www.sursaanjh.com > ਚੰਡੀਗੜ੍ਹ/ਹਰਿਆਣਾ > ਲੈਂਡ ਪੂਲਿੰਗ ਸਕੀਮ ਕਿਸਾਨਾਂ ਨੂੰ ਕਰ ਸਕਦੀ ਤਬਾਹ : ਸ਼ਰਮਾ 

ਲੈਂਡ ਪੂਲਿੰਗ ਸਕੀਮ ਕਿਸਾਨਾਂ ਨੂੰ ਕਰ ਸਕਦੀ ਤਬਾਹ : ਸ਼ਰਮਾ 

ਚੰਡੀਗੜ੍ਹ 22 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪੰਜਾਬ ਸਰਕਾਰ ਵੱਲੋਂ ਵੱਡੀਆਂ ਸਕੀਮਾਂ ਤਹਿਤ ਜੋ ਲੈਂਡ ਪੂਲਿੰਗ ਦੀ ਸਕੀਮ ਬਣਾਈ ਗਈ ਹੈ,  ਉਹ ਕਿਸਾਨਾਂ ਨੂੰ ਰਾਸ ਨਹੀਂ ਆ ਰਹੀ, ਕਿਉਂਕਿ ਇਹ ਸਕੀਮ ਕਿਸਾਨਾਂ ਨੂੰ ਤਬਾਹ ਕਰ ਸਕਦੀ ਹੈ। ਇਸ ਸਕੀਮ ਵਿੱਚ ਸਿਰਫ ਕੋਆਪ੍ਰੇਟਿਵ ਘਰਾਣਿਆਂ ਨੂੰ ਲਾਹਾ ਦਿਵਾਉਣ ਦੀ ਚਾਲ ਹੈ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਖਰੜ ਦੇ ਹਲਕਾ ਇੰਚਾਰਜ ਤੇ ਕਾਂਗਰਸ ਦੇ ਸੀਨੀਅਰ ਆਗੂ ਵਿਜੇ ਸ਼ਰਮਾ ਟਿੰਕੂ ਤੇ ਬਲਾਕ ਪ੍ਰਧਾਨ ਮਦਨ ਸਿੰਘ ਮਾਣਕਪੁਰ ਸ਼ਰੀਫ ਨੇ ਸਾਂਝੇ ਤੌਰ ਤੇ ਕੀਤਾ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਸਕੀਮ ਜ਼ਮੀਨ ਮਾਲਕਾਂ ਉੱਤੇ ਥੋਪੀ ਜਾ ਰਹੀ ਹੈ, ਉਹ ਵੀ ਕੇਂਦਰ ਸਰਕਾਰ ਦੇ ਤਿੰਨ ਕਾਨੂੰਨਾਂ ਵਰਗੀ ਹੀ ਹੈ। ਲੰਮੇ ਸੰਘਰਸ਼ ਤੋਂ ਬਾਅਦ ਕੇਂਦਰ ਸਰਕਾਰ ਨੂੰ ਤਿੰਨ ਕਾਨੂੰਨ ਵਾਪਸ ਲੈਣੇ ਪਏ ਸਨ, ਉਸੇ ਤਰ੍ਹਾਂ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਸਰਕਾਰ ਵਿਰੁੱਧ ਵੱਡਾ ਸੰਘਰਸ਼ ਵਿਢਣਾ ਪੈ ਸਕਦਾ ਹੈ।
ਵਿਜੇ ਸ਼ਰਮਾ ਤੇ ਮਦਨ ਮਾਣਕਪੁਰ ਨੇ ਕਿਹਾ ਕਿ ਬੀਤੇ ਦਿਨੀਂ ਮੁਹਾਲੀ ਵਿਖੇ ਜੋ ਪ੍ਰਦਰਸ਼ਨ ਕੀਤਾ ਗਿਆ ਸੀ, ਉਹ ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚਾਉਣ ਵਿੱਚ ਸਫਲ ਹੋਇਆ ਹੈ ਤੇ ਕਾਂਗਰਸ ਪਾਰਟੀ ਨੂੰ ਲੱਗਦਾ ਹੈ ਕਿ ਪਾਰਟੀ ਦੁਆਰਾ ਕੀਤਾ ਇਹ ਸ਼ਲਾਘਾਯੋਗ ਉਪਰਾਲਾ ਕਿਸਾਨਾਂ ਦੇ ਹੱਕ ਵਿੱਚ ਹੋਵੇਗਾ ਅਤੇ ਪੰਜਾਬ ਸਰਕਾਰ ਨੂੰ ਫੈਸਲੇ ਤੇ ਮੁੜ ਗੌਰ ਕਰਨ ਲਈ ਮਜਬੂਰ ਕਰੇਗਾ। ਉਪਰੋਕਤ ਆਗੂਆਂ ਅਨੁਸਾਰ ਪੰਜਾਬ ਵਿੱਚ ਹਾਲਾਤ ਕੋਈ ਬਹੁਤ ਚੰਗੇ ਨਹੀਂ ਕਿਉਂਕਿ ਆਏ ਦਿਨ ਲੋਕਾਂ ਨੂੰ ਆਪਣੀਆਂ ਮੰਗਾਂ ਅਤੇ ਆਪਣੇ ਹੱਕਾਂ ਲਈ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਹਨ, ਜੋ ਚੰਗਾ ਸੁਨੇਹਾ ਨਹੀਂ। ਇਹਨਾਂ ਦੋਵਾਂ ਆਗੂਆਂ ਨੇ ਸਰਕਾਰ ਨੂੰ ਅਪੀਲ ਕਰਦਿਆ ਕਿਹਾ ਕਿ ਕਿਸਾਨਾਂ ਨੂੰ ਬਚਾਉਣ ਲਈ ਲੈਂਡ ਪੂਲਿੰਗ ਸਕੀਮ ਬਾਰੇ ਮੁੜ ਵਿਚਾਰ ਕਰਨੀ ਜ਼ਰੂਰੀ ਹੈ।

Leave a Reply

Your email address will not be published. Required fields are marked *