ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 15 ਅਗਸਤ:


ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਸੰਸਥਾ ਦੇ ਸੈਕਟਰ-41 (ਬਡਹੇੜੀ) ਚੰਡੀਗੜ੍ਹ ਵਿਖੇ ਆਜ਼ਾਦੀ ਦਾ ਦਿਵਸ ਮਨਾਉਣ ਸਬੰਧੀ ਇੱਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ, ਸਲਾਹਕਾਰ ਬਲਵਿੰਦਰ ਸਿੰਘ, ਆਦਿਤਿਆ, ਰਣਜੀਤ ਸਿੰਘ ਅਤੇ ਪਿੰਡ ਬਡਹੇੜੀ ਦੇ ਬਹੁਤ ਸਾਰੇ ਬੱਚੇ ਸ਼ਾਮਲ ਹੋਏ। ਬੱਚਿਆਂ ਵਲੋਂ ਦੇਸ਼ ਪਿਆਰ ਦੀਆਂ ਕਵਿਤਾਵਾਂ ਪੜ੍ਹ ਕੇ ਸੁਣਾਈਆਂ ਗਈਆਂ। ਇਸ ਮੌਕੇ ਪ੍ਰਿੰ. ਗੋਸਲ ਅਤੇ ਜਗਤਾਰ ਸਿੰਘ ਜੋਗ ਨੇ ਬੱਚਿਆਂ ਨੂੰ ਆਜ਼ਾਦੀ ਦਿਵਸ ਦੀ ਮਹੱਤਤਾ ਬਾਰੇ ਦੱਸਿਆ ਅਤੇ ਜ਼ਿੰਦਗੀ ਵਿੱਚ ਨਸ਼ਿਆਂ ਤੋਂ ਦੂਰ ਰਹਿ ਕੇ ਖੂਬ ਮਿਹਨਤ ਲਈ ਪ੍ਰੇਰਿਆ ਅਤੇ ਵੱਧ ਤੋਂ ਵੱਧ ਸਿੱਖਿਆ ਪ੍ਰਾਪਤ ਕਰਨ ਲਈ ਕਿਹਾ।
ਇਸ ਮੌਕੇ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਬਾਕੀ ਮਹਿਮਾਨਾਂ ਨਾਲ ਮਿਲ ਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਬੱਚਿਆਂ ਵਲੋਂ ਰਾਸ਼ਟਰੀ ਗਾਣ ਗਾਇਆ ਗਿਆ। ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ ਨੇ ਬੱਚਿਆਂ ਨੂੰ ਝੰਡੇ ਦਾ ਸਤਿਕਾਰ ਕਰਨ ਅਤੇ ਸਦਾ ਹੀ ਦੇਸ਼ ਪ੍ਰੇਮ ਦੀਆਂ ਕਵਿਤਾਵਾਂ ਪੜ੍ਹਨ ਲਈ ਕਿਹਾ। ਉਹਨਾਂ ਨੇ ਬੱਚਿਆਂ ਅਤੇ ਹਾਜ਼ਰ ਸ਼ਖਸ਼ੀਅਤਾਂ ਨੂੰ ਭਾਈਚਾਰਾ ਬਹਾਲ ਰੱਖਣ ਅਤੇ ਪ੍ਰੇਮ ਭਾਵਨਾ ਨਾਲ ਦੇਸ਼ ਦੀ ਉਨਤੀ ਕਰਨ ਲਈ ਕਿਹਾ। ਇਸ ਮੌਕੇ ਹਾਜ਼ਰ ਬੱਚਿਆਂ ਵਿੱਚ ਮਹੇਸ਼, ਪਿਊਸ਼, ਗੁਰਮਨ ਕੌਰ, ਅਮਨਦੀਪ ਸਿੰਘ, ਤਨੁਜ, ਸ਼ਿਵਮ, ਗੁਨਮੀਤ, ਰਾਜਵੀਰ ਅਤੇ ਆਯੂਸ ਵੀ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਆਜ਼ਾਦੀ ਦਿਵਸ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ।
ਫੋਟੋ ਕੈਪਸ਼ਨ – ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਸ੍ਰ. ਜਗਤਾਰ ਸਿੰਘ ਜੋਗ ਸੰਸਥਾ ਦੇ ਦਫਤਰ ਵਿਖੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦੇ ਹੋਏ ਨਾਲ ਖੜ੍ਹੇ ਹਨ ਬਹੁਤ ਸਾਰੇ ਬੱਚੇ।

