www.sursaanjh.com > ਚੰਡੀਗੜ੍ਹ/ਹਰਿਆਣਾ > ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-37 ਵਿਖੇ ਸਨਮਾਨ ਸਮਾਗਮ ਕਰਵਾਇਆ ਗਿਆ

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-37 ਵਿਖੇ ਸਨਮਾਨ ਸਮਾਗਮ ਕਰਵਾਇਆ ਗਿਆ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 22 ਜੁਲਾਈ:

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 37-ਡੀ ਚੰਡੀਗੜ੍ਹ ਵਿਖੇ ਇੱਕ ਸ਼ਾਨਦਾਰ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ, ਉਪ ਪ੍ਰਧਾਨ ਭੁਪਿੰਦਰ ਸਿੰਘ ਭਾਗੋਮਾਜਰੀਆ, ਜੁਆਇੰਟ ਸਕੱਤਰ ਕ੍ਰਿਸ਼ਨ ਰਾਹੀ ਅਤੇ ਸਲਾਹਕਾਰ ਬਲਵਿੰਦਰ ਸਿੰਘ ਨੇ ਭਾਗ ਲਿਆ, ਜਦੋਂਕਿ ਯੁਗਰਾਜ ਸਿੰਘ ਗਿੱਲ ਟਰੱਸਟ ਦੇ ਪ੍ਰਬੰਧਕੀ ਟਰੱਸਟੀ ਅਤੇ ਹਿੰਦ ਦੀ ਚਾਦਰ ਫਾਊਂਡੇਸ਼ਨ ਚੰਡੀਗੜ੍ਹ ਦੇ ਮੈਂਬਰ ਸ੍ਰ. ਗੁਰਮੀਤ ਸਿੰਘ ਜੌੜਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ।

ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਦੱਸਿਆ ਕਿ ਇਹ ਸਮਾਗਮ ਸਕੂਲ ਪ੍ਰਿੰਸੀਪਲ ਸ੍ਰੀਮਤੀ ਆਸ਼ਾ ਰਾਣੀ ਨੂੰ ਉਹਨਾਂ ਦੀਆਂ ਸਮਾਜਿਕ, ਵਿਦਿਅਕ ਅਤੇ ਸਾਹਿਤਕ ਗਤੀਵਿਧੀਆਂ ਲਈ ਸਨਮਾਨ ਕਰਨ ਲਈ ਰੱਖਿਆ ਗਿਆ ਸੀ। ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਸੰਸਥਾ ਦੇ ਪ੍ਰਧਾਨ ਪ੍ਰਿੰ. ਗੋਸਲ ਅਤੇ ਦੂਜੇ ਅਹੁਦੇਦਾਰਾਂ ਵਲੋਂ ਪ੍ਰਿੰ. ਆਸ਼ਾ ਰਾਣੀ ਨੂੰ ਸਨਮਾਨ ਚਿੰਨ੍ਹ, ਫੁਲਕਾਰੀ, ਗੋਲਡ ਮੈਡਲ, ਕਿਤਾਬਾਂ ਦੇ ਸੈੱਟ ਅਤੇ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਪ੍ਰਿੰ. ਆਸ਼ਾ ਰਾਣੀ ਨੇ ਪ੍ਰਿੰ. ਬਹਾਦਰ ਸਿੰਘ ਗੋਸਲ ਦੀਆਂ ਪੁਸਤਕਾਂ ‘‘ਪੰਜਾਬ ਕਰਾਂ ਕੀ ਸਿਫਤ ਤੇਰੀ’’ ਅਤੇ ਪੁਸਤਕ ‘‘ਦੋ ਤੇਰੀਆਂ ਦੋ ਮੇਰੀਆਂ’’ ਵਿੱਚ ਆਪਣੀਆਂ ਰਚਨਾਵਾਂ ਭੇਜ ਕੇ ਸਮੂਲੀਅਤ ਕੀਤੀ ਹੈ। ਪ੍ਰਿੰ. ਗੋਸਲ ਨੇ ਉਹਨਾਂ ਦੇ ਇਸ ਯੋਗਦਾਨ ਲਈ ਉਹਨਾਂ ਨੂੰ ਇਹ ਪੁਸਤਕਾਂ ਅਤੇ ਵਧਾਈ ਦਿੱਤੀ ਅਤੇ ਪੰਜਾਬੀ ਵਿੱਚ ਹੋਰ ਵੱਧ ਤੋਂ ਵੱਧ ਲਿਖਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਾਈਸ ਪ੍ਰਿੰਸੀਪਲ ਸ੍ਰੀਮਤੀ ਬਲਵਿੰਦਰ ਕੌਰ, ਮੈਡਮ ਹਰਮੀਤ ਕੌਰ ਲੈਕਚਰਾਰ ਪੰਜਾਬੀ, ਅਰਚਨਾ ਜਗਦੇਵ ਲੈਕਚਰਾਰ ਇਕਨਾਮਿਕਸ, ਸ. ਸਤਨਾਮ ਸਿੰਘ ਲੈਕਚਰਾਰ ਫਿਜੀਕਲ ਐਜੂਕੇਸ਼ਨ ਅਤੇ ਤਰਕਸ਼ੀਲ ਸੁਸਾਇਟੀ ਤੋਂ ਕ੍ਰਿਸ਼ਨ ਰਾਹੀਂ ਅਤੇ ਰਾਜ ਕੁਮਾਰ ਭਟਨਾਗਰ ਵੀ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਪ੍ਰਿੰ. ਆਸ਼ਾ ਰਾਣੀ ਨੇ ਪ੍ਰਿੰ. ਬਹਾਦਰ ਸਿੰਘ ਗੋਸਲ ਦੀਆਂ ਪੁਸਤਕਾਂ ਵਿੱਚ ।ਉਹਨਾਂ ਨੂੰ ਸਥਾਨ ਦੇਣ ਲਈ ਉਹਨਾਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਅੱਗੇ ਤੋਂ ਪੰਜਾਬੀ ਵਿੱਚ ਉਹ ਹੋਰ ਵੀ ਚੰਗੇਰਾ ਲਿਖਣ ਦਾ ਯਤਨ ਕਰਨਗੇ। ਉਹਨਾਂ ਨੇ ਉਹਨਾਂ ਨੂੰ ਦਿੱਤੇ ਗਏ ਸਨਮਾਨ ਲਈ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਸਾਰੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਵੀ ਸੰਸਥਾ ਵਲੋਂ ਚਲਾਏ ਗਏ ਵਿਲੱਖਣ ਕਾਰਜ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ।

ਮੁੱਖ ਮਹਿਮਾਨ ਸ੍ਰ. ਗੁਰਮੀਤ ਸਿੰਘ ਜੌੜਾ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਜੋ ਸਮਾਜਿਕ ਕਾਰਜ ਕਰ ਰਹੀ ਹੈ, ਉਹ ਵੀ ਉਸ ਵਿੱਚ ਭਾਗੀਦਾਰ ਹਨ ਅਤੇ ਸਦਾ ਹੀ ਸੰਸਥਾ ਦੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਂਦੇ ਹਨ। ਉਹਨਾਂ ਨੇ ਪ੍ਰਿੰ . ਬਹਾਦਰ ਸਿੰਘ ਗੋਸਲ ਵਲੋਂ ਹੁਣ ਤੱਕ ਲਿਖੀਆਂ 112 ਕਿਤਾਬਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਪੰਜਾਬੀ ਸਾਹਿਤ ਨੂੰ ਪ੍ਰਿੰ. ਗੋਸਲ ਦੀ ਵੱਡੀ ਦੇਣ ਹੈ। ਉਹਨਾਂ ਨੇ ਸਨਮਾਨ ਲਈ ਪ੍ਰਿੰ. ਆਸ਼ਾ ਰਾਣੀ ਨੂੰ ਵੀ ਵਧਾਈ ਦਿੱਤੀ ਅਤੇ ਹਾਜ਼ਰ ਅਧਿਆਪਕਾਂ ਨੂੰ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਨਾਲ ਜੁੜ ਕੇ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰਿੰ. ਗੋਸਲ ਨੇ ਹੁਣੇ ਹੁਣੇ ਨੇਪਾਲ ਵਿੱਚ ਹੋਈਆਂ ਅੰਤਰਰਾਸ਼ਟਰੀ ਖੇਡਾਂ ਵਿੱਚ ਭੁਪਿੰਦਰ ਸਿੰਘ ਭਾਗੋਮਾਜਰੀਆ ਵਲੋਂ ਤਿੰਨ ਮੈਡਲ ਜਿੱਤਣ ਲਈ ਵਧਾਈ ਦੇਂਦੇ ਹੋਏ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਉਹ ਇਸ ਸਮਾਗਮ ਨੂੰ ਵੀ ਆਪਣੀ ਹਾਜ਼ਰੀ ਨਾਲ ਚਾਰ ਚੰਨ ਲੱਗਾ ਰਹੇ ਹਨ। ਇਸ ਮੌਕੇ ਪੰਜਾਬੀ ਦੇ ਪ੍ਰਸਿੱਧ ਗਾਇਕ ਜਗਤਾਰ ਸਿੰਘ ਜੋਗ, ਕ੍ਰਿਸ਼ਨ ਰਾਹੀ, ਬਲਵਿੰਦਰ ਕੌਰ ਅਤੇ ਭੁਪਿੰਦਰ ਭਾਗੋਮਾਜਰੀਆ ਵੀ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਵਾਈਸ ਪ੍ਰਿੰਸੀਪਲ ਸ੍ਰੀਮਤੀ ਬਲਵਿੰਦਰ ਕੌਰ (ਲੈਕਚਰਾਰ ਪੋਲ. ਸਾਇੰਸ) ਨੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਸਾਰੇ ਅਹੁਦੇਦਾਰਾਂ, ਮੁੱਖ ਮਹਿਮਾਨ ਅਤੇ ਬਾਕੀ ਹਾਜ਼ਰ ਪਤਵੰਤਿਆਂ ਦਾ ਧੰਨਵਾਦ ਕੀਤਾ।

ਫੋਟੋ ਕੈਪਸ਼ਨ – ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 37-ਡੀ, ਚੰਡੀਗੜ੍ਹ ਵਿਖੇ ਮੁੱਖ ਮਹਿਮਾਨ ਗੁਰਮੀਤ ਸਿੰਘ ਜੌੜਾ, ਪ੍ਰਧਾਨ ਬਹਾਦਰ ਸਿੰਘ ਗੋਸਲ ਅਤੇ ਦੂਜੇ ਅਹੁਦੇਦਾਰ ਪ੍ਰਿੰ. ਸ੍ਰੀਮਤੀ ਆਸ਼ਾ ਰਾਣੀ ਦਾ ਸਨਮਾਨ ਕਰਦੇ ਹੋਏ।

Leave a Reply

Your email address will not be published. Required fields are marked *