂ ਪੁਸਤਕ ਦੀ ਪਿਛਲੀ ਜਿਲਦ ਉੱਪਰ ਉਸਤਾਦ ਰਣਜੀਤ ਸਿੰਘ ‘ਧੂਰੀ’ ਹੁਣਾਂ ਦੇ ਲਿਖੇ ਸ਼ਬਦ ਪੜ੍ਹੇ। ਉਹਨਾਂ ਨੇ ਮੇਰੇ ਅੰਦਰ ਤੁਰੰਤ ਪੁਸਤਕ ਪੜ੍ਹਨ ਦੀ ਉਤਸੁਕਤਾ ਪੈਦਾ ਕਰ ਦਿੱਤੀ। ਇਸ ਪੁਸਤਕ ਵਿੱਚ ਸ਼ਾਮਿਲ ਗ਼ਜ਼ਲਾਂ ਨੂੰ ਪੜ੍ਹਦਿਆਂ ਮੈਨੂੰ ਇੰਝ ਮਹਿਸੂਸ ਹੋਇਆ ਜਿਵੇਂ ਇਹਨਾਂ ਵਿੱਚ ਮੇਰਾ ਹੀ ਦਿਲ ਧੜਕ ਰਿਹਾ ਹੈ। ਤੁਹਾਡੀ ਹਰ ਗ਼ਜ਼ਲ ਮੇਰੇ ਨਾਲ ਸੰਵਾਦ ਰਚਾਉਂਦੀ ਮਹਿਸੂਸ ਹੋਈ। ਤੁਹਾਡੀਆਂ ਖੂਬਸੂਰਤ ਗ਼ਜ਼ਲਾਂ ਵਿੱਚ ਜਿੱਥੇ ਲੋਕਾਂ ਦੀ ਮਨੋਬਿਰਤੀ, ਪੰਜਾਬ ਦੀ ਨੌਜਵਾਨੀ ਦਾ ਫ਼ਿਕਰ, ਕਿਸਾਨੀ ਦਰਦ, ਮੁਹੱਬਤ ਦਾ ਅਹਿਸਾਸ, ਕੁਦਰਤ ਪ੍ਰਤੀ ਸਨੇਹ, ਭੁੱਖ, ਗਰੀਬੀ,ਦਾ ਜ਼ਿਕਰ ਹੈ, ਉੱਥੇ ਬਹਿਰ ਵਜ਼ਨ, ਸਵਾਦ, ਸੁਹਜ ਵੀ ਹੈ। ਸ਼ਾਇਦ ਇਸੇ ਕਰ ਕੇ ਹੀ ਮੈਂ ਕਈਂ ਗ਼ਜ਼ਲਾਂ ਨੂੰ ਵਾਰ-ਵਾਰ ਪੜ੍ਹਿਆ ਅਤੇ ਮੇਰੇ ਮੂੰਹੋਂ ਵਾਹ, ਵਾਹ, ਬਹੁਤ ਕਮਾਲ, ਬਹੁਤ ਖੂਬ ਸ਼ਬਦ ਆਪ ਮੁਹਾਰੇ ਨਿਕਲੇ। ਏਨੀਆਂ ਗੰਭੀਰ, ਜਿਊਂਦੀਆਂ ਗ਼ਜ਼ਲਾਂ ਕਹਿਣ ਵਿੱਚ ਤੁਹਾਡੀ ਮਿਹਨਤ ਸਾਫ ਝਲਕ ਰਹੀ ਹੈ ,ਇਸ ਲਈ ਤੁਸੀਂ ਵਧਾਈ ਦੇ ਹੱਕਦਾਰ ਹੋ।
ਇੱਥੇ ਮੈਂ ਪਾਠਕਾਂ ਨੂੰ ਵੀ ਇਹੋ ਕਹਿਣਾਂ ਚਾਹਾਂਗਾ ਕਿ ਵਿੰਦਰ ‘ਮਾਝੀ’ ਜੀ ਦੀ ਇਹ ਪੁਸਤਕ ਤੁਹਾਨੂੰ ਨਿਰਾਸ਼ ਨਹੀਂ ਕਰੇਗੀ, ਕਿਉਂਕਿ ਇਹਨਾਂ ਦੀਆਂਂ ਗ਼ਜ਼ਲਾਂ ਵਿੱਚ ਉਹ ਹਰ ਇੱਕ ਰੰਗ ਭਰਿਆ ਹੋਇਆ ਹੈ ਜੋ ਇੱਕ ਪਾਠਕ ਨੂੰ ਚਾਹੀਦਾ ਹੁੰਦਾ ਹੈ। ਪੁਸਤਕ ਦੇ ਹਰ ਹਰ ਪੰਨੇ ‘ਤੇ ਤੁਹਾਨੂੰ ਇੱਕ ਨਵੇਕਲੀ ਗ਼ਜ਼ਲ ਪੜ੍ਹਨ ਨੂੰ ਮਿਲੇਗੀ। ਦੂਸਰੀ ਗੱਲ ਇਹ ਪੁਸਤਕ ਧੂਰੀ ਸਾਹਿਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਦੀ ਸੁੰਦਰ ਜਿਲਦ, ਬਹੁਤ ਸੁੰਦਰ ਛਪਾਈ ਵੀ ਧਿਆਨ ਖਿੱਚਦੀ ਹੈ ! ਭਾਵੇਂ ਇਸ ਪੁਸਤਕ ਦੀਆਂ ਸਾਰੀਆਂ ਗ਼ਜ਼ਲਾਂ ਹੀ ਸਲਾਹੁਣਯੋਗ ਹਨ ਪਰ ਕੁਝ ਗ਼ਜ਼ਲਾਂ ਦੇ ਸ਼ਿਅਰ ਮੈਂ ਇੱਥੇ ਸਾਂਝੇ ਕਰਨਾ ਚਾਹਾਂਗਾ, ਜਿਵੇਂ :-
ਮੁੱਢ ਕਦੀਮੋਂ ਦੁਨੀਆ ‘ਤੇ ਸਚਿਆਰੇ ਦਾ,
ਦੁਸ਼ਟਾਂ ਵੱਲੋਂ ਘੋਰ  ਨਿਰਾਦਰ ਹੁੰਦਾ ਹੈ।
                  000
ਇਸ  ਜੀਵਨ  ਦਾ  ਪੈਂਂਡਾ  ਭਾਵੇਂ  ਭਾਰੀ ਹੈ।
ਫਿਰ ਵੀ ਸਾਡਾ ਸਫ਼ਰ ਨਿਰੰਤਰ ਜਾਰੀ ਹੈ।
ਅਨਪੜ੍ਹਤਾ  ਤੇ  ਅੰਤਾਂ  ਦੀ ਮਹਿੰਗਾਈ ਨੇ,
ਮੱਤ  ਗਰੀਬਾਂ  ਦੀ  ਦੋਹਾਂ  ਨੇ  ਮਾਰੀ  ਹੈ।
                  000
ਇਹ ਮਾੜੀ ਸੋਚ ਨੇ ਦੁਨੀਆਂ ਬੜੀ ਹੀ ਖੁਆਰ ਕੀਤੀ ਹੈ,
ਕਿ  ਉੱਚਾ  ਹੈ  ਬੜਾ ਰੁਤਬਾ, ਜਮਾਨੇ ਵਿੱਚ ਬੁਰਾਈ ਦਾ।
                  000
ਹਰ ਪਲ ਜਿਸ ਦਾ ਹੱਦੋਂ ਵੱਧ ਖਿਆਲ ਰਿਹਾ।
ਓਹੀ  ਮੈਨੂੰ  ਕਰਦਾ   ਨਿੱਤ  ਹਲਾਲ  ਰਿਹਾ ।
ਭਾਵੇਂ    ਝੱਖੜ    ਝੁੱਲੇ   ਮੇਰੇ   ਜੀਵਨ   ਵਿੱਚ,
ਹਿੰਮਤ  ਕਰ  ਕੇ  ਮੈਂ  ਹਾਂ  ਦੀਵੇ  ਬਾਲ ਰਿਹਾ।
                   000
ਆਸ   ਪਿਆਲੀ   ਬੇਸ਼ਕ,  ਖਾਲੀ   ਹੋਈ  ਹੈ।
 ਪਰ  ਮੈਂ  ਜੋਤ  ਆਸਾਂ  ਦੀ,  ਵਾਲੀ  ਹੋਈ  ਹੈ।
ਮੇਰਾ ਫਿਕਰ ਕਰੇ ਨਾ,  ਜਿਹੜਾ ਤਿਲ ਭਰ ਵੀ,
ਮਨ ਵਿੱਚ ਉਸ ਦੀ, ਯਾਦ ਬਿਠਾਲੀ ਹੋਈ ਹੈ।
                    000
ਹਾਕਮ   ਨਾਲ    ਨੇ   ਇੱਕਮਿਕ   ਹੋਏ,   ਵੱਡੇ   ਕਾਰੋਬਾਰੀ,
ਤਾਹੀਓ ਰੁਕਣ ਦਾ ਨਾਂਅ ਨਹੀਂ ਲੈਂਦੇ, ਜੁਲਮ ਕਿਸਾਨਾਂ ਉੱਤੇ।
                    000
ਜਿਸ  ਬੰਦੇ  ਨੇ  ਸਮਝੀ  ਰਮਜ਼  ਫਕੀਰੀ  ਦੀ।
ਝਾਕ  ਰਹੇ  ਨਾ  ਉਸ  ਨੂੰ,  ਫੇਰ  ਵਜ਼ੀਰੀ  ਦੀ।
ਭੁੱਖੇ   ਸੌਂਦੇ   ਉਸ   ਦਿਨ,  ਬਾਲ  ਗਰੀਬਾਂ  ਦੇ,
ਜਿਸ ਦਿਨ ਤਿਪ ਤਿਨ ਚੋਵੇ, ਸੱਤ ਸ਼ਤੀਰੀ ਦੀ।
                    000
ਵਿਸ਼ਵਾਸ ਕਰਨ ਦੇ ਕਾਬਲ ਤਾਂ, ਇੱਕ ਵੀ ਬੰਦਾ ਦਿਸਦਾ ਨਹੀਂ,
ਚੌਂਕੀਦਾਰ  ਹੀ  ਦੇ  ਦਿੰਦੇ  ਨੇ,  ਖਬਰਾਂ  ਅੱਜ-ਕੱਲ੍ਹ  ਚੋਰਾਂ  ਨੂੰ।
                     000
ਕਰੀਏ  ਵਿਰੋਧ  ਇਸ  ਦਾ ਆਲਸ ਤਿਆਗ ਕੇ,
ਨਸ਼ਿਆਂ ਦਾ ਦੈਂਤ ਖਾ ਰਿਹਾ ਹਸਤੀ ਪੰਜਾਬ ਦੀ।
                      000
ਨਫਰਤ  ਦਾ  ਬਿਰਖ਼ ਜੜੂ ਤੋਂ, ਜੋ ਪੁੱਟਣਾ ਨੇ ਚਾਹੁੰਦੇ,
ਉਹ ਪਿਆਰ ਵੰਡਦੇ ਹਨ ਜਿੱਤ ਕੇ ਵੀ ਹਾਰਿਆਂ ਨੂੰ।
                      000
ਚੁੱਪ   ਚੁਪੀਤੇ   ਸਾਂਝ  ਨਵੀ   ਪਾ   ਲੈਂਦੇ  ਨੇ,
ਅੱਜ-ਕੱਲ੍ਹ ਕਿਹੜਾ ਰੁੱਸੇ ਮੀਤ ਮਨਾਉਂਦਾ ਹੈ।
                     000
ਦਿੰਦੇ   ਨੇ   ਜੋ   ਸੇਧ    ਅਜੋਕੀ   ਪੀੜੀ   ਨੂੰ,
ਓਹੀ ਤੱਥ ਪਰੋਇਆ ਕਰ ਤੂੰ ਗਜਲਾਂ ਵਿੱਚ।
                      000
‘ਮਾਝੀ’ ਜੀਵਨ ਇਹਨਾਂ ਦੇ ਹੀ ਨਿਰਭਰ ਹੈ,
 ਸਾਂਭੀ ਜਾਹ ਹਰ ਹਾਲ ਕੁਦਰਤੀ ਦਾਤਾਂ ਨੂੰ।
                      000
ਮਤਲਬ   ਤੇ    ਪੈਸੇ    ਦੀ   ਹੁਣ   ਤਾਂ   ਰਿਸ਼ਤੇਦਾਰੀ   ਹੈ,
ਪਹਿਲਾਂ ਬਿਨ ਮਤਲਬ ਤੋਂ ਆਇਆ ਜਾਇਆ ਕਰਦੇ ਸੀ।
                        000
ਇੱਜਤ ਪਿਆਰ ਬੜਾ ਹੈ ਮਿਲਿਆ ਹਰ ਦਰ ਤੋਂ,
ਪਰ   ਤੇਰੇ   ਤੋਂ  ਧੱਕੇ   ਪਏ   ਨੇ  ਕੀ  ਕਰੀਏ ?
                      000
ਹਰ ਕੀਮਤ ਦੇ ਸੱਚ ਦਾ ਸਾਥ ਨਿਭਾਵਣ ਦੀ,
ਯੋਧੇ   ਮੁੱਢ   ਕਦੀਮੋਂ   ਠਾਣਨ  ਲੱਗਦੇ  ਨੇ।
                       000
ਤੂੰ  ਹਮੇਸ਼ਾ  ਚੁਣੀ  ਰਾਹ  ਇਹੋ  ਸੱਚ  ਦਾ,
ਜਿੰਦਗੀ ਵਿੱਚ ਹਨੇਰੇ ਤਾਂ ਕੁਝ ਰਹਿਣਗੇ।
                       000
ਗੁਰਵਿੰਦਰ ਸਿੰਘ ‘ਗੋਸਲ”, ਦੌਲਤਪੁਰਾ (ਗੋਸਲ) ਬਠਿੰਡਾ।

Leave a Reply

Your email address will not be published. Required fields are marked *