28 ਦੇ ਮੁਹਾਲੀ ਧਰਨੇ ਲਈ ਪਿੰਡਾਂ ਵਿੱਚ ਵੱਖ-ਵੱਖ ਮੀਟਿੰਗਾਂ ਨੂੰ ਕੀਤਾ ਸੰਬੋਧਨ
ਚੰਡੀਗੜ੍ਹ 27 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


”ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਸਕੀਮ ਦੀ ਆੜ ਵਿੱਚ ਕੀਤਾ ਜਾ ਰਿਹਾ ਕਿਸਾਨ ਦਾ ਉਜਾੜਾ ਰੋਕਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਪਾਰਟੀ ਹਿੱਕ ਡਾਹ ਕੇ ਲੜ ਰਹੀ ਹੈ। ਇਸੇ ਲੜੀ ਤਹਿਤ 28 ਜੁਲਾਈ ਨੂੰ ਮੁਹਾਲੀ ਵਿਖੇ ਲਗਾਇਆ ਜਾਣ ਵਾਲਾ ਧਰਨਾ ਸਰਕਾਰ ਨੂੰ ਥੁੱਕ ਕੇ ਚੱਟਣ ਲਈ ਮਜਬੂਰ ਕਰ ਦੇਵੇਗਾ।” ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਚੌਧਰੀ ਸ਼ਿਆਮ ਲਾਲ ਨੇ ਹਲਕਾ ਖਰੜ ਦੇ ਪਿੰਡ ਜੈਅੰਤੀ ਮਾਜਰੀ, ਗੂੜਾ, ਕਸੌਲੀ, ਬਘਿੰਡੀ, ਕਰੌਂਦਿਆਂ ਆਲੀ, ਛੋਟੀ ਨੱਗਲ, ਬੜੀ ਨੱਗਲ, ਪੱਲਣਪੁਰ, ਗੋਚਰ, ਮਿਰਜਾਪੁਰ, ਤਾਰਾਪੁਰ ਅਤੇ ਮਾਜਰਾ ਵਿੱਚ ਕੀਤੀਆਂ ਗਈਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਬਾਅਦ ਵਿੱਚ ਸਥਾਨਕ ਪੱਤਰਕਾਰਾਂ ਨੂੰ ਜਾਰੀ ਆਪਣੇ ਬਿਆਨ। ਵਿੱਚ ਚੌਧਰੀ ਸ਼ਿਆਮ ਲਾਲ ਨੇ ਕਿਹਾ ਕਿ ਪੰਜਾਬ ਸਰਕਾਰ ਬਦਨੀਤੀ ਤਹਿਤ ਕਿਸਾਨਾਂ ਦੀਆਂ ਜਬਰੀ ਜ਼ਮੀਨਾਂ ਖੋਹਕੇ ਬਹੁਤ ਵੱਡੀ ਆਰਥਿਕ ਲੁੱਟ-ਖਸੁੱਟ ਕਰਨ ਜਾ ਰਹੀ ਹੈ, ਜਿਸ ਅਧੀਨ ਕਿਸਾਨਾਂ ਦੇ ਨਾਲ ਨਾਲ ਸਮਾਜ ਦਾ ਹਰ ਵਰਗ ਗ਼ੁਰਬਤ ਦੇ ਰਾਹ ਪੈ ਜਾਵੇਗਾ, ਜਿਸਦੀ ਰੋਕਥਾਮ ਲਈ ਅੱਜ ਹਰ ਪੰਜਾਬੀ ਨੂੰ ਘਰਾਂ ਤੋਂ ਬਾਹਰ ਆਕੇ ਇਸ ਸਰਕਾਰੀ ਜਬਰ ਤੇ ਗੁੰਡਾਗਰਦੀ ਖ਼ਿਲਾਫ਼ ਸੜਕਾਂ ਤੇ ਲੜਾਈ ਲੜਨੀ ਚਾਹੀਦੀ ਐ ਤਾਂ ਜੋ ਪੰਜਾਬ ਦੀ ਹੋਂਦ ਨੂੰ ਪੈਦਾ ਹੋਏ ਖ਼ਤਰੇ ਨੂੰ ਟਾਲਿਆ ਜਾ ਸਕੇ। ਸ਼੍ਰੀ ਚੌਧਰੀ ਨੇ ਕਿਹਾ ਕਿ ਰਾਜ ਦੀ ਬਿਹਤਰੀ ਅਤੇ ਵਿਕਾਸ ਲਈ ਸ਼੍ਰੋਮਣੀ ਅਕਾਲੀ ਦਲ ਹੀ ਅਜਿਹੀ ਇੱਕੋ-ਇੱਕ ਖੇਤਰੀ ਪਾਰਟੀ ਹੈ, ਜਿਹੜੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਦੇ ਭਵਿੱਖ ਨੂੰ ਸਲਾਮਤ ਰੱਖ ਸਕਦੀ ਹੈ। ਮੀਟਿੰਗਾਂ ਦੌਰਾਨ ਧਰਨੇ ਵਿੱਚ ਲਾਮਿਸਾਲ ਇਕੱਠ ਕਰਨ ਲਈ ਉਨ੍ਹਾਂ ਨੇ ਪੰਚਾਂ-ਸਰਪੰਚਾਂ ਅਤੇ ਵਰਕਰਾਂ ਨੂੰ ਜ਼ਿੰਮੇਵਾਰੀਆਂ ਵੀ ਸੌਂਪੀਆਂ ਜਿਹੜੇ ਨਿਰਧਾਰਿਤ ਸਾਧਨਾਂ ਰਾਹੀਂ ਹਲਕੇ ਦੇ ਲੋਕਾਂ ਨੂੰ ਪੁੱਡਾ ਭਵਨ ਮੁਹਾਲੀ ਤੀਕ ਲੈਕੇ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਐਡਵੋਕੇਟ ਐਚਐਸ ਪੰਨੂੰ, ਸੰਮਤੀ ਮੈਂਬਰ ਚੌਧਰੀ ਜਗੀਰ ਰਾਮ ਤੇ ਮੋਹਨ ਲਾਲ, ਸਰਪੰਚ ਨਸੀਬ ਚੰਦ, ਸਰਪੰਚ ਭਾਗ ਚੰਦ, ਸਰਪੰਚ ਸ਼ਿੰਦਾ, ਸਰਪੰਚ ਕ੍ਰਿਸ਼ਨ ਕੁਮਾਰ, ਸਰਪੰਚ ਯੋਗਰਾਜ ਅਤੇ ਸੁਰਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।

