ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 8 ਅਗਸਤ:
ਸਾਥੀ ਬਲਵਿੰਦਰ ਸਿੰਘ ਦੇ ਉੱਦਮ ਸਦਕਾ ‘ਉੱਤਮ ਰੈਸਟੋਰੈਂਟ’, ਸੈਕਟਰ 46 ਚੰਡੀਗੜ੍ਹ ਵਿਖੇ ਪਰਵਾਸੀ ਸਾਹਿਤਕਾਰ ਪ੍ਰੋ. ਹਰਭਜਨ ਸਿੰਘ ਦੀ ਨਵੀਂ ਪੁਸਤਕ ‘ਸੁਰਖ ਰਾਹਾਂ ਦੀਆਂ ਸਿਮਰਤੀਆਂ’ ਲੋਕ ਅਰਪਤ ਕੀਤੀ ਗਈ। ਲੇਖਕ ਦੀ ਗੈਰ-ਹਾਜ਼ਰੀ ਵਿੱਚ ਡਾਕਟਰ ਲਾਭ ਸਿੰਘ ਖੀਵਾ, ਗੁਰਦੇਵ ਚੌਹਾਨ, ਸ਼ਾਮ ਸਿੰਘ ਅੰਗ ਸੰਗ, ਗੁਲ ਚੌਹਾਨ, ਐਡਵੋਕੇਟ ਪਰਮਿੰਦਰ ਸਿੰਘ, ਢਾਹਾਂ ਅਵਾਰਡੀ ਬਲੀਜੀਤ, ਪਰਮਜੀਤ ਮਾਨ ਤੇ ਹੋਰ ਸਾਹਿਤ ਪ੍ਰੇਮੀਆਂ ਦੇ ਕਾਫਲੇ ਨੇ ਮੋਢੇ ਨਾਲ ਮੋਢਾ ਜੋੜ ਕੇ ਪ੍ਰੋ.


ਹਰਭਜਨ ਸਿੰਘ ਦੀ ਸਾਹਿਤਕ ਯਾਤਰਾ ਦਾ ਆਨੰਦ ਮਾਣਿਆ। ਕਾਲਾ ਸੰਘਾ, ਕਪੂਰਥਲਾ ਤੋਂ ਚੱਲੇ ਪ੍ਰੋ. ਹਰਭਜਨ ਸਿੰਘ ਅੱਜ ਕੱਲ੍ਹ ਰਿੱਜ ਕਰੀਕ ਲੇਨ, ਪੈਟਰਸਨ ਯੂਐਸਏ ਰਹਿੰਦੇ ਹਨ। ਨਵੀਂ ਛਪੀ ਪੁਸਤਕ ‘ਸੁਰਖ ਰਾਹਾਂ ਦੀਆਂ ਸਿਮਰਤੀਆਂ’ ‘ਚ ਉਹਨਾਂ ਆਪਦੀ ਜੀਵਨ ਯਾਤਰਾ ਨੂੰ ਅੱਖਰ, ਅੱਖਰ ਕਲਮ ਬੰਦ ਕੀਤਾ ਹੈ।
200 ਪੰਨਿਆ ‘ਚ ਫੈਲੀ ਇਹ ਜੀਵਨ ਯਾਤਰਾ ‘ਗਰੇਸ਼ੀਅਸ ਬੁਕਸ’ ਪਟਿਆਲਾ ਨੇ ਛਾਪੀ ਹੈ, ਜਿਸ ਵਿੱਚੋਂ ਪ੍ਰੋ. ਹਰਭਜਨ ਸਿੰਘ ਦੇ ਇਨਕਲਾਬੀ ਸੁਪਨਿਆਂ ਨੂੰ ਸਾਕਾਰ ਕਰਨ ਵਾਲਾ ਸੰਘਰਸ਼, ਜੀਵਨ ਪੌੜੀ ਦੀ ਉਤਰਾਈ, ਚੜ੍ਹਾਈ ਤੇ ਮਿਹਨਤਕਸ਼ ਲੋਕਾਈ ਦੀ ਮੁਕਤੀ ਲਈ ਤਮਾਮ ਵਲਵਲੇ ਦਰਜ ਨੇ।
ਸਾਥੀ ਬਲਵਿੰਦਰ ਸਿੰਘ ਉੱਤਮ ਨੇ ਖੁਲਾਸਾ ਕੀਤਾ ਕਿ ‘ਸੁਰਖ ਰਾਹਾਂ ਦੀਆਂ ਸਿਮਰਤੀਆਂ’ ਲਿਖਣ ਤੋਂ ਪਹਿਲਾਂ ਪ੍ਰੋ. ਹਰਭਜਨ ਸਿੰਘ, ਪੰਧ ਤੇ ਪੀੜਾ, ਸ਼ਬਦ ਸੁਪਨਾ ਤੇ ਸੰਗਰਾਮ, ਕਵਿਤਾ ਸੰਗ੍ਰਹਿ; ਹਲਫਨਾਮਾ, ਮੰਜ਼ਿਲ ਤੋਂ ਉਰੇ ਉਰੇ, ਬਿਨ ਸਿੰਗੇ ਸਾਨ, ਰੇਸ ਕਲਾਸ ਤੇ ਜੰਗ, ਰੂਹ ਉੱਤੇ ਉੱਕਰੇ ਚਿੱਤਰ, ਕਹਾਣੀ ਸੰਗ੍ਰਹਿ; ਜੋ ਹਾਰੇ ਨਹੀ, ਮਿੱਟੀ ਜਾਏ, ਵਿੰਗ ਤੜਿੰਗੇ ਰਾਹ, ਬਲਦੇ ਸਿਵਿਆਂ ਦਾ ਸੇਕ ਵਰਗੇ ਮਕਬੂਲ ਨਾਵਲ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾ ਚੁੱਕੇ ਹਨ। ਹੋਰ ਤੇ ਹੋਰ ਵਾਰਤਕ ਅਤੇ ਅਮਰੀਕੀ ਪੰਜਾਬੀ ਕਹਾਣੀ ਤੇ ਕਵਿਤਾ ਸੰਗ ਸੰਵਾਦ ਸਮੇਤ ਦਰਜਨਾਂ ਦੇ ਕਰੀਬ ਕਹਾਣੀ ਸੰਗ੍ਰਹਿ ਅਤੇ ਆਲੋਚਨਾ ਸੰਗ੍ਰਹਿ ਸੰਪਾਦਤ ਕਰਕੇ ਉਹ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਯਾਦਗਾਰੀ ਤੇ ਅਮਿੱਟ ਹਸਤਾਖਰ ਖੁਣ ਚੁਕੇ।

