ਚੰਡੀਗੜ੍ਹ 22 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਪੰਜਾਬ ਸੁਬਾਰਡੀਨੇਟ ਸਰਵਿਸਜ ਫੈਡਰੇਸ਼ਨ (1406/22ਬੀ) ਚੰਡੀਗੜ੍ਹ ਨਾਲ ਸੰਬੰਧਤ ਜੰਗਲਾਤ ਕਾਮਿਆਂ ਦੀ ਇੱਕੋ ਇੱਕ ਸਿਰਮੌਰ ਅਤੇ ਸੰਘਰਸ਼ੀਲ ਜੰਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਫੈਸਲੇ ਤੇ ਸਰਕਾਰ ਨੂੰ ਮੰਗ ਪੱਤਰ ਦੇਣ ਦੀ ਕੜੀ ਤਹਿਤ ਅੱਜ ਜੰਗਲਾਤ ਵਰਕਰਜ਼ ਯੂਨੀਅਨ ਵਣ ਮੰਡਲ ਮੌਹਾਲੀ ਵੱਲੋਂ ਵਣ ਮੰਡਲ ਅਫ਼ਸਰ ਮੋਹਾਲੀ ਦੇ ਦਫਤਰ ਅੱਗੇ ਮੰਡਲ ਪ੍ਰਧਾਨ ਸੁਲੱਖਣ ਸਿੰਘ ਦੀ ਪ੍ਰਧਾਨਗੀ ਹੇਠ ਵਿਸਾਲ ਰੋਸ ਧਰਨਾ ਦਿੱਤਾ ਗਿਆ । ਅੱਜ ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਜੰਗਲਾਤ ਕਾਮੇ ਆਪਣੇ ਝੰਡੇ, ਮਾਟੋ ਤੇ ਬੈਨਰਾਂ ਨਾਲ ਲੈਸ ਹੋ ਕੇ ਪੂਰੇ ਜੋਸ਼ੋ-ਖਰੋਸ਼ ਨਾਲ ਝੰਡੇ, ਮਾਟੋ ਤੇ ਬੈਨਰ ਲੈ ਕੇ ਇਸ ਧਰਨੇ ਵਿੱਚ ਪੁੱਜੇ।
ਧਰਨੇ ਨੂੰ ਸੰਬੋਧਨ ਕਰਦਿਆ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸਨ ਦੇ ਆਗੂ ਗੁਰਵਿੰਦਰ ਸਿੰਘ, ਬੀਰ ਚੰਦ, ਮਨਜੀਤ ਸਿੰਘ ਅਤੇ ਗੁਰਨਾਮ ਸਿੰਘ ਨੇ ਆਖਿਆ ਕਿ ਵਿਭਾਗ ਵੱਲੋਂ ਜੰਗਲਾਤ ਕਾਮਿਆਂ ਦਾ ਮੈਡੀਕਲ ਅਤੇ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਦੇ ਬਾਵਯੂਦ ਅੱਜ ਇੱਕ ਮਹੀਨਾ ਬੀਤਣ ਤੇ ਵੀ ਜੰਗਲਾਤ ਕਾਮਿਆਂ ਨੂੰ ਨਿਯੁਕਤੀ ਪੱਤਰ ਨਹੀਂ ਮਿਲੇ। ਲੋਕਾਂ ਨਾਲ ਲੁਭਾਉਣੇ ਵਾਅਦੇ ਕਰਨ ਵਾਲੀ ਸਰਕਾਰ ਨੇ ਲਗਭਗ ਸਾਢੇ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਜੰਗਲਾਤ ਦਾ ਇੱਕ ਵੀ ਕਾਮਾ ਪੱਕਾ ਨਹੀਂ ਕੀਤਾ, ਜਿਸ ਕਾਰਨ ਜੰਗਲਾਤ ਕਾਮਿਆ ਵਿੱਚ ਭਾਰੀ ਰੋਸ ਤੇ ਬੇਚੈਨੀ ਪਾਈ ਜਾ ਰਹੀ ਹੈ। ਜੰਗਲਾਤ ਕਾਮਿਆਂ ਨੇ ਵਣ ਮੰਡਲ ਅਫਸਰ ਮੋਹਾਲੀ ਦੇ ਦਫਤਰ ਅੱਗੇ ਰੋਸ ਧਰਨਾ ਦਿੱਤਾ ਅਤੇ ਮਾਣਯੋਗ ਵਣ ਮੰਡਲ ਅਫਸਰ ਰਾਹੀ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ। ਉਨ੍ਹਾਂ ਫੈਸਲਾ ਕੀਤਾ ਕਿ ਜੇਕਰ ਸਰਕਾਰ ਨੇ ਜੰਗਲਾਤ ਅਤੇ ਜੰਗਲੀ ਜੀਵ ਦੇ ਕਾਮਿਆਂ ਨੂੰ ਜਲਦੀ ਨਿਯੁਕਤੀ ਪੱਤਰ ਨਾ ਦਿੱਤੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿੱਚ ਲੰਮੇ ਸਮੇਂ ਤੋਂ ਕੰਮ ਕਰਦੇ ਅਨਪੜ੍ਹ ਕਾਮਿਆਂ ਤੇ ਲਗਾਤਾਰ 10 ਸਾਲ ਦੀ ਸਰਵਿਸ ਖਤਮ ਕਰਕੇ ਕੱਚੇ ਕਾਮੇ ਪੱਕੇ ਨਾ ਕੀਤੇ ਅਤੇ ਹੋਰ ਮੰਗਾਂ ਦਾ ਹੱਲ ਨਾ ਕੀਤਾ, ਤਾਂ ਆਉਣ ਵਾਲੀ 26 ਜੁਲਾਈ ਨੂੰ ਵਣ ਮੰਤਰੀ ਪੰਜਾਬ ਦੇ ਹਲਕਾ ਭੋਆ ਵਿੱਚ ਵਿਸ਼ਾਲ ਰੋਸ ਧਰਨਾ ਦੇਣ ਉਪਰੰਤ ਝੰਡਾ ਮਾਰਚ ਕੀਤਾ ਜਾਵੇਗਾ।

