ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 9 ਅਗਸਤ:
ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸੈਕਟਰ-42 ਦੇ ਕਮਿਊਨਿਟੀ ਸੈਂਟਰ ਵਿਖੇ ਇੱਕ ਸ਼ਾਨਦਾਰ ਸਾਹਿਤਕ ਮਿਲਣੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸ੍ਰੀ ਜਸਬੀਰ ਸਿੰਘ ਬੰਟੀ, ਸੀਨੀਅਰ ਡਿਪਟੀ ਮੇਅਰ ਚੰਡੀਗੜ੍ਹ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਸਮਾਗਮ ਦੀ ਪ੍ਰਧਾਨਗੀ ਸ੍ਰੀ ਰਾਜ ਕੁਮਾਰ ਸਾਹੋਵਾਲੀਆ, ਸਾਬਕਾ ਡਿਪਟੀ ਸੈਕਟਰੀ, ਪੰਜਾਬ ਸਰਕਾਰ ਵਲੋਂ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ, ਸ੍ਰੀ ਵਿਕਟਰ ਸਿੱਧੂ (ਬਿੱਟੂ) ਅਤੇ ਡਾ. ਪੰਨਾ ਲਾਲ ਮੁਸਤਫਾਬਾਦੀ ਸ਼ਾਮਲ ਸਨ। ਇਸ ਸਮਾਗਮ ਵਿੱਚ ਉੱਚ-ਕੋਟੀ ਦੇ ਕਵੀਆਂ ਅਤੇ ਗੀਤਕਾਰਾਂ ਨੇ ਭਾਗ ਲਿਆ।


ਸਮਾਗਮ ਦੀ ਆਰੰਭਤਾ ਸ੍ਰ. ਜਗਤਾਰ ਸਿੰਘ ਜੋਗ ਵਲੋਂ ਪ੍ਰਿੰ. ਗੋਸਲ ਰਚਿਤ ਗੀਤ ‘‘ਘਰ ਕਾਕੀ ਆਈ’’ ਬੁਲੰਦ ਆਵਾਜ਼ ਵਿੱਚ ਗਾ ਕੇ ਕੀਤਾ ਗਿਆ। ਇਸ ਉਪਰੰਤ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਮੁੱਖ ਮਹਿਮਾਨ ਅਤੇ ਦੂਜੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਮਹਿਮਾਨਾਂ ਨਾਲ ਜਾਣ- ਪਹਿਚਾਣ ਕਰਵਾਈ ਗਈ। ਉਹਨਾਂ ਨੇ ਦੱਸਿਆ ਕਿ ਅੱਜ ਦੇ ਸਮਾਗਮ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਮਾਗਮ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਨਵਾਂ ਮੁੱਢ ਬੰਨ੍ਹੇਗਾ ਅਤੇ ਸੰਸਥਾ ਵਲੋਂ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ ਸ੍ਰ. ਜਸਬੀਰ ਸਿੰਘ ਬੰਟੀ ਨੂੰ ਸਮਾਨਿਤ ਕੀਤਾ ਜਾਵੇਗਾ।
ਕਵੀ ਦਰਬਾਰ ਵਿੱਚ ਸ੍ਰ. ਦਲਬੀਰ ਸਿੰਘ ਸਰੋਆ ਵਲੋਂ ਰੱਖੜੀ ਦੇ ਤਿਉਹਾਰ ਦੀ ਸਾਰਥਿਕਤਾ ਬਾਰੇ ਆਪਣੀ ਇੱਕ ਰਚਨਾ ਸਾਂਝੀ ਕੀਤੀ ਗਈ। ਇਸ ਉਪਰੰਤ ਰਾਜਵਿੰਦਰ ਸਿੰਘ ਗੱਡੂ ਵਲੋਂ ਕਵਿਤਾ ਰਾਹੀਂ ਮਾਇਆ ਚੱਕਰ ਦੀਆਂ ਪਰਤਾਂ ਨੂੰ ਵਧੀਆ ਢੰਗ ਨਾਲ ਫਰੋਲਿਆ ਗਿਆ। ਗੀਤਕਾਰ ਭੁਪਿੰਦਰ ਸਿੰਘ ਭਾਗੋਮਾਜਰਾ ਨੇ ਲਾਰੀ ਦੀ ਗਾਥਾ ਵਧੀਆ ਅੰਦਾਜ਼ ਵਿੱਚ ਪੇਸ਼ ਕੀਤੀ। ਡਾ. ਪੰਨਾ ਲਾਲ ਮੁਸਤਫਾਬਾਦੀ ਵਲੋਂ ਇੱਕ ਸੁਨੇਹਾ ਭਰਪੂਰ ਰਚਨਾ “ਯਤੀਮ ਬੱਚੇ ਦੀ ਆਸ” ਨਾਲ ਕਵੀ ਦਰਬਾਰ ਦੀ ਫਿਜ਼ਾ ਵਿੱਚ ਰੰਗੀਨੀ ਭਰੀ। ਦਰਸ਼ਨ ਤਿਊਣਾ ਨੇ ਆਪਣੇ ਭਾਵਪੂਰਤ ਸ਼ੇਅਰਾਂ ਤੇ ਗੀਤ ਨਾਲ ਹਾਜ਼ਰੀ ਲਗਵਾਈ। ਸ੍ਰੀ ਰਾਜ ਕੁਮਾਰ ਸਾਹੋਵਾਲੀਆ ਵਲੋਂ ਇੱਕ ਨਵੇਲੀ ਸੇਧਆਤਮਕ ਰਚਨਾ “ਜੀਵਨ ਬਿਰਤੀ” ਪੇਸ਼ ਕੀਤੀ। ਵਿਕਟਰ ਸਿੱਧੂ (ਬਿੱਟੂ) ਨੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ, ਜਦੋਂਕਿ ਰਾਜ ਕੁਮਾਰ ਸ਼ਰਮਾ ਨੇ ਗੁਰਦਾਸ ਮਾਨ ਦੇ ਇਕ ਚਰਚਿੱਤ ਗੀਤ ਨੂੰ ਆਪਣੀ ਆਵਾਜ਼ ਵਿੱਚ ਪੇਸ਼ ਕਰਕੇ ਚੰਗਾ ਰੰਗ ਬੰਨ੍ਹਿਆ।
ਸਮਾਗਮ ਦੇ ਦੂਜੇ ਗੇੜ ਵਿਚ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਸੀਨੀਅਰ ਡਿਪਟੀ ਮੇਅਰ ਸ੍ਰ. ਜਸਬੀਰ ਸਿੰਘ ਬੰਟੀ ਨੂੰ ਇੱਕ ਸ਼ਾਲ, ਇੱਕ ਮੋਮੈਂਟੋ, ਗੋਲਡ ਮੈਡਲ, ਕਿਤਾਬਾਂ ਦਾ ਸੈੱਟ ਅਤੇ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਉਹਨਾਂ ਦਾ ਸਨਮਾਨ ਅੱਜ ਦੇ ਪ੍ਰਧਾਨਗੀ ਕਰ ਰਹੇ ਰਾਜ ਕੁਮਾਰ ਸਾਹੋਵਾਲੀਆ, ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ, ਡਾ. ਪੰਨਾ ਲਾਲ ਮੁਸਤਫਾਬਾਦੀ ਅਤੇ ਦੂਜੇ ਅਹੁਦੇਦਾਰਾਂ ਵਲੋਂ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸੰਸਥਾ ਦੇ ਪ੍ਰਧਾਨ ਬਹਾਦਰ ਸਿੰਘ ਗੋਸਲ ਨੇ ਜਿੱਥੇ ਸੀਨੀਅਰ ਡਿਪਟੀ ਮੇਅਰ ਨੂੰ ਵਧਾਈ ਦਿੱਤੀ, ਉੱਥੇ ਹੀ ਉਹਨਾਂ ਦੇ ਸਨਮੁੱਖ ਸੰਸਥਾ ਦੀਆਂ ਦੋ ਪ੍ਰਮੁੱਖ ਮੰਗਾਂ; ਐਮ.ਸੀ. ਚੰਡੀਗੜ੍ਹ ਦੇ ਸਮੂਹ ਦਫਤਰਾਂ ਵਿੱਚ ਪੰਜਾਬੀ ਦਾ ਪੁਰਜ਼ੋਰ ਪ੍ਰਚਾਰ ਅਤੇ ਪ੍ਰਸਾਰ ਕਰਨਾ, ਇਸ ਸਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਤੇ “ਹਿੰਦ ਦੀ ਚਾਦਰ ਟੀਚਰਜ਼ ਹੋਮ” ਦੀ ਸਥਾਪਨਾ ਕਰਨਾ ਅਤੇ ਇਸ ਦੇ ਨਾਲ ਹੀ ਵੱਡੇ ਸਮਾਗਮਾਂ ਦਾ ਆਰੰਭ ਕਰਨਾ ਆਦਿ ਰੱਖੀਆਂ ਗਈਆਂ। ਇਸ ਮੌਕੇ ਖੇਡ ਜਗਤ ਦੇ ਪ੍ਰਸਿੱਧ ਖਿਡਾਰੀ ਅੰਸ਼ ਸ਼ਰਮਾ ਵਲੋਂ ਰੋਲਰ ਸਕੇਟਿੰਗ ਵਿਚ ਸਾਊਥ ਕੋਰੀਆ ਵਿੱਚ ਹੋਈਆਂ ਏਸ਼ੀਅਨ ਗੇਮਾਂ ਵਿੱਚ ਗੋਲਡ ਮੈਡਲ ਹਾਸਿਲ ਕਰਨ ਦੀ ਉਪਲੱਬਧੀ ਨੂੰ ਮੁੱਖ ਰੱਖਦੇ ਹੋਏ ਸੰਸਥਾ ਵਲੋਂ ਗੋਲਡ ਮੈਡਲ, ਫੁੱਲਾਂ ਦੇ ਗੁਲਦਸਤੇ ਅਤੇ ਕਿਤਾਬਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਸੀਨੀਅਰ ਡਿਪਟੀ ਮੇਅਰ ਨੇ ਭਰੋਸਾ ਦਿੱਤਾ ਕਿ ਉਹ ਸੰਸਥਾ ਦੀਆਂ ਮੰਗਾਂ ਨਾਲ ਸਹਿਮਤ ਹਨ ਅਤੇ ਉਹ ਇਹਨਾਂ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਪੁਰਜ਼ੋਰ ਯਤਨ ਕਰਨਗੇ। ਸਮਾਗਮ ਦੀ ਪ੍ਰਧਾਨਗੀ ਕਰਨ ਵਾਲੇ ਰਾਜ ਕੁਮਾਰ ਸਾਹੋਵਾਲੀਆ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਵੱਖ-ਵੱਖ ਸ਼ਾਇਰਾਂ ਦੀਆਂ ਰਚਨਾਵਾਂ ਦੀ ਤਾਰੀਫ ਕਰਦੇ ਹੋਏ ਸੰਸਥਾ ਦੇ ਇਸ ਉਪਰਾਲੇ ਨੂੰ ਬਹੁਤ ਹੀ ਉਪਯੋਗੀ ਦੱਸਿਆ ਅਤੇ ਸੀਨੀਅਰ ਡਿਪਟੀ ਮੇਅਰ ਵਲੋਂ ਮੰਗਾਂ ਪ੍ਰਤੀ ਦਿਖਾਈ ਗਈ ਸੰਵੇਦਨਸ਼ੀਲਤਾ ਲਈ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਬਲਵਿੰਦਰ ਸਿੰਘ, ਅਮਨਪ੍ਰੀਤ ਕੌਰ ਫੂਡ ਇੰਸਪੈਕਟਰ, ਪਵਨ ਕੁਮਾਰ, ਗੁਰਸ਼ਰਨ ਮਾਨ, ਵਿਕਟਰ ਬਿੱਟੂ, ਸੰਨੀ, ਰਾਜੇਸ਼ ਸ਼ਰਮਾ ਅਤੇ ਮਨੋਹਰ ਲਾਲ ਸ਼ਾਮਲ ਸਨ। ਇਸ ਤਰਾਂ ਇਹ ਸਮਾਗਮ ਨਿਵੇਕਲੀਆਂ ਪੈੜਾਂ ਛੱਡਦਾ ਹੋਇਆ ਸੰਪਨ ਹੋਇਆ।
ਫੋਟੋ ਕੈਪਸ਼ਨ – ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ, ਰਾਜ ਕੁਮਾਰ ਸਾਹੋਵਾਲੀਆ ਅਤੇ ਦੂਜੇ ਅਹੁਦੇਦਾਰ, ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਦਾ ਸਨਮਾਨ ਕਰਦੇ ਹੋਏ।

