ਚੰਡੀਗੜ੍ਹ 29 ਜੁਲਾਈ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪੰਜਾਬ ਸਰਕਾਰ ਵੱਲੋਂ  ਕਿਸਾਨਾਂ ਦੀ ਜ਼ਮੀਨ ਹਥਿਆਉਣ ਦੇ ਲਈ ਲੈਂਡ ਪੋਲਿੰਗ ਸਕੀਮ ਸ਼ੁਰੂ ਕੀਤੀ ਹੈ, ਜਿਸ ਦੇ ਵਿੱਚ ਪੰਜਾਬ ਦੀ ਕਈ ਹਜਾਰ ਏਕੜ ਜ਼ਮੀਨ ਅਕਵਾਇਰ ਕੀਤੀ ਜਾਣੀ ਹੈ। ਇਹ ਸਕੀਮ ਪੰਜਾਬ ਦੇ ਕਿਸਾਨਾਂ ਲਈ ਬੇਹੱਦ ਖਤਰਨਾਕ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਇਹ ਸਕੀਮ ਨੂੰ ਲਾਗੂ ਹੋਣ ਤੋਂ ਰੋਕਣ ਲਈ ਇੱਕ-ਮੁੱਠ ਹੋ ਕੇ ਲੜਨ ਦੀ ਲੋੜ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ ਜਰਨਲ ਸਕੱਤਰ (ਪੰਜਾਬ ਕਿਸਾਨ ਕਾਂਗਰਸ) ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਵੱਡੇ-ਵੱਡੇ ਸੁਫਨੇ ਦਿਖਾ ਕੇ ਲੁੱਟਣਾ ਚਾਹੁੰਦੀ ਹੈ। ਸਰਕਾਰ ਵੱਲੋਂ ਕਿਸਾਨ ਦੀ ਇਕ ਏਕੜ ਜ਼ਮੀਨ ਦੇ ਬਦਲੇ ਉਸ ਨੂੰ 1200 ਗਜ਼ ਦਾ ਪਲਾਟ ਦਿੱਤਾ ਜਾਣਾ ਹੈ। ਇਸ ਸਕੀਮ ਦੇ ਅਧੀਨ ਕਿਸਾਨ ਕੋਲੋਂ ਪ੍ਰਤੀ- ਏਕੜ ਲੱਖਾਂ ਰੁਪਏ ਹਿਸਾਬ ਨਾਲ ਚਾਰਜ ਫੀਸ ਵੀ ਲਈ ਜਾਵੇਗੀ। ਇਸ ਲਈ ਜੇਕਰ ਲੈਂਡ ਪੋਲਿੰਗ ਸਕੀਮ ਲਾਗੂ ਹੁੰਦੀ ਹੈ ਤਾਂ ਕਿਸਾਨ ਦੇ ਕੋਲ ਨਾ ਹੀ ਜ਼ਮੀਨ ਬਚੇਗੀ ਅਤੇ ਨਾ ਹੀ ਉਸ ਕੋਲ ਪੈਸਾ ਰਹੇਗਾ।
ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਦਾਅਵਾ ਕਰ ਰਹੀ ਹੈ ਕਿ ਇਸ ਸਕੀਮ ਅਧੀਨ ਜੇਕਰ ਕਿਸਾਨ ਆਪਣੀ ਖੁਸ਼ੀ ਨਾਲ ਜ਼ਮੀਨ ਦੇ ਰਿਹਾ ਹੈ ਤਾਂ ਠੀਕ ਨਹੀਂ ਤਾਂ ਅਸੀਂ ਕਿਸੇ ਵੀ ਕਿਸਾਨ ਦੇ ਉੱਤੇ ਕਿਸੇ ਤਰ੍ਹਾਂ ਦਾ ਦਬਾਉ ਨਹੀਂ ਬਣਾ ਰਹੇ ਹਾਂ। ਦੂਜੇ ਪਾਸੇ ਜਿਹੜੇ ਕਿਸਾਨ ਇਸ ਸਕੀਮ ਨੂੰ ਅਪਣਾਉਣ ਤੋਂ ਮਨ੍ਹਾਂ ਕਰ ਰਹੇ ਹਨ, ਉਹਨਾਂ ਦੀ ਜ਼ਮੀਨ ਨੂੰ ਮਾਰਕ ਕੀਤਾ ਜਾ ਰਿਹਾ। ਜੇਕਰ ਕੱਲ੍ਹ ਨੂੰ ਉਹ ਕਿਸੇ ਤਰ੍ਹਾਂ ਦੀ ਲਿਮਿਟ ਜਾਂ ਲੋਨ ਲੈਣ ਦੀ ਕੋਸ਼ਿਸ਼ ਕਰਨਗੇ ਤਾਂ ਉਹਨਾਂ ਦੇ ਅੱਗੇ ਕਈ ਮੁਸ਼ਕਲਾਂ ਆਉਣਗੀਆਂ। ਇਸ ਦੇ ਨਾਲ ਹੀ ਉਹਨਾਂ ਚਿੰਤਾ ਜਤਾਉਂਦਿਆ ਕਿਹਾ ਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਵਾਹੀਯੋਗ ਬੇਹੱਦ ਘੱਟ ਜ਼ਮੀਨ ਰਹਿ ਗਈ, ਜੇਕਰ ਹੁਣ ਇਸ ਤਰ੍ਹਾਂ ਦੀਆਂ ਸਕੀਮਾਂ ਸਰਕਾਰ ਲਾਗੂ ਕਰੇਗੀ ਤਾਂ ਖਾਣ ਲਈ ਅਨਾਜ ਕਿੱਥੋਂ ਪੈਦਾ ਕੀਤਾ ਜਾਵੇਗਾ? ਇਸ ਲਈ ਇਹ ਸਕੀਮ ਬੇਹਦ ਖਤਰਨਾਕ ਹੈ, ਇਸ ਨੂੰ ਹਰ ਹਾਲ ਦੇ ਵਿੱਚ ਰੱਦ ਕਰਵਾਉਣਾ ਪਵੇਗਾ। ਇਸ ਲਈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕਰਨ।